Home / ਓਪੀਨੀਅਨ / ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ

ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ

-ਅਵਤਾਰ ਸਿੰਘ

 

ਪੰਜਾਬੀ ਕਵੀ, ਲੇਖਕ, ਵਿਦਵਾਨ ਤੇ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਦਾ ਜਨਮ ਦੀਵਾਨ ਕੌੜਾ ਮਲ ਦੇ ਘਰਾਣੇ ਨਾਲ ਸਬੰਧਤ ਪਰਿਵਾਰ ਵਿੱਚ ਚਰਨ ਸਿੰਘ ਦੇ ਘਰ 5 ਦਸੰਬਰ 1872 ਨੂੰ ਅੰਮਿ੍ਤਸਰ ਵਿੱਚ ਹੋਇਆ। ਉਨ੍ਹਾਂ 1892 ਵਿੱਚ ਵਜੀਰ ਸਿੰਘ ਨਾਲ ਰਲ ਕੇ ‘ਵਜੀਰ ਹਿੰਦ ਪਰੈਸ’ ਚਲਾਈ। ਉਨ੍ਹਾਂ 1899 ਵਿੱਚ ਹਫ਼ਤਾਵਾਰੀ ਅਖਬਾਰ ਚਲਾਇਆ। ਆਪ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਉਰਦੂ ਤੇ ਫਾਰਸੀ ਵੀ ਜਾਣਦੇ ਸਨ।

ਉਨ੍ਹਾਂ ਛੋਟੀ ਕਵਿਤਾ ਤੋਂ ਲੈ ਕੇ ਮਹਾਂ ਕਾਵਿ ਤੱਕ, ਨਾਵਲ, ਸਾਖੀਆਂ, ਨਾਟਕ ਇਤਿਹਾਸ ਜੀਵਨੀਆਂ, ਲੇਖ, ਸਾਖੀਆਂ ਆਦਿ ਲਿਖੇ। ਉਨ੍ਹਾਂ ਪ੍ਰਸਿੱਧ ਰਚਨਾਵਾਂ ਬਾਰਹਮਾਂਹ, ਸੁੰਦਰੀ, ਬਿਜਲੀ ਸਿੰਘ, ਸਤਵੰਤ ਕੌਰ, ਨੌਧ ਸਿੰਘ, ਰਾਣਾ ਭੋਰਾ, ਰਾਣਾ ਸੂਰਤ ਸਿੰਘ ਆਦਿ ਹਨ।

ਕੰਤ ਮਹੇਲੀ-ਬਾਰਾਂਮਾਹ ਚੇਤ ਚੜ੍ਹ ਪਿਆ ਚੇਤਰ ਸੁਹਾਵਾ, ਮਿੱਠੀਆਂ ਵਗਣ ਹਵਾਈਂ, ਬਾਗ਼ੀਂ ਖਿੜੀਆਂ ਬਹਾਰਾਂ, ਖ਼ੁਸ਼ੀਆਂ ਡੁਲ੍ਹ ਡੁਲ੍ਹ ਪਈਆਂ।

ਕੰਤੇ ਆਣ ਸੁਣਾਈ ਕੋਈ ਕੂਚ ਤਿਆਰੀ, ਉਡ ਗਏ ਹੱਥਾਂ ਦੇ ਤੋਤੇ, ਦਿਲ ਦੀਆਂ ਦਿਲ ਵਿਚ ਰਹੀਆਂ।

ਹਾਏ ! ਚੇਤਰ ਮਹੀਨੇ ਕੰਤੇ ਕੀਤੀ ਤਿਆਰੀ; ਲੀਤੇ ਤਰਲੇ ਬਥੇਰੇ ਪੇਸ਼ ਕੋਈ ਨ ਗਈਆ।

ਚੜ੍ਹ ਪਯਾ ਘੋੜੇ ਤੇ ਮਾਹੀ ਬਣਕੇ ਢੋਲ ਸਿਪਾਹੀ, ਤੁਰ ਗਯਾ ਦੂਰ ਮੁਹਿੰਮੀਂ, ਮੈਂ ਵਿਚ ਡੋਬਾਂ ਦੇ ਪਈਆਂ।

ਵਿਸਾਖ ਰੋਂਦਿਆਂ ਆ ਗਈ ਵਿਸਾਖੀ ਸਾਨੂੰ ਚਾਉ ਨ ਕੋਈ, ਘਰ ਘਰ ਸੀਰੇ ਤੇ ਮੰਡੇ, ਚੁਲ੍ਹੇ ਅੱਗ ਨ ਪਈਆ।

ਜੇਠ ਚੜ੍ਹ ਪਿਆ ਜੇਠ, ਵੇ ਕੰਤਾ ! ਸੀ ਤਪੀਆਂ ਭੋਆਂ ਤੇ ਵਾਵਾਂ, ਅੰਦਰ ਧੁਖਦਾ ਵਿਛੋੜੇ, ਸੇਜੇ ਲੁਛ ਲੁਛ ਰਹੀਆਂ।

