ਪਰਾਲੀ ਦੀ ਸੰਭਾਲ ਲਈ ਉਦਯੋਗਿਕ ਇਕਾਈ ਨਾਲ ਵਿਸ਼ੇਸ਼ ਪ੍ਰੋਜੈਕਟ ਉਪਰ ਕੀਤੇ ਦਸਤਖਤ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋਰਾਹਾ ਸਥਿਤ ਅਰੀਸੁਦਾਨਾ ਇੰਡਸਟਰੀਜ਼ ਲਿਮ. ਨਾਲ ਪਰਾਲੀ ਦੀ ਸੰਭਾਲ ਬਾਰੇ ਇੱਕ ਸਾਂਝੇ ਪ੍ਰੋਜੈਕਟ ਉਪਰ ਦਸਤਖਤ ਕੀਤੇ ਹਨ। ਇਹ ਦਸਤਖਤ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਜੈਕਟ ਤਹਿਤ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੀਤੇ ਗਏ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਅਤੇ ਅਰੀਸੁਦਾਨਾ ਇੰਡਸਟਰੀਜ਼ ਦੇ ਮੁੱਖ ਵਿੱਤ ਅਧਿਕਾਰੀ ਡਾ. ਪ੍ਰਦੀਪ ਸਿੰਘ ਅਰੋੜਾ ਨੇ ਆਪਣੀਆਂ ਆਪਣੀਆਂ ਸੰਸਥਾਵਾਂ ਵੱਲੋਂ ਪ੍ਰੋਜੈਕਟ ਉਪਰ ਸਹੀ ਪਾਈ ।

ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਡਾ. ਮਾਹਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਕਿਸਾਨਾਂ ਵਿੱਚ ਖੇਤ ਅੰਦਰ ਪਰਾਲੀ ਸੰਭਾਲਣ ਦੀਆਂ ਤਕਨੀਕਾਂ ਪ੍ਰਤੀ ਜਾਗਰੂਕਤਾ ਦਾ ਪਸਾਰ ਕਰਨਾ ਹੈ। ਇਹ ਜਾਗਰੂਕਤਾ ਲੁਧਿਆਣਾ ਜ਼ਿਲੇ ਦੇ ਚੁਣੇ ਹੋਏ ਪਿੰਡਾਂ ਦੇ ਕਿਸਾਨਾਂ ਤੱਕ ਪਹੁੰਚਾਈ ਜਾਵੇਗੀ। ਇਸ ਉਦੇਸ਼ ਲਈ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੋਂ ਮਸ਼ੀਨਰੀ ਕਿਰਾਏ ਤੇ ਦੇ ਕੇ ਪਰਾਲੀ ਦੀ ਸੰਭਾਲ ਲਈ ਸੁਖਾਵਾਂ ਮਾਹੌਲ ਕਾਇਮ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਖੇਤਰ ਵਿੱਚ ਪਰਾਲੀ ਨੂੰ ਸਾੜੇ ਬਿਨਾਂ ਸੰਭਾਲਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਲਈ ਬਹੁਤ ਸਾਰੀਆਂ ਤਕਨਾਲੋਜੀਆਂ ਵਿਕਸਿਤ ਕਰਕੇ ਕਿਸਾਨਾਂ ਤੱਕ ਪਹੁੰਚਾਈਆਂ ਹਨ ਅਤੇ ਪੰਜਾਬ ਦੇ ਕਿਸਾਨਾਂ ਤੱਕ ਇਨ੍ਹਾਂ ਤਕਨਾਲੋਜੀਆਂ ਨੂੰ ਪਹੁੰਚਾਉਣ ਲਈ ਵੱਖ-ਵੱਖ ਧਿਰਾਂ ਦਾ ਸਹਿਯੋਗ ਕੀਤਾ ਹੈ ਤਾਂ ਜੋ ਪਰਾਲੀ ਸਾੜਨ ਦਾ ਰੁਝਾਨ ਬੰਦ ਹੋ ਸਕੇ।

ਉਦਯੋਗਿਕ ਇਕਾਈ ਵੱਲੋਂ ਡਾ. ਅਰੋੜਾ ਨੇ ਕਿਹਾ ਕਿ ਪੀ.ਏ.ਯੂ. ਦੀ ਮਸ਼ੀਨਰੀ ਦੀ ਸਹਾਇਤਾ ਨਾਲ ਪਰਾਲੀ ਦੀ ਸੰਭਾਲ ਕਰਕੇ ਵਿਸ਼ੇਸ਼ ਇਲਾਕੇ ਦੇ ਕਿਸਾਨਾਂ ਨੂੰ ਇਸ ਪਾਸੇ ਪ੍ਰੇਰਿਤ ਕੀਤਾ ਜਾ ਸਕੇਗਾ ਅਤੇ ਵੱਡੇ ਪੱਧਰ ਤੇ ਪਰਾਲੀ ਸਾੜਨ ਦਾ ਰੁਝਾਨ ਖਤਮ ਹੋ ਸਕੇਗਾ । ਕੀਟ ਵਿਗਿਆਨੀ ਡਾ. ਸੰਦੀਪ ਸਿੰਘ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਦੇ ਨਾਲ-ਨਾਲ ਜੀਵਾਂ ਦੀ ਸਿਹਤ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਪਰਾਲੀ ਨੂੰ ਸੰਭਾਲਣ ਦੀ ਲੋੜ ਬਾਰੇ ਗੱਲ ਕੀਤੀ। ਉਦਯੋਗਿਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਪੀ.ਏ.ਯੂ. ਨੇ ਆਪਣੀਆਂ ਤਕਨਾਲੋਜੀਆਂ ਵੱਡੇ ਦਾਇਰੇ ਵਿੱਚ ਪਸਾਰਨ ਲਈ ਉਦਯੋਗਿਕ ਇਕਾਈਆਂ ਨਾਲ ਸਮਝੌਤੇ ਕੀਤੇ ਹਨ ਤਾਂ ਜੋ ਫ਼ਸਲੀ ਰਹਿੰਦ-ਖੂੰਹਦ ਦੀ ਵਾਤਾਵਰਣ ਪੱਖੀ ਸੰਭਾਲ ਕੀਤੀ ਜਾ ਸਕੇ। ਕੇ.ਵੀ.ਕੇ. ਸਮਰਾਲਾ ਦੇ ਨਿਰਦੇਸ਼ਕ ਡਾ. ਨਰਿੰਦਰਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਦੀ ਢੁਕਵੀਂ ਵਰਤੋਂ ਨਾਲ ਜੈਵਿਕ ਅਤੇ ਪੌਸ਼ਿਕ ਤੱਤਾਂ ਦੀ ਸੰਭਾਲ ਹੋ ਸਕੇਗੀ ਅਤੇ ਨਾਲ ਹੀ ਪਰਾਲੀ ਸਾੜਨ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇਗਾ।

Share This Article
Leave a Comment