ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਲਈ ਦਿੱਤੀ 70 ਏਕੜ ਜ਼ਮੀਨ

TeamGlobalPunjab
2 Min Read

ਲਾਹੌਰ: ਪਾਕਿਸਤਾਨ ਦੇ ਨਨਕਾਣਾ ਸਾਹਿਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਥਾਪਿਤ ਕਰਨ ਲਈ 70 ਏਕੜ ਜ਼ਮੀਨ ਦਿੱਤੀ ਹੈ। ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਵਿੱਤੀ ਸਾਲ 2019-20 ਦੇ ਬਜਟ ਵਿਚ ਰਾਸ਼ੀ ਦਿੱਤੀ ਜਾਵੇਗੀ।

ਉਸਮਾਨ ਬੁਜ਼ਦਰ ਨੇ ਕਿਹਾ ਕਿ ਇਸਦੇ ਅਧੀਨ ਸਰਕਾਰ ਨਨਕਾਣਾ ਸਾਹਿਬ ਵਿਚ ਪੁਲਿਸ ਲਾਈਨ, ਜੇਲ ਅਤੇ ਕੌਮੀ ਰਜਿਸਟਰੇਸ਼ਨ ਡੇਟਾਬੇਸ ਅਥਾਰਟੀ ਦੀ ਸਥਾਪਨਾ ਵੀ ਕਰੇਗੀ। ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਵਿਚ ਵਸੇ ਸਿੱਖ ਲੰਬੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੋਂ ਯੂਨੀਵਰਸਿਟੀ ਖੋਲਣ ਦੀ ਮੰਗ ਕਰ ਰਹੇ ਹਨ। ਇਸ ਯੂਨੀਵਰਸਿਟੀ ਦੀ ਮੰਗ ਸਭ ਤੋਂ ਪਹਿਲਾਂ 2003 ਵਿਚ ਪਰਵੇਜ਼ ਇਲਾਹੀ ਦੀ ਸਰਕਾਰ ਵਿਚ ਪੇਸ਼ ਕੀਤਾ ਗਿਆ ਸੀ।

ਦੋ ਸਾਲ ਪਹਿਲਾਂ ਪੀਐਮਐਲਐਨ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਯੂਨੀਵਰਸਿਟੀ ਦਾ ਉਦਘਾਟਨ ਇਸ ਖੇਤਰ ਵਿਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੀ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ ਪਾਕਿਸਤਾਨੀ ਯੂਨੀਵਰਸਿਟੀ ਨੇ ਗੁਰੂ ਨਾਨਕ ਰਿਸਰਚ ਚੇਅਰ ਦੀ ਸਥਾਪਨਾ ਵੀ ਕੀਤੀ ਸੀ ਤਾਂ ਜੋ ਸਿੱਖਾਂ ਦੇ ਸ਼ਾਂਤੀ ਦੇ ਸੰਦੇਸ਼ ਨੂੰ ਦੇਸ਼ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ।

 

- Advertisement -

Share this Article
Leave a comment