ਅੰਮ੍ਰਿਤਸਰ : ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਹੇ ਜਾਣ ਤੋਂ ਬਾਅਦ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਤੋਂ ਸਭ ਤੋਂ ਵੱਡੀ ਚੁਣੌਤੀ ਮਿਲੀ ਸੀ ਤਾਂ ਉਹ ਸਨ ਨਵਜੋਤ ਸਿੰਘ ਸਿੱਧੂ। ਜਿਹੜੇ ਮੁੱਖ ਮੰਤਰੀ ਦੇ ਖਿਲਾਫ ਹਰ ਗੱਲ ਬੜੀ ਬੇਬਾਕੀ ਨਾਲ ਰੱਖਦੇ ਸਨ। ਇੱਥੋਂ ਤੱਕ ਬੇਬਾਕੀ ਨਾਲ ਕਿ ਇੱਕ ਵਾਰ ਤਾਂ ਉਨ੍ਹਾਂ ਨੇ ਕੈਪਟਨ ਬਾਰੇ ਇਹ ਤੱਕ ਪੁੱਛ ਲਿਆ ਸੀ ਕਿ ਕੌਣ ਕੈਪਟਨ? ਕਿਸ ਦਾ ਕੈਪਟਨ? ਸਮੇਂ ਨੇ ਪਲਟਾ ਖਾਦਾ ਤੇ ਸਿੱਧੂ ਅੱਜ ਪੰਜਾਬ ਦੀ ਸਿਆਸਤ ਵਿੱਚ ਸ਼ਾਂਤ ਹੋਏ ਬੈਠੇ ਹਨ। ਇਸ ਤੋਂ ਬਾਅਦ ਜਦੋਂ ਕੈਪਟਨ ਸਮਰਥਕਾਂ ਨੇ ਇਹ ਸੋਚ ਕੇ ਸੁੱਖ ਦਾ ਸਾਹ ਲਿਆ ਕਿ ਹੁਣ ਕੋਈ ਅਜਿਹਾ ਨਹੀਂ ਬਚਿਆ ਜਿਹੜਾ ਕਿ ਮੁੱਖ ਮੰਤਰੀ ਖਿਲਾਫ ਕੋਈ ਸਿੱਧੀ ਟੀਕਾ ਟਿੱਪਣੀ ਕਰਦਾ ਹੋਵੇ ਤਾਂ ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸੱਦੀ ਗਈ ਮੀਟਿੰਗ ਵਿੱਚ ਜਿਸ ਤਰ੍ਹਾਂ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਮਣੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਭੜਾਸ ਕੱਢੀ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਅੰਦਰ ਕਈ ਤਰ੍ਹਾਂ ਦੀਆਂ ਨਵੀਆਂ ਚਰਚਾਵਾਂ ਛਿੜ ਗਈਆਂ ਸਨ। ਉਸ ਵੇਲੇ ਭਾਵੇਂ ਕਿ ਇਹ ਸਾਫ ਨਹੀਂ ਹੋ ਪਾਇਆ ਸੀ ਕਿ ਬੇਅਦਬੀ ਮਾਮਲਿਆਂ ਵਿੱਚ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਉਣ ਵਾਲਾ ਉਹ ਕੈਬਨਿਟ ਮੰਤਰੀ ਕੌਣ ਸੀ ਪਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਸ ਢੰਗ ਨਾਲ ਬੇਅਦਬੀ ਮਾਮਲਿਆਂ ‘ਤੇ ਸਟੇਜ਼ਾਂ ਤੋਂ ਸ਼ਰੇਆਮ ਬਿਆਨਾਂ ਦੇ ਰਹੇ ਹਨ ਉਸ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਉਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਸਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਇੰਨੀ ਦਿਨੀਂ ਬਿਲਕੁਲ ਉਹੋ ਬਿਆਨ ਹੀ ਦੇ ਰਹੇ ਹਨ ਜਿਨ੍ਹਾਂ ਬਿਆਨਾਂ ਬਾਰੇ ਕਿਹਾ ਗਿਆ ਸੀ ਕਿ ਕੈਪਟਨ ਨੂੰ ਇਹ ਸਭ ਉਸ ਦੇ ਇੱਕ ਮੰਤਰੀ ਵੱਲੋਂ ਸੁਣਾਇਆ ਗਿਆ ਹੈ। ਦੱਸ ਦਈਏ ਕਿ ਰੰਧਾਵਾ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਹੁਣ ਪੰਜਾਬ ਦੀ ਜਨਤਾ ਸਾਨੂੰ ਸੁਣਨਾਂ ਪਸੰਦ ਨਹੀਂ ਕਰਦੀ ਕਿਉਂਕਿ ਉਹ ਪਸੰਦ ਕਰਦੇ ਹਨ ਸਿਰਫ ਐਕਸ਼ਨ ਤੇ ਹੁਣ ਐਕਸ਼ਨ ਹੋ ਕੇ ਰਹੇਗਾ ਤੇ ਸਰਕਾਰ ਸੁਖਬੀਰ ਬਾਦਲ ਨੂੰ ਫੜ ਕੇ ਸਲਾਖਾਂ ਪਿੱਛੇ ਕਰ ਕੇ ਰਹੇਗੀ।
ਇੱਥੇ ਬੋਲਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਲੋਕ ਆਪਣੇ ਮੁੰਡੇ ਦਾ ਵਿਆਹ ਕਰਦੇ ਸਨ ਤਾਂ ਉਹ ਮੁੰਡੇ ਦੇ ਸਹੁਰਿਆਂ ਨੂੰ ਕਹਿੰਦੇ ਸਨ ਕਿ ਦਾਜ ਵਿੱਚ ਵਧੀਆ ਜਿਹੀ ਘੋੜੀ ਦਿਓ ਤਾਂ ਕਿ ਤੁਹਾਡਾ ਜੁਵਾਈ ਘੋੜੀ ‘ਤੇ ਚੜ੍ਹ ਕੇ ਪਿੰਡ ਆਇਆ ਕਰੇਗਾ ਤੇ ਸਹੁਰਿਆਂ ਨੇ ਵੀ ਇਹ ਕਹਿਣਾ ਕਿ ਕੁੜੀ ਨੂੰ ਮੱਝ ਦਿਓ ਤਾਂ ਸਾਡੇ ਦੋਹਤੇ ਦੁੱਧ ਪੀ ਕੇ ਪਹਿਲਵਾਨ ਬਣਨਗੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੁੰਡਾ ਵਿਆਹਿਆ ਤੇ ਉਨ੍ਹਾਂ ਕਹਿਤਾ ਕਿ ਦਾਜ਼ ‘ਚ ਸਾਨੂੰ ਸਾਲਾ ਦੇ ਦਿਓ ਪਿਆ ਪਿਆ ਕੇ ਚਿੱਟਾ ਸਾਰਾ ਪੰਜਾਬ ਹੀ ਬਰਬਾਦ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਗੱਦਾਰੀ ਤਾਂ ਸੁਖਬੀਰ ਸਿੰਘ ਬਾਦਲ ਹੁਰਾਂ ਨੇ ਕਰੀ ਹੈ ਜਿਨ੍ਹਾਂ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਅਧੀਨ ਸੀਬੀਆਈ ਨੇ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਫਾਇਲ ਕਰ ਦਿੱਤੀ ਹੈ ਤੇ ਉਹ ਚੁੱਪ ਹਨ।