ਲੁਫਥਾਂਸਾ ਏਅਰਲਾਈਨ ਵੱਲੋਂ ਮੁੱਖ ਮੰਤਰੀ ਨੂੰ ਜਹਾਜ਼ ਤੋਂ ਉਤਾਰੇ ਜਾਣ ਦੀਆਂ ਖ਼ਬਰਾਂ‌ ਦਾ ਕੀਤਾ ਖੰਡਨ, ਸੁਖਬੀਰ ਬਾਦਲ ਤੇ ਬਾਜਵਾ ਮੰਗਣ ਮਾਫੀ : ਮਲਵਿੰਦਰ ਸਿੰਘ ਕੰਗ

Rajneet Kaur
3 Min Read

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰੋਧੀ ਧਿਰਾਂ ਵੱਲੋਂ ਜਹਾਜ਼ ਵਿਚੋਂ ਸ਼ਰਾਬ ਪੀਣ ਦੇ ਮਾਮਲੇ ‘ਤੇ ਘੇਰਨ ‘ਤੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਦੋਸ਼ ਲਾਉਣ ਵਾਲੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਮਸਲੇ ਉਪਰ ਮੁਆਫ਼ੀ ਮੰਗਣ। ਇਥੇ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਧਿਰਾਂ ਬੇਵਜ੍ਹਾ ਹੀ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਲੱਗੀਆਂ ਹੋਈਆਂ ਸਨ।

ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਮਲਵਿੰਦਰ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਏ ਝੂਠੇ ਅਤੇ ਬੇਤੁਕੇ ਦੋਸ਼ਾਂ ਲਈ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਉਹ ਤੁਰੰਤ ਬਿਨਾਂ ਸ਼ਰਤ ਮਾਫ਼ੀ ਮੰਗਣ। ਕੰਗ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਹੀ ਮੁੱਖ ਮੰਤਰੀ ਮਾਨ ‘ਤੇ ਦੋਸ਼ ਲਗਾ ਰਹੇ ਹਨ।

ਉਨ੍ਹਾਂ ਕਿਹਾ, “ਲੁਫਥਾਂਸਾ ਏਅਰਲਾਈਨਜ਼ ਨੇ ਖੁਦ ਸਾਰਾ ਮਾਮਲਾ ਸਪੱਸ਼ਟ ਕਰ ਦਿੱਤਾ ਹੈ, ਸੁਖਬੀਰ ਬਾਦਲ ਅਤੇ ਪ੍ਰਤਾਪ ਬਾਜਵਾ ਨੂੰ ਜਨਤਕ ਮਾਫ਼ੀ ਮੰਗਣੀ ਚਾਹੀਦੀ ਹੈ।”

ਇੱਕ ਉਪਭੋਗਤਾ ਨੂੰ ਜਵਾਬ ਵਿੱਚ ਲੁਫਥਾਂਸਾ ਏਅਰਲਾਈਨਜ਼ ਨੇ ਸਪੱਸ਼ਟ ਕੀਤਾ, “ਫਰੈਂਕਫਰਟ ਤੋਂ ਦਿੱਲੀ ਲਈ ਸਾਡੀ ਉਡਾਣ ਪਿੱਛੋਂ ਦੇਰੀ ਨਾਲ ਆਉਣ ਵਾਲੀ ਇੱਕ ਉਡਾਣ ਅਤੇ ਜਹਾਜ਼ ਬਦਲਣ ਕਾਰਨ ਮਿੱਥੇ ਸਮੇਂ ਨਾਲੋਂ ਦੇਰੀ ਨਾਲ ਰਵਾਨਾ ਹੋਈ।”

- Advertisement -

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਫਲਾਈਟ ਵਿਚੋਂ ਉਤਾਰਨ ਦੇ ਮਸਲੇ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਨ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਸਨ। ਕਾਂਗਰਸ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਵੱਧ ਸ਼ਰਾਬ ਪੀਤੀ ਹੋਣ ਕਾਰਨ ਭਗਵੰਤ ਮਾਨ ਨੂੰ ਜਰਮਨੀ ‘ਚ ਫਲਾਈਟ ਤੋਂ ਉਤਾਰਿਆ ਗਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਉਤੇ ਐਕਸ਼ਨ ਲਿਆ ਜਾਵੇਗਾ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਜੇਕਰ ਇਹ ਦੋਸ਼ ਸੱਚ ਹਨ ਤਾਂ ਕੇਜਰੀਵਾਲ ਭਗਵੰਤ ਮਾਨ ਖਿਲਾਫ ਐਕਸ਼ਨ ਲੈਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਪੰਜਾਬ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਹਨ। ਇਸ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕੇਜਰੀਵਾਲ ਅਜਿਹਾ ਕਰਨਗੇ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment