ਬੀਤੇ ਲਗਭਗ ਇੱਕ ਦਹਾਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਗੜ੍ਹ ਬਣੇ ਗੋਆ ‘ਚ ਮੁੱਖਮੰਤਰੀ ਮਨੋਹਰ ਪਰੀਕਰ ਦੇ ਦਿਹਾਂਤ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪਾਰਟੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਮਨੋਹਰ ਪਾਰੀਕਰ ਤੋਂ ਬਾਅਦ ਸੀਐੱਮ ਕੌਣ ਹੋਵੇਗਾ, ਜਿਸਦੇ ਲਈ ਪੂਰੇ ਦਿਨ ਬੈਠਕਾਂ ਦਾ ਦੌਰ ਚੱਲਿਆ। ਖ਼ਬਰ ਏਜੰਸੀ ਏਐੱਨਆਈ ਨੇ ਰਾਤੀਂ 12:16 ਵਜੇ ਸ੍ਰੀ ਸਾਵੰਤ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਸ੍ਰੀ ਸਾਵੰਤ ਦੇ ਨਾਂਅ ਉੱਤੇ ਵੀ ਸਹਿਮਤੀ ਨਹੀਂ ਬਣ ਪਾ ਰਹੀ ਸੀ ਪਰ ਅੰਤ ‘ਚ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ੍ਰੀ ਨਿਤਿਨ ਗਡਕਰੀ ਦੇ ਜਤਨਾਂ ਸਦਕਾ ਸਾਰੇ ਮਸਲੇ ਹੱਲ ਹੋ ਗਏ।
ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਹੁਣ ਗੋਆ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਸੋਮਵਾਰ–ਮੰਗਲਵਾਰ ਦੀ ਅੱਧੀ ਰਾਤ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਗੋਆ ਦੇ 11ਵੇਂ ਮੁੱਖ ਮੰਤਰੀ ਹਨ। ਭਾਜਪਾ ਦੇ ਇੱਕ ਆਗੂ ਨੇ ਪਹਿਲਾਂ ਸੋਮਵਾਰ ਸ਼ਾਮੀਂ ਦੱਸਿਆ ਸੀ ਕਿ ਉਨ੍ਹਾਂ ਦੇ ਭਾਈਵਾਲ, 45 ਸਾਲਾ ਪ੍ਰਮੋਦ ਸਾਵੰਤ ਦੇ ਨਾਂਅ ਉੱਤੇ ਪੂਰੀ ਤਰ੍ਹਾਂ ਸਹਿਮਤ ਹਨ।
ਇਸ ਤੋਂ ਪਹਿਲਾਂ ਭਾਜਪਾ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਸ੍ਰੀ ਸਾਵੰਤ ਨੂੰ ਭਾਜਪਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ। ਕੱਲ੍ਹ 63 ਸਾਲਾ ਸ੍ਰੀ ਮਨੋਹਰ ਪਰਿਕਰ ਦੇ ਦੇਹਾਂਤ ਤੋਂ ਬਾਅਦ ਗੋਆ ਦੀ ਸੱਤਾਧਾਰੀ ਭਾਜਪਾ ਵਿੱਚ ਕਿਸੇ ਵੀ ਆਗੂ ਦੇ ਨਾਂਅ ਉੱਤੇ ਸਹਿਮਤੀ ਹੀ ਨਹੀਂ ਬਣ ਰਹੀ ਸੀ, ਜਿਸ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾਂਦਾ।
- Advertisement -
ਉਂਝ ਅਰੰਭ ਤੋਂ ਸ੍ਰੀ ਪ੍ਰਮੋਦ ਸਾਵੰਤ ਦਾ ਨਾਂਅ ਹੀ ਸਭ ਤੋਂ ਅੱਗੇ ਆ ਰਿਹਾ ਸੀ। ਦਰਅਸਲ, ਭਾਜਪਾ ਵਿਧਾਇਕਾਂ ਦੀ ਮੰਗ ਸੀ ਕਿ ਅਗਲਾ ਮੁੱਖ ਮੰਤਰੀ ਉਨ੍ਹਾਂ ਵਿੱਚੋਂ ਹੀ ਕੋਈ ਹੋਣਾ ਚਾਹੀਦਾ ਹੈ, ਭਾਈਵਾਲਾਂ ’ਚੋਂ ਨਹੀਂ।