ਬਾਦਲਾਂ ਦੇ ਹਲਕੇ ‘ਚ ਭਾਜਪਾ ਵਾਲਿਆਂ ਨੇ ਕੀਤਾ ਅਜਿਹਾ ਕੰਮ ਕਿ ਦਲਜੀਤ ਸਿੰਘ ਚੀਮਾਂ ਨੇ ਵੀ ਦੇ ਤੀ ਅਕਾਲੀਆਂ ਨੂੰ ਖੁੱਲ੍ਹੀ ਛੁੱਟੀ ਫਿਰ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ‘ਤੇ ਉਤਾਰੂ ਹੋਏ ਅਕਾਲੀ ਭਾਜਪਾ ਵਾਲੇ ?

TeamGlobalPunjab
7 Min Read

ਚੰਡੀਗੜ੍ਹ : ਸਾਲ 2024 ਤੱਕ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣਾ ਮੈਂਬਰਸ਼ਿੱਪ ਅਭਿਆਨ ਚਲਾ ਕੇ ਬੜੀ ਤੇਜੀ ਨਾਲ ਜੜ੍ਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਤ ਇਹ ਹਨ  ਕਿ ਅਕਾਲੀ ਦਲ ਦੇ ਖਾਤੇ ‘ਚ ਆਉਣ ਵਾਲੇ 94 ਹਲਕਿਆਂ ਵਿੱਚ ਇਹ ਕੰਮ ਕਰਨ ਲੱਗਿਆਂ ਭਾਜਪਾ ਵਾਲੇ ਹੁਣ ਇਸ ਗੱਲ ਦੀ ਵੀ ਪ੍ਰਵਾਹ ਕਰਨੀ ਬੰਦ ਕਰ ਗਏ ਹਨ ਕਿ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਅਜਿਹਾ ਕੰਮ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਅਕਾਲੀਆਂ ਨਾਲ ਦਹਾਕਿਆਂ ਪੁਰਾਣੀ ਸਾਂਝ ਵੀ ਬੇੜੀ ਵੱਟੇ ਪੈ ਸਕਦੀ ਹੈ। ਜੀ ਹਾਂ ਇਹ ਗੱਲ ਸੋਲਾਂ ਆਨੇ ਸੱਚ ਹੈ ਤੇ ਸ਼ਾਇਦ ਇਸ ਗੱਲ ਦਾ ਅਹਿਸਾਸ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਵੀ ਭਲੀਭਾਂਤ ਹੋ ਚੁਕਾ ਹੈ ਤੇ ਇਹੋ ਕਾਰਨ ਹੈ ਕਿ ਅਕਾਲੀਆਂ ਨੇ ਵੀ, “ਹਮ ਭੀ ਕਿਸੇ ਸੇ ਕਮ ਨਹੀਂ” ਵਾਲਾ ਸਿਧਾਂਤ ਅਪਣਾਉਂਦਿਆਂ ਉਨ੍ਹਾਂ ਹਲਕਿਆਂ ਵਿੱਚ ਮੈਂਬਰਸ਼ਿੱਪ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਹਲਕੇ ਦੋਵਾਂ ਭਾਈਵਾਲ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਵੇਲੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਖਾਤੇ ਆਉਂਦੇ ਹਨ। ਕੁੱਲ ਮਿਲਾ ਕੇ ਇਨ੍ਹਾਂ ਦੋਵਾਂ ਪਾਰਟੀਆਂ  ਦੇ ਵੱਡੇ ਆਗੂ ਭਾਵੇਂ ਆਪੋ ਆਪਣੀਆਂ ਪਾਰਟੀਆਂ ਵੱਲੋਂ ਮੈਂਬਰਸ਼ਿੱਪ ਵਧਾਉਣ ਵਾਲੇ ਇਸ ਅਭਿਆਨ ਸਬੰਧੀ ਕੋਈ ਮਰਜੀ ਬਿਆਨ ਦੇਈ ਜਾਣ ਪਰ ਦੂਰ ਬੈਠੇ ਸਿਆਸੀ ਮਾਹਰ ਇਹ ਸਭ ਦੇਖ ਕੇ ਇਹ ਕਹਿਣੋਂ ਗੁਰੇਜ਼ ਨਹੀਂ ਕਰ ਰਹੇ ਕਿ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ‘ਤੇ ਉਤਾਰੂ ਹੋ ਗਈਆਂ ਹਨ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਇਸ ਵਰਤਾਰੇ ਨੂੰ ਮਾਹਰ ਭਾਜਪਾ ਦੀ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਵਾਲੀ ਨੀਤੀ ‘ਤੇ ਕੰਮ ਕਰਨਾ ਗਰਦਾਨ ਰਹੇ ਹਨ।

