Home / ਓਪੀਨੀਅਨ / ਨਵਾਂ ਸ਼ਹਿਰ ਦੇ ਐੱਮਐੱਲਏ ਦੇ ਘਰ ਚਮਕੇਗਾ ਬਰੇਲੀ ਦੀ ਵਿਧਾਇਕਾ ਦਾ ‘ਝੁਮਕਾ’

ਨਵਾਂ ਸ਼ਹਿਰ ਦੇ ਐੱਮਐੱਲਏ ਦੇ ਘਰ ਚਮਕੇਗਾ ਬਰੇਲੀ ਦੀ ਵਿਧਾਇਕਾ ਦਾ ‘ਝੁਮਕਾ’

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਪੰਜਾਬ ਦੀ ਸਿਆਸਤ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਦੋ ਵੱਖ ਵੱਖ ਰਾਜਾਂ ਤੋਂ ਚੁਣੇ ਗਏ ਵਿਧਾਇਕ ਤੇ ਵਿਧਾਇਕਾ ਵਿਆਹ ਦੇ ਬੰਧਨ ਵਿੱਚ ਬੰਨ੍ਹ ਰਹੇ ਹੋਣ। ਐੱਨਆਰਆਈ’ਜ਼ ਦਾ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦਾ ਵਿਆਹ ਉੱਤਰ ਪ੍ਰਦੇਸ਼ ਦੇ ਹਲਕਾ ਰਾਏਬਰੇਲੀ ਤੋਂ ਵਿਧਾਇਕਾ ਆਦਿੱਤੀ ਸਿੰਘ ਨਾਲ 21 ਨਵੰਬਰ ਨੂੰ ਹੋਣਾ ਤਹਿ ਹੋਇਆ ਹੈ। ਦੋਵੇਂ ਆਪੋ ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ 2017 ‘ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ।

ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਬੀਤੇ ਸਾਲ ਵਿਦੇਸ਼ ਯਾਤਰਾ ‘ਚ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ ‘ਚ ਅੰਗਦ ਅਤੇ ਅਦਿਤੀ ਵੀ ਸ਼ਾਮਲ ਸਨ ਅਤੇ ਉੱਥੇ ਹੋਈ ‘ਸਿਆਸੀ ਗਿਟਮਿਟ’ ‘ਚ ਦੋਵਾਂ ਦੇ ਆਪਸੀ ਤੌਰ ‘ਤੇ ਮਿਲੇ ਵਿਚਾਰ ਇਸ ਕਦਰ ਰੰਗ ਲਿਆਏ ਕਿ ਦੋਵੇਂ ਪਰਿਵਾਰਕ ਰੂਪ ‘ਚ ‘ਇੱਕਮਿੱਕ’ ਹੋ ਗਏ। ਦੋਵਾਂ ਦਾ ਪਰਿਵਾਰਕ ਪਿਛੋਕੜ ਵੀ ਪੀੜ੍ਹੀ ਦਰ ਪੀੜ੍ਹੀ ਸਿਆਸਤ ‘ਚ ਲਬਰੇਜ਼ ਹੈ। ਜਿੱਥੇ ਅੰਗਦ ਸਿੰਘ ਦੇ ਬਾਬਾ, ਪਿਤਾ, ਮਾਤਾ, ਚਾਚਾ ਸਾਰੇ ਨਵਾਂ ਸ਼ਹਿਰ ਹਲਕੇ ਤੋਂ ਲੜੀਵਾਰ ਵਿਧਾਇਕ ਰਹੇ ਉੱਥੇ ਆਦਿੱਤੀ ਸਿੰਘ ਦੇ ਪਿਤਾ ਨੂੰ ਵੀ ਕਈ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ। ਅੰਗਦ ਸਿੰਘ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 21 ਨਵੰਬਰ ਨੂੰ ਨਵੀਂ ਦਿੱਲੀ ‘ਚ ਵਿਆਹ ਦਾ ਕਾਰਜ ਹੋਵੇਗਾ ਜਿਸ ‘ਚ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਅਤੇ ਨੇੜਲੇ ਸਬੰਧੀਆਂ ਦੀ ਹੀ ਸ਼ਮੂਲੀਅਤ ਹੋਵੇਗੀ। ਨਵਾਂ ਸ਼ਹਿਰ ‘ਚ 25 ਨਵੰਬਰ ਨੂੰ ਇਸ ਵਿਆਹ ਸਬੰਧੀ ਵਿਸ਼ਾਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ‘ਚ ਵੱਡੇ ਆਗੂ ਅਤੇ ਵਰਕਰ ਸ਼ਮੂਲੀਅਤ ਕਰਨਗੇ। ਜ਼ਿਕਰਯੋਗ ਹੈ ਕਿ ਅੰਗਦ ਸਿੰਘ ਛੋਟੀ ਉਮਰ ‘ਚ ਹੀ ਨਵਾਂ ਸ਼ਹਿਰ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ‘ਚ ਪੁੱਜੇ ਹਨ ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਦਿਲਬਾਗ ਸਿੰਘ ਕੈਬਨਿਟ ਮੰਤਰੀ ਰਹੇ, ਪਿਤਾ ਪ੍ਰਕਾਸ਼ ਸਿੰਘ ਪਾਰਲੀਮਾਨੀ ਸਕੱਤਰ ਅਤੇ ਮਾਤਾ ਗੁਰਇਕਬਾਲ ਕੌਰ ਵਿਧਾਇਕਾ ਵਜੋਂ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਵਿਧਾਇਕ ਅੰਗਦ ਸਿੰਘ ਦੇ ਵਿਆਹ ਦੀ ਖ਼ਬਰ ਨੂੰ ਲੈ ਕੇ ਪੂਰੇ ਹਲਕੇ ਅੰਦਰ ਹੀ ਵਿਆਹ ਵਾਲਾ ਮਾਹੌਲ ਹੈ ਅਤੇ 25 ਨਵੰਬਰ ਨੂੰ ਹਲਕੇ ਦੇ ਲੋਕ ਕਾਫ਼ਲੇ ਬੰਨ੍ਹ ਕੇ ਇਸ ਮੌਕੇ ਸ਼ਾਮਲ ਹੋਣ ਦੀ ਤਿਆਰੀ ‘ਚ ਹਨ।

Check Also

ਕੈਪਟਨ ਸਰਕਾਰ ਨੂੰ ਦੂਹਰੀ ਚੁਣੌਤੀ ! ਬਾਗੀ ਅਤੇ ਵਿਰੋਧੀ ਧਿਰਾਂ ‘ਚ ਮੁੱਖ ਮੰਤਰੀ ਨਿਸ਼ਾਨੇ ‘ਤੇ !

-ਜਗਤਾਰ ਸਿੰਘ ਸਿੱਧੂ   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੇ …

Leave a Reply

Your email address will not be published. Required fields are marked *