ਦੋਆਬਾ ਖੇਤਰ ‘ਚ ਕੋਰੋਨਾਵਾਇਰਸ ਦੀ ਚੇਨ ਟੁੱਟਣ ਲੱਗੀ; ਹਸਪਤਾਲਾਂ ਵਿੱਚ ਦਾਖ਼ਲ ਵੀ ਸਾਰੇ ਤੰਦਰੁਸਤ

TeamGlobalPunjab
3 Min Read

ਬੰਗਾ (ਅਵਤਾਰ ਸਿੰਘ) : ਪੰਜਾਬ ਦੇ ਦੋਆਬਾ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੇ ਕੇਸ ਵਧਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਲਗਾਤਰ ਪੌਜੇਟਿਵ ਆ ਰਹੇ ਕੇਸਾਂ ਕਾਰਨ ਸਭ ਚਿੰਤਤ ਸਨ। ਦੇਸ਼ ਵਿਦੇਸ਼ ਵਿੱਚ ਬੈਠੇ ਲੋਕ ਪਿੰਡ ਪਠਲਾਵਾ ਦੀ ਖਬਰ ‘ਤੇ ਟਿਕਟਿਕੀ ਲਗਾ ਕੇ ਬੈਠੇ ਸਨ। ਪਰ ਹੁਣ ਬੰਗਾ ਦੇ ਸੀਲ ਕੀਤੇ ਵੱਖ ਵੱਖ ਪਿੰਡਾਂ ‘ਚੋਂ 28 ਮਾਰਚ ਨੂੰ ਅਤੇ ਤਾਜ਼ਾ ਰਿਪੋਰਤਾਂ ਮੁਤਾਬਿਕ ਕੋਈ ਵੀ ਕੋਰੋਨਾਵਾਇਰਸ ਦਾ ਪੀੜਤ ਨਹੀਂ ਮਿਲਿਆ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਰਾਹਤ ਮਿਲਦੀ ਮਹਿਸੂਸ ਨਜ਼ਰ ਆ ਰਹੀ ਹੈ।

ਸੂਬੇ