ਦੱਸ ਦਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਤੇ ਅਕਾਲੀ ਭਾਜਪਾ ਗੱਠਜੋੜ ਆਪਸੀ ਸਮਝੌਤੇ ਤਹਿਤ 94-23 ਦੀ ਵੰਡ ਨਾਲ ਚੋਣਾਂ ਲੜਦੇ ਆ ਰਹੇ ਹਨ। ਜਿਨ੍ਹਾਂ ਵਿੱਚੋਂ 94 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ 23 ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਆਪੋ ਆਪਣੀ ਕਿਸਮਤ ਅਜਮਾਉਂਦੇ ਹਨ। ਪਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ  ਵਾਲਿਆਂ ਨੇ ਅਕਾਲੀਆਂ ਕੋਲੋਂ ਆਪਣੀਆਂ ਸੀਟਾਂ ਦਾ ਕੋਟਾ ਵਧਾਏ ਜਾਣ ਦੀ ਮੰਗ ਕੀਤੀ ਸੀ। ਉਸ ਵੇਲੇ ਤਾਂ ਇੱਕ ਵਾਰ ਸਿਆਸੀ ਹਾਲਾਤ ਇਹ ਬਣ ਗਏ ਸਨ ਕਿ ਇਨ੍ਹਾਂ ਦਾ ਆਪਸੀ ਰੌਲਾ ਦੇਖ ਕੇ ਇਹ ਗੱਲਾਂ ਮੀਡੀਆ ਦੀਆਂ ਸੁਰਖੀਆਂ ਬਣਨ ਲੱਗ ਪਈਆਂ ਸਨ ਕਿ ਅਕਾਲੀ ਭਾਜਪਾ ਵਾਲਿਆਂ ਦਾ ਇਹ ਗੱਠਜੋੜ ਟੁੱਟ ਜਾਵੇਗਾ ਤੇ ਇਹ ਦੋਵੇਂ ਪਾਰਟੀਆਂ ਵੱਖਰੇ ਤੌਰ ‘ਤੇ ਚੋਣ ਲੜਨਗੀਆਂ। ਪਰ ਜਿਵੇਂ ਕਿਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਅਕਾਲੀ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਸੀ ਸਹਿਮਤੀ ਨਾਲ ਇਸ ਗੱਠਜੋੜ ਨੂੰ ਬਚਾ ਲਿਆ। ਪਰ ਜੋ ਹਾਲਾਤ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜੇ ਦੇਖ ਕੇ ਬਣੇ ਹਨ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੀਆਂ  2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਇਸ ਵਾਰ ਲੜਾਈ ਹਰ ਹਾਲਤ ਵਿੱਚ ਫੈਸਲਾਕੁਣ ਦੌਰ ‘ਚ ਪਹੁੰਚੇਗੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ  ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ  10 ਸੀਟਾਂ ਦੇ ਖਾਤੇ ਵਿੱਚੋਂ 8 ਸੀਟਾਂ ਹਾਰਿਆ ਹੈ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ ਆਪਣੀਆਂ 3 ਸੀਟਾਂ ਦੇ ਖਾਤੇ ਵਿੱਚੋਂ 2 ਸੀਟਾਂ ਜਿੱਤੇ ਹਨ ਤੇ ਇਸ ਤੋਂ ਵੀ ਵੱਡੀ ਗੱਲ ਇਹ ਰਹੀ  ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਇਹ ਗੱਲ ਖੁਦ ਮੰਨੇ ਹਨ ਕਿ ਸ਼ਹਿਰਾਂ ਅੰਦਰ ਉਨ੍ਹਾਂ ਦੀ ਪਾਰਟੀ ਨੂੰ ਜਿਹੜੀ ਵੋਟ ਪਈ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹ ਨੂੰ ਪਈ ਹੈ। ਲਿਹਾਜਾ ਭਾਜਪਾ  ਵਾਲਿਆਂ ਦਾ ਇਹ ਦਾਅਵਾ ਕਰਨਾ ਕਿ ਉਨ੍ਹਾਂ ਦਾ ਅਧਾਰ ਪੰਜਾਬ ਵਿੱਚ ਮਜ਼ਬੂਤ ਹੋਇਆ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਸਾਰੇ ਹਾਲਾਤਾਂ ਦੀ ਰੌਸ਼ਨੀ ਅੰਦਰ ਇੱਕ ਸੱਚਾਈ ਇਹ ਵੀ ਸੀ ਕਿ ਭਾਜਪਾ ਵਾਲਿਆਂ ਦੀ ਸ਼ਹਿਰਾਂ ਅੰਦਰ ਮੈਂਬਰਸ਼ਿੱਪ ਉਸ ਪੱਧਰ ‘ਤੇ ਨਹੀਂ ਸੀ ਜਿਸ ਪੱਧਰ ‘ ਤੇ ਉਨ੍ਹਾਂ ਨੂੰ ਵੋਟਾਂ ਪਈਆਂ ਸਨ ਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਮੈਂਬਰਸ਼ਿੱਪ ਵਧਾਉਣ ਦੀ ਇਹ ਮੁਹਿੰਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿੱਚੋਂ ਸ਼ੁਰੂ ਕੀਤੀ ਜਿਹੜੀ ਕਿ ਅਕਾਲੀਆਂ ਨੂੰ ਹਜ਼ਮ ਨਹੀਂ ਹੋਈ ਤੇ ਉਨ੍ਹਾਂ ਨੇ ਆਪਣੀ ਮੈਂਬਰਸ਼ਿੱਪ ਵਧਾਉਣ ਲਈ ਮੁਹਿੰਮ ਭਾਜਪਾ ਵਾਲਿਆਂ ਦੇ ਹਲਕਿਆਂ ਵਿੱਚ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਇੰਝ ਮੈਂਬਰਸ਼ਿੱਪ ਵਧਾਉਣ ਵਾਲੀ ਇਹ ਮੁਹਿੰਮ ਦਾਤੀ ਦਾ ਰੂਪ ਧਾਰਨ ਕਰਕੇ ਦੋਵਾਂ ਪਾਰਟੀਆਂ ਦੀਆਂ ਜੜ੍ਹਾਂ ਵਿੱਚ ਫਿਰਨੀ ਸ਼ੁਰੂ ਹੋ ਗਈ।

