Home / ਓਪੀਨੀਅਨ / ਨਰਮੇ ਦੇ ਚੰਗੇ ਝਾੜ ਲਈ, ਕੀ ਕਰੀਏ ਤੇ ਕੀ ਨਾ ਕਰੀਏ

ਨਰਮੇ ਦੇ ਚੰਗੇ ਝਾੜ ਲਈ, ਕੀ ਕਰੀਏ ਤੇ ਕੀ ਨਾ ਕਰੀਏ

-ਡਾ ਪਰਮਜੀਤ ਸਿੰਘ

ਨਰਮਾ ਪੰਜਾਬ ਦੇ ਦੱਖਣੀ-ਪੱਛਮੀ ਜਿਲ੍ਹਿਆ ਵਿੱਚ ਸਾਉਣੀ ਦੀ ਮੁੱਖ ਵਪਾਰਕ ਫ਼ਸਲ ਹੈ. ਪੰਜਾਬ ਦੇ ਖੁਸ਼ਕ ਇਲਾਕਿਆਂ ਲਈ ਇਹ ਫ਼ਸਲ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਾਰਗਾਰ ਸਿੱਧ ਹੋ ਸਕਦੀ ਹੈ। ਕਿਸਾਨ ਵੀਰਾਂ ਨਾਲ ਜ਼ਰੂਰੀ ਨੁਕਤੇ ਸਾਂਝੇ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇ ਵਿੱਚ ਨਰਮੇ-ਕਪਾਹ ਦਾ ਵਧੇਰੇ ਝਾੜ ਲਿਆ ਜਾ ਸਕੇ।

ਕੀ ਕਰੀਏ !

* ਸਿਰਫ ਸਿਫਾਰਿਸ਼ ਕਿਸਮਾਂ/ਹਾਈਬ੍ਰਿਡ ਹੀ ਬੀਜੋ ਅਤੇ ਬਿਜਾਈ 15 ਮਈ ਤੱਕ ਪੂਰੀ ਕਰੋ।

* ਸਾਰੇ ਪਿੰਡ/ਬਲਾਕ ਵਿੱਚ ਵੱਡੇ ਪੱਧਰ ਉਤੇ ਨਰਮੇ-ਕਪਾਹ ਦੀ ਕਾਸ਼ਤ ਕੀਤੀ ਜਾਵੇ ਤਾਂ ਕਿ ਫ਼ਸਲ ਨੂੰ ਢੁਕਵੇਂ ਹਾਲਾਤ ਮਿਲਣ।

* ਫ਼ਸਲ ਦੇ ਵਧੀਆ ਜੰਮ ਲਈ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰੋ। ਪਹਿਲਾ ਪਾਣੀ ਬਿਜਾਈ ਤੋ 4-6 ਹਫ਼ਤੇ ਬਾਅਦ ਲਗਾਓ।

* ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਕੀਤੇ ਕੀਟਨਾਸ਼ਕ ਅਤੇ ਖਾਦ ਸ਼ਿਫਾਰਿਸ਼ ਕੀਤੀ ਮਾਤਰਾ ਵਿੱਚ ਹੀ ਵਰਤੋਂ।

* ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਦੇ ਇੱਕ ਹਫ਼ਤੇ ਦੇ ਵਕਫ਼ੇ ਤੇ 4 ਛਿੜਕਾਅ ਕਰੋ।

* ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ 15 ਦਿਨਾਂ ਦੇ ਵਕਫ਼ੇ ਤੇ ਟੀਡੇ ਬਣਨ ਸਮੇ ਕਰੋ।

* ਚਿੱਟੀ ਮੱਖੀ, ਮਿਲੀਬੱਗ, ਤੰਬਾਕੂ ਦੀ ਸੁੰਡੀ ਅਤੇ ਚਿਤਕਬਰੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋ ਪਹਿਲਾਂ ਖਾਲੀ ਥਾਵਾਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿਚੋ ਇੰਨ੍ਹਾਂ ਨੂੰ ਪਨਾਹ ਦੇਣ ਵਾਲੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਕਾਂਗਰਸ ਘਾਹ, ਧਤੂਰਾ, ਭੰਗ, ਗੁੱਤ ਪੁੱਟਣਾ, ਭੱਖੜਾ, ਇਟਸਿਟ ਅਤੇ ਤਾਦਲਾ ਆਦਿ ਨੂੰ ਨਸ਼ਟ ਕਰੋ।

* ਪਹਿਲੇ ਪਾਣੀ ਤੋਂ ਬਾਅਦ ਹਿਟਵੀਡ ਮੈਕਸ 10 ਐਮ ਈ ਸੀ 0 500 ਮਿਲੀਲਿਟਰ ਪ੍ਰਤੀ ਏਕੜ ਦੇ ਛਿੜਕਾਅ ਨਾਲ ਸਾਰੇ ਨਦੀਨਾਂ ਦਾ ਖਾਤਮਾ ਹੁੰਦਾ ਹੈ।

* ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਗਂਣ, ਖੀਰਾ, ਚੱਪਣ ਕੱਦੂ, ਤਰ, ਆਲੂ, ਟਮਾਟਰ, ਮਿਰਚਾਂ ਆਦਿ ਤੇ ਵੀ ਪਾਇਆ ਜਾਂਦਾ ਹੈ। ਇਸ ਵਾਸਤੇ ਇਹਨਾਂ ਫ਼ਸਲਾਂ ਉਪਰ ਲਗਾਤਾਰ ਸਰਵੇਖਣ ਕਰਦੇ ਰਹੋ।

* ਨਰਮੇ ਦੇ ਖੇਤਾਂ ਵਿੱਚ ਲੀਫ ਕਰਲ (ਪੱਤਾ ਮਰੋੜ) ਬਿਮਾਰੀ ਵਾਲੇ ਬੂਟੇ ਸਮੇਂ ਸਮੇਂ ਸਿਰ ਪੁੱਟ ਕੇ ਦਬਾਉਦੇ ਰਹੋ।

* ਘੱਟ ਲਾਗਤ ਵਾਲੇ 40 ਪੀਲੇ ਕਾਰਡ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਤਾਂ ਜੋ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

* ਆਖ਼ਰੀ ਚੁਗਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁੱਚ, ਪੱਤੇ ਅਤੇ ਅਣਖਿੜੇ ਟੀਡੇ ਖਾਣ ਲਈ ਨਰਮ੍ਵੇ ਦੇ ਖੇਤਾਂ ਵਿੱਚ ਛੱਡ ਦਿਓ। ਕੀ ਨਾ ਕਰੀਏ !

* ਬੀ ਟੀ ਨਰਮੇ ਦਾ ਗੈਰ ਪ੍ਰਮਾਣਿਤ ਬੀਜ ਨਾ ਵਰਤੋਂ ਅਤੇ ਪਿਛੇਤੀ ਬਿਜਾਈ ਤੋਂ ਗੁਰੇਜ਼ ਕਰੋ।

* ਕਿੰਨੂ ਦੇ ਬਾਗਾਂ ਦੇ ਅਤੇ ਭਿੰਡੀ ਦੇ ਨੇੜੇ ਨਰਮੇ ਦੀ ਕਾਸ਼ਤ ਨਾ ਕਰੋ।

* ਹਲਕੀਆਂ ਜ਼ਮੀਨਾਂ ਵਿੱਚ ਬੀ ਟੀ ਨਰਮੇ ਦੀ ਕਾਸ਼ਤ ਨਾ ਕਰੋ, ਕਿਉਕਿ ਇਨ੍ਹਾਂ ਜ਼ਮੀਨਾਂ ਵਿੱਚ ਤੱਤਾਂ ਦੀ ਘਾਟ ਕਰਕੇ ਪੱਤਿਆਂ ਦੀ ਲਾਲੀ ਅਤੇ ਝੁਲਸਣ ਦੀ ਸਮੱਸਿਆ ਆਉਂਦੀ ਹੈ। ਉਥੇ ਗੈਰ ਬੀ ਟੀ ਨਰਮੇ ਦੀ ਕਾਸ਼ਤ ਕਰੋ.

* ਟੀਡੇ ਦੀ ਅਮਰੀਕਣ, ਚਿਤਕਬਰੀ ਸੁੰਡੀ, ਤੰਬਾਕੂ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਰਮੇ ਵਾਲੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਜੰਤਰ ਜਾਂ ਅਰਿੰਡ ਨਾ ਬੀਜੋ। ਨਾਈਟਰੋਜ਼ਨ ਖਾਦ ਸ਼ਿਫਾਰਿਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ।

* ਖੜ੍ਹੀ ਫ਼ਸਲ ਵਿੱਚ ਡੀ ਏ ਪੀ ਦਾ ਛੀੱਟਾ ਨਾ ਦਿਓ।

* ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ) ਵਰਤਣ ਤੋ ਗੁਰੇਜ਼ ਕਰੋ

* ਇੱਕੋ ਗਰੁੱਪ ਦੀਆਂ ਕੀਟਨਾਸ਼ਕਾਂ ਦਾ ਇੱਕ ਤੋਂ ਵੱਧ ਛਿੜਕਾਅ ਨਾ ਕਰੋ

* ਨਰਮੇ-ਕਪਾਹ ਵਿੱਚ ਕਿਸੇ ਵੀ ਤਰ੍ਹਾਂਜ਼ ਦੇ ਛਿੜਕਾਅ ਲਈ ਮਾੜੇ ਪਾਣੀ ਦੀ ਵਰਤੋ ਨਾ ਕਰੋ

* ਅਖੀਰਲਾ ਪਾਣੀ ਸਤੰਬਰ ਮਹੀਨੇ ਤੋਂ ਪਛੇਤਾ ਨਾ ਕਰੋ

* ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਰੁੱਖ ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ। ਢੇਰ ਲਾਉਣ ਤੋ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਕੇ ਅਣਖਿੜੇ ਟੀਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ।

ਡਾਇਰੈਕਟਰ ਕਮ ਪ੍ਰਿੰਸੀਪਲ ਕਾਟਨ ਬਰੀਡਰ, ਰੀਜਨਲ ਰਿਸਰਚ ਸਟੇਸ਼ਨ, ਬਠਿੰਡਾ

ਸੰਪਰਕ: 94636 28801

Check Also

ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। …

Leave a Reply

Your email address will not be published. Required fields are marked *