ਲੋਆਂ ਮੈਨੂੰ ਚਾ ਘੱਲੀਂ, ਜੇਠਾ ! ਅਰਜ਼ਾਂ ਹਾਂ ਕਰਦੀ, ਤੱਤੀ ਵਾਉ ਦਾ ਝੋਲਾ ਲੱਗੇ ਸਾਈਂ ਨ ਦੇਹੀਆਂ।

ਹਾੜ੍ਹ ਚੜ੍ਹਿਆ ਹਾੜ੍ਹੋਂ ਮਹੀਨਾ, ਬਾਰਾਂ ਭੱਠ ਤਪੇਂਦੇ, ਲੌਂਦੇ ਕਾਵਾਂ ਤੇ ਚਿੜੀਆਂ, ਮੈਂ ਵਧ ਸਹਿਕਦੀ ਪਈਆਂ। ਹਿਕ ਦੁਖ ਅਪਣਾ ਵਿਛੋੜਾ, ਦੂਜੇ ਮਾਹੀ ਦੀ ਚਿੰਤਾ, ਘੁੱਟ ਸਬਰਾਂ ਦੇ ਪੀ ਪੀ, ਵਿਚ ਹਾਵਯਾਂ ਦੇ ਪਈਆਂ।

ਤੇਰੇ ਵੀਰਾਂ ਤੇ ਛਾਤੇ, ਜਦੋਂ ਜਾਂਦੇ ਨੀ ਧੁੱਪੇ, ਤੈਨੂੰ ਤੁਰਦਯਾਂ ਨੂੰ ਛਤਰੀ ਕਾਹਨੂੰ ਲੈ ਮੈਂ ਨ ਦਈਆ।

ਸੂਰਜ ! ਤਪੀਓ ਨ ਓਥੇ ਜਿੱਥੇ ਪੀਆ ਗਿਆ ਵੇ। ਲੂਓ! ਠੰਢੀਆਂ ਹੋ ਵਗਣਾ ਜਿਥੇ ਜਿੰਦੀ ਮੈਂ ਗਈਆਂ।

ਛਾਇਆ ਮਿਹਰਾਂ ਦੀ ਪਾਈਂ, ਮੇਰੇ ਸੁਹਣਿਆਂ ਰੱਬਾ! ‘ਮਾਹੀ-ਦੇਸ਼’ ਜੇ ਗਰਮੀ ਪੈਂਦੀ ਲੈ ਲੈ ਕੇ ਝਈਆਂ।

ਸਾਵਣ ਚੜ੍ਹਿਆ ਸਾਵਣ ਮਹੀਨਾ, ਸਹੀਆਂ ਪੀਂਘਾਂ ਨੇ ਪਾਈਆਂ। ਸੂਲਾਂ ਵੱਜਣ ਕਲੇਜੇ, ਝਿੱਕੀ ਮੰਜੀ ਤੇ ਪਈਆਂ। ਸਹੀਆਂ ਟੁੰਬਦੀਆਂ ਆ ਆ ‘ਉਠ ਨੀ ਸਾਵੇਂ ਨੀ ਆਏ’ ; ਅਨੀਓ ! ਮਾਹੀ ਵਿਹੂਣੀ ਦੁੱਖਾਂ ਮਾਰ ਮੁਕਈਆਂ।

ਟੁਰ ਗਿਆ ਦੇਸ ਬਿਦੇਸੀਂ ਛੱਡ ਕੇ ਹਾਇ ਇਕੱਲੀ ; ਰੋ ਰੋ ਹੋਈ ਹਾਂ ਝੱਲੀ ਜੀਉਂਦੀ ਕਾਹਨੂੰ ਹਾਂ ਰਹੀਆਂ।

ਭਾਦਰੋਂ ਆ ਗਿਆ ਭਾਦੋਂ ਮਹੀਨਾ ਰਾਤਾਂ ਕਾਲੀਆਂ ਆਈਆਂ, ਉਠਦੇ ਬੱਦਲ ਬੀ ਕਾਲੇ, ਕੜਕਾਂ ਬਿਜਲੀ ਦੀਆਂ ਪਈਆਂ।