ਇਸ ਸਬੰਧੀ ਵਿੱਚ ਗਲੋਬਲ ਪੰਜਾਬ ਟੀਵੀ ਵੱਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਵਿੱਚ ਮੈਂਬਰਸ਼ਿੱਪ ਅਭਿਆਨ ਚਲਾ ਰਹੇ ਹਨ ਤਾਂ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਦੋਵਾਂ ਪਾਰਟੀਆਂ ਨੂੰ ਹੀ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੈਂਬਰਸ਼ਿੱਪ ਅਭਿਆਨ ਚਲਾਉਣ ਦਾ ਹਰ ਪਾਰਟੀ ਨੂੰ ਕਨੂੰਨੀ ਅਧਿਕਾਰ ਹੈ। ਇਸ ਮੌਕੇ ਚੀਮਾਂ ਨੇ ਇਸ ਗੱਲ ਨੂੰ ਅਜੇ ਭਵਿੱਖ ਦੇ ਗਰਭ ਵਿੱਚ ਗਰਦਾਨਿਆ ਕਿ ਮੈਂਬਰਸ਼ਿੱਪ ਵਧਣ ਨਾਲ ਸਾਲ 2022 ਦੀਆਂ ਵਿਧਾਨ ਸਭਾ ਚੌਣਾ ਦੌਰਾਨ ਭਾਜਪਾ ਵਾਲੇ ਵਧ ਸੀਟਾਂ ਦੀ ਮੰਗ ਕਰ ਸਕਦੇ ਹਨ।

- Advertisement -

ਇੱਧਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਬੁਲਾਰੇ ਹਰਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਵੀ ਇਹੋ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੈਂਬਰਸ਼ਿੱਪ ਵਧਾਉਣ ਦਾ ਪੂਰਾ ਅਧਿਕਾਰੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਵੱਲੋਂ ਚਲਾਏ ਜਾ ਰਹੇ ਮੈਂਬਰਸ਼ਿੱਪ ਅਭਿਆਨ ਦਾ ਦੋਵਾਂ ਹੀ ਪਾਰਟੀਆਂ ਨੂੰ ਫਾਇਦਾ ਹੋਵੇਗਾ ਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਦੋਵਾਂ ਦੀਆਂ ਵੋਟਾਂ ਗੱਠਜੋੜ ਨੂੰ ਕੰਮ ਆਉਣਗੀਆਂ। 2022 ਦੀਆਂ ਚੋਣਾਂ ਮੌਕੇ ਦੀ ਸੀਟਾਂ ਦੀ ਵੰਡ ਜਾਂ ਗੱਠਜੋੜ ਵਧਾਉਣ ਸਬੰਧੀ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ ਨਾ ਕਿ ਸੂਬੇ ਦੀ ਬਾਡੀ ਨੇ। ਉਨ੍ਹਾਂ ਕਿਹਾ ਕਿ ਫਿਲਹਾਲ ਅਕਾਲੀ ਭਾਜਪਾ ਗੱਠਜੋੜ ਨੂੰ ਕਿਸੇ ਪਾਸੋਂ ਕੋਈ ਖਤਰਾ ਨਹੀਂ ਹੈ।

 

Share this Article
Leave a comment