ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪੇਂਡੂ ਸੁਆਣੀਆਂ ਲਈ ਸਿਖਲਾਈ ਅਤੇ ਨੁਮਾਇਸ਼ ਲਗਾਈ ਗਈ। ਇਸ ਦਾ ਵਿਸ਼ਾ ਸਰਦੀਆਂ ਦੀਆਂ ਸਬਜ਼ੀਆ ਦੀ ਪ੍ਰੋਸੈਸਿੰਗ ਨਾਲ ਸੰਬੰਧਿਤ ਸੀ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਅਰੰਭਲੇ ਭਾਸ਼ਣ ਵਿੱਚ ਦੱਸਿਆ ਕਿ ਇਸ ਸਿਖਲਾਈ ਦਾ ਉਦੇਸ਼ ਪੇਂਡੂ ਔਰਤਾਂ ਨੂੰ ਸਰਦੀਆਂ ਦੀਆਂ ਸਬਜ਼ੀਆਂ ਤੋਂ ਅਚਾਰ, ਚਟਨੀਆਂ ਅਤੇ ਮੁਰੱਬੇ ਬਨਾਉਣ ਦੀ ਵਿਗਿਆਨਕ ਸਿਖਲਾਈ ਦੇਣਾ ਹੈ। ਪਸਾਰ ਵਿਗਿਆਨੀ ਡਾ. ਕਮਲਪ੍ਰੀਤ ਕੌਰ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੀਆਂ ਸੁਆਣੀਆਂ ਦਾ ਸਵਾਗਤ ਕੀਤਾ ਅਤੇ ਪੌਸ਼ਟਿਕ ਭੋਜਨ ਬਾਰੇ ਗੱਲ ਕਰਦਿਆਂ ਇਸ ਸਿਖਲਾਈ ਕੋਰਸ ਦੇ ਮਹੱਤਵ ਉਪਰ ਚਾਨਣਾ ਪਾਇਆ।
ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਕੁਲਬੀਰ ਕੌਰ ਨੇ ਮੌਸਮੀ ਸਬਜ਼ੀਆਂ ਤੋਂ ਅਚਾਰ ਬਨਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਗੱਲ ਕੀਤੀ। ਉਹਨਾਂ ਨੇ ਆਂਵਲੇ ਦਾ ਮੁਰੱਬਾ ਬਨਾਉਣ ਦੀ ਵਿਧੀ ਦੀ ਨੁਮਾਇਸ਼ ਵੀ ਕੀਤੀ । ਅੰਤ ਵਿੱਚ ਡਾ. ਪੰਕਜ ਕੁਮਾਰ ਨੇ ਧੰਨਵਾਦ ਕਰਦਿਆਂ ਪੇਂਡੂ ਔਰਤਾਂ ਨੂੰ ਵਾਧੂ ਸਬਜ਼ੀਆਂ ਦੀ ਵਰਤੋਂ ਕਰਕੇ ਆਪਣੇ ਪਰਿਵਾਰ ਲਈ ਪੌਸ਼ਟਿਕ ਭੋਜਨ ਬਨਾਉਣ ਲਈ ਪ੍ਰੇਰਿਤ ਕੀਤਾ।