ਤੈਨੂੰ ਸਾਂਈਂ ਦੀਆਂ ਰੱਖਾਂ, ਜਿਥੇ ਹੋਵੇਂ ਤੂੰ ਕੰਤਾ! ਹੁਣ ਪਰ ਮੋੜ ਮੁਹਾਰਾਂ, ਮਾਰ ਦਰਦਾਂ ਨੇ ਲਈਆਂ।

ਅੱਸੂ ਚੜ੍ਹਿਆ ਅੱਸੂ ਮਹੀਨਾ, ਰਾਤਾਂ ਠਰਦੀਆਂ ਜਾਵਣ, ਧੁੱਪਾਂ ਡਾਢੀਆਂ ਦਿਨ ਨੂੰ, ਤੇਰੇ ਫਿਕਰੀਂ ਮੈਂ ਪਈਆਂ।

ਜੇੜ੍ਹੇ ਦੇਸੀਂ ਮੈਂ ਮਾਹੀ ਸ਼ਾਲਾ ਧੁੱਪਾਂ ਨ ਪਾਵੀਂ ! ਮਾਹੀਆ ! ਮੋੜ ਲੈ ਵਾਗਾਂ, ਸਾਰੀ ਸਦਕੇ ਹੋ ਰਹੀਆਂ।

ਆਜਾ ਆਜਾ ਵੇ ਕੰਤਾ ! ਆ ਕੇ ਦੇਖ ਪਿਆਰੀ ਤੇਰੇ ਗ਼ਮ ਨੇ ਨਿਚੋੜੀ ਰੱਤੀ ਰੱਤ ਨ ਰਹੀਆਂ।

ਕੱਤਕ ਚੜ੍ਹਿਆ ਕੱਤਕ ਮਹੀਨਾ ਘਰ ਘਰ ਜਗਦੇ ਨੇ ਦੀਵੇ ; ਰੋ ਰੋ ਭਿਜਦੀ ਏ ਅੰਗੀ ਤਾਨ੍ਹੇ ਦੇਂਦੀਆਂ ਸਹੀਆਂ।

‘ਤੇਰਾ ਕੰਤ ਅਨੋਖਾ ਨੀ ਪਰਦੇਸ ਗਿਆ ਏ ! ਕਈਆਂ ਹੋਰਾਂ ਦੇ ਗਏ ਨੇ ਖੇਡਣ ਸਾਰੀਆਂ ਪਈਆਂ’।

ਕਿਸ ਨੂੰ ਆਖ ਸੁਣਾਵਾਂ, ਮੇਰੀ ਪ੍ਰੀਤਿ ਅਵੱਲੀ, ਵਿੱਛੜ ਜੀਉ ਹੀ ਨ ਸੱਕਾਂ, ਦਿੱਸਦੀ ਜਿਉਂਦੀ ਕਿਉਂ ਪਈਆਂ ।

ਸੁਹਣੀ ਰੁੱਤ ਗੁਲਾਬੀ ਖਾਵਣ ਪੀਵਣ ਹੰਢਾਵਣ ਭਾਵੇਂ ਸਭ ਕੁਝ ਚੰਗੇਰਾ ਮਾਣਨ ਸਾਰੀਆਂ ਸਹੀਆਂ।

ਮੈਨੂੰ ਭਾਵੇ ਨ ਮੂਲੋਂ ਬਾਝੋਂ ਕੰਤ ਪਿਆਰੇ, ਖਿੱਚਾਂ ਪੈਣ ਅਗੰਮੀ, ਹੂਲਾਂ ਹੌਲਾਂ ਖਾ ਗਈਆਂ।

ਮੱਘਰ ਰੋਂਦਿਆਂ ਮੱਘਰ ਆ ਪਹੁੰਚਾ, ਰੁੱਤਾਂ ਠੰਢੀਆਂ ਆਈਆਂ, ਭ੍ਰਾਏ ਲੇਫ ਤੁਲਾਈਆਂ ਕੰਤਾਂ ਵਾਲੀਆਂ ਸਹੀਆਂ। ਢੱਠੀ ਕੂੰਜ ਜਿਉਂ ਡਾਰੋਂ, ਆਪਣੇ ਕੰਤੋਂ ਵਿਛੁੰਨੀ ਲੁੱਛਾਂ ਤੜਫਾਂ ਤੇ ਲੁੱਛਾਂ ਕੂਕਾਂ ਕੂਕ ਕੁਰਲਈਆਂ।

ਪੋਹ ਆਇਆ ਪੋਹ ਦਾ ਮਹੀਨਾ, ਰੋ ਰੋ ਭਿੱਜੇ ਨੀ ਭੋਛਣ। ਪਾਲਾ ਭੰਨਦਾ ਏ ਹੱਡ ਹੁਣ, ਜਿੰਦਾਂ ਸੂਸਦੀਆਂ ਪਈਆਂ।

ਕੇਹੜੇ ਦੇਸ ਗਿਓਂ ਵੇ ! ਛੱਡ ਕੇ ਹਾਇ ਇਕੱਲੀ ! ਆਪੂੰ ਕੀਹ ਪਿਆ ਕਰਨੈਂ ? ਕੋਈ ਸਾਰ ਨ ਪਈਆ।

ਪੋਹ ਦੀਆਂ ਬੀਤਣ ਨ ਰਾਤਾਂ ਲੰਮੀਆਂ ਪੰਧ ਪਹਾੜੀਂ, ਦਿੱਸਣ ਚੰਦ ਨ ਤਾਰੇ, ਡਰ ਡਰ ਉਠਦੀ ਹਾਂ ਪਈਆਂ।

ਸਹੀਆਂ ਸੱਦਣੇ ਆਈਆਂ : ‘ਚੱਲ ਨੀ ਲੋਹੀ ਵਿਖਾਈਏ ਗੰਨੇ ਵੇਖ ਨੀ ਚਲਦੇ ਠਾਹ ਠਾਹ ਗੋਲੀ ਦੀ ਠਹੀਆਂ । ਪਾਲਾ ਮਾਰ ਮੁਕਾਈਏ, ਪੋਹ ਨੂੰ ਖੋਹ ਕੇ ਭਜਾਈਏ ਸਾਰੇ ਫੂਕ ਕੇ ਚਰਖੇ ਨਿੱਘਾਂ ਮੋੜ ਲਿਅਈਆਂ’।

ਕੰਤ ! ਤੇਰੇ ਬਿਨਾਂ ਹੈ ਸੁੰਞਾ ਵੇਹੜਾ ਤੇ ਖੇੜਾ, ਹੋਇਆ ਦੇਸ਼ ਬਿਗਾਨਾ, ਵਿਛੜੀ ਵਿਲਪਦੀ ਪਈਆਂ।

ਹਾਏ, ਕੰਤਾ ਪਿਆਰੇ ! ਮੈਂ ਬਿਨ ਤੈਨੂੰ, ਮੈਂ ਸਾਈਆਂ ! ਕਦੇ ਓਦਰ ਉਦਾਸੀ ਦੱਸ ਪਈਆ ਨ ਪਈਆ?

ਮਾਘ ਚੜ੍ਹ ਪਿਆ ਮਾਘੋਂ ਮਹੀਨਾ ਸੁੱਕੇ ਨੈਣ ਨ ਸਾਡੇ ਬੱਦਲ ਭਰਿਆਂ ਦੇ ਵਾਂਙੂ,ਅੱਖਾਂ ਭਰੀਆਂ ਹੀ ਰਹੀਆਂ।

ਝਾੜੇ ਪਾਲੇ ਨੇ ਖੰਭ ਨੇ ਰੁੱਤਾਂ ਨ੍ਹਾਵਣ ਦੀ ਆਈਆਂ ਬੇਲਾਂ ਬੂਟਯਾਂ ਦੀਆਂ ਅੱਖਾਂ ਹੁਣ ਤਾਂ ਭਰ ਭਰ ਆਈਆਂ।

ਐਪਰ ਰੋਇਆ ‘ਵਿਛੋੜਾ’ ਸਾਡਾ ਅੱਖੀਂ ਨ ਭਰਕੇ, ਨੈਣ ਸੁਕਦੇ ਨ ਸਾਡੇ ਰੋਂਦੀ ਬੁੱਕੀਂ ਹਾਂ ਰਹੀਆਂ।

ਸੁਕ ਸੁਕ ਹੋਈ ਹਾਂ ਤੀਲਾ, ਆ ਕੇ ਵੇਖ ਖਾਂ ਕੰਤਾ ! ਤੇਰੇ ਬਾਝੋਂ ਪਿਆਰੇ ! ਹੁਣ ਤਾਂ ਮੁੱਕੀ ਹੀ ਪਈਆਂ। ਆ ਕੇ ਵੇਖ ਖਾਂ ਬੂਟਾ ਛੱਡ ਗੁਲਾਬ ਗਿਓਂ ਵੇ, ਰਹਿ ਗਈ ਸੁੱਕੀ ਏ ਡਾਲੀ ਸਾਰੀ ਝੰਬੀ ਮੈਂ ਪਈਆਂ।

ਫੱਗਣ ਰੁੱਤ ਫਿਰ ਪਈ ਸੁਹਾਵੀ, ਪਹੁੰਚ ਬਸੰਤ ਪਿਆ ਵੇ ਆ ਗਿਆ ਫੱਗਣ ਮਹੀਨਾ ਪੀਲੀ ਹੋਈ ਮੈਂ ਪਈਆਂ।

ਸਹੀਆਂ ਫਾਗ ਰਚਾਏ ਸਾਨੂੰ ਸੱਦਣੇ ਆਈਆਂ ਮੇਹਣੇ ਦੇਂਦੀਆਂ ਤਾਨ੍ਹੇ ਨਾਲੇ ਲਾਡ ਲਡਈਆਂ।

‘ਉਠਕੇ ਚਲ ਪਉ ਖਾਂ ਭੈਣੀ ! ਦੇਖਣ ਕਾਣ ਹੀ ਟੁਰ ਪਉ, ਭਲਾ ਦਿਲ ਪਰਚੀਵੀ ਧਯਾਨ ਹੋਰ ਥੇ ਪਈਆਂ’।

ਹਾਇ ਕੰਤ ਪਿਆਰੇ ! ਹਾਇ ਜਿੰਦ ਦੀਏ ਜਿੰਦੇ ! ਹਾਇ ਕਿੱਥੇ ਗਿਆ ਏਂ ? ਕੋਈ ਦੱਸ ਨ ਪਈਆ।

ਫੱਗਣ ਬੀਤਣ ਤੇ ਆਇਆ ਸਾਈਂ ਸੋਇ ਨ ਆਈ ; ਸੱਥਰ ਲੱਥੀਆਂ ਸਾਈਆਂ ! ਸੱਥਰ ਹੋਈ ਮੈਂ ਪਈਆਂ ।

ਹੋਸ਼ ਚੱਲੀਊ, ਸਾਈਆਂ ! ਤੇਰੇ ਮਗਰੇ ਹੀ ਢੂੰਡਣ ਸੱਥਰ ਲੱਥੀਆਂ ਸਾਈਆਂ ! ਸੱਥਰ ਹੋਈ ਮੈਂ ਪਈਆਂ ।

ਫੱਗਣ ਦਾ ਅੰਤ ਬੈਠਾ ਕੌਣ ਸਿਰ੍ਹਾਣੇ ਹੱਥ ਮੱਥੇ ਤੇ ਧਰਿਆ ਜਿੰਦ ਰੁਮਕੇ ਏ ਲਾਂਦਾ, ਜੀਉ ਜੀਉ ਰੱਬਾ ਮੈਂ ਪਈਆਂ।

ਝੁਕ ਝੁਕ ਕੌਣ ਏ ਵੇਂਹਦਾ ? ਏਹ ਤਾਂ ਨੈਣ ਪਿਆਰੇ, ਇਹ ਤਾਂ ਮਾਹੀ ਦੀਆਂ ਝਾਤਾਂ, ਝਾਤਾਂ ਮਾਹੀ ਦੀਆਂ ਪਈਆਂ ।

ਆਹੋ ਆਹੋ ਨੀ ਸਹੀਓ ! ਆ ਗਿਆ ਮਾਹੀ ਨੀ ਮੇਰਾ । ਤੇਰੇ ਬਾਝੋਂ ਮੈਂ ਮਾਹੀ ! ਮੈਂ ਤਾਂ ਮੈਂ ਹੀ ਨ ਰਹੀਆਂ ।

ਧਾਰਮਿਕ ਲੇਖਕ ਹੋਣ ਕਾਰਨ ਉਨ੍ਹਾਂ ਦੇ ਨਾਂ ਨਾਲ ‘ਭਾਈ’ ਸ਼ਬਦ ਜੋੜ ਕੇ ਭਾਈ ਵੀਰ ਸਿੰਘ ਕਿਹਾ ਜਾਣ ਲੱਗਾ। ਉਹ ਸਿੰਘ ਲਹਿਰ ਸਭਾ ਵਿੱਚ ਸਰਗਰਮ ਰਹੇ। 1952 ਵਿੱਚ ਪੰਜਾਬ ਵਿਧਾਨ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਤੇ 1956 ਵਿਚ ਪਦਮ ਭੂਸ਼ਨ ਐਵਾਰਡ ਨਾਲ ਉਨਾਂ ਦਾ ਸਨਮਾਨਿਤ ਕੀਤਾ ਗਿਆ।ਉਨਾਂ ਦਾ ਦਿਹਾਂਤ ਅੰਮ੍ਰਿਤਸਰ ‘ਚ 10 ਜੂਨ 1957 ਨੂੰ ਹੋ ਗਿਆ।

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *