ਪਾਕਿਸਤਾਨ ਸਰਕਾਰ ਵੱਲੋਂ ਮਸੂਦ ਅਜ਼ਹਰ ਦੇ ਭਰਾ ਤੇ ਬੇਟੇ ਸਣੇ 44 ਅੱਤਵਾਦੀ ਗ੍ਰਿਫ਼ਤਾਰ

Prabhjot Kaur
2 Min Read

ਇਸਲਾਮਾਬਾਦ: ਪੁਲਵਾਮਾ ਹਮਲੇ ਤੋਂ ਬਾਅਦ ਚਾਰੇ ਪਾਸਿਆਂ ਤੋਂ ਘਿਰੇ ਪਾਕਿਸਤਾਨ ਨੇ ਹੁਣ ਦਹਿਸ਼ਤਗਰਦ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਤੇ ਬੇਟੇ ਸਣੇ 44 ਹੋਰਨਾਂ ਨੂੰ ਪਾਕਿਸਤਾਨ ਸਰਕਾਰ ਨੇ ਬੀਤੇ ਦਿਨੀਂ ਹਿਰਾਸਤ ’ਚ ਲੈ ਲਿਆ। ਇਹ ਜਾਣਕਾਰੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦਿੱਤੀ  ਇਨ੍ਹਾਂ ਸਭਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਮੰਗਲਵਾਰ ਨੂੰ ਹੀ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ ਇੱਕ ਉੱਚ–ਪੱਧਰੀ ਮੀਟਿੰਗ ਹੋਈ ਜਿਸ ਵਿੱਚ ਸੂਬਾ ਸਰਕਾਰਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ ਤੇ ਉਸੇ ਵਿੱਚ ਇਸ ਕਾਰਵਾਈ ਬਾਰੇ ਫ਼ੈਸਲਾ ਹੋਇਆ।

ਰਾਸ਼ਟਰੀ ਸੁਰੱਖਿਆ ਕਮੇਟੀ (NSC) ਨੇ ਆਪਣੀ ਮੀਟਿੰਗ ਵਿੱਚ ਜਾਂਚ ਲਈ ਅਜਿਹੀਆਂ ਹਿਰਾਸਤਾਂ ਦੀ ਲੋੜ ਮਹਿਸੂਸ ਕੀਤੀ। ਅਜਿਹੇ ਸਾਰੇ ਅਨਸਰਾਂ ਵਿਰੁੱਧ ਤੇਜ਼ੀ ਨਾਲ ਲੋੜੀਂਦੀ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਚੇਤੇ ਰਹੇ ਕਿ ਬੀਤੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼–ਏ–ਮੁਹੰਮਦ ਦੇ ਦਹਿਸ਼ਤਗਰਦ ਸਿਖਲਾਈ ਕੈਂਪਾਂ ਉੱਤੇ ਹਵਾਈ ਹਮਲੇ ਕੀਤੇ ਸਨ। ਉਸ ਤੋਂ ਬਾਅਦ ਅਮਰੀਕਾ ਸਮੇਤ ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਦਬਾਅ ਪਾਇਆ। ਉਸੇ ਦਬਾਅ ਦੇ ਚੱਲਦਿਆਂ ਅੱਜ ਪਾਕਿਸਤਾਨ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਅਫ਼ਰੀਦੀ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਦੇ ਨਾਂਅ ਜੱਗ–ਜ਼ਾਹਿਰ ਕਰਨ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਵਿਅਕਤੀਆਂ ਦੀ ਪਹਿਲਾਂ ਜਾਂਚ ਹੋਵੇਗੀ ਤੇ ਇਹ ਪਤਾ ਲਾਇਆ ਜਾਵੇਗੀ ਕਿ ਕੀ ਉਹ ਅਸਲ ਵਿੱਚ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਅਗਲੇ ਦੋ ਹਫ਼ਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਜਾਂ ਜੱਥੇਬੰਦੀ ਦੇ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ।

Share this Article
Leave a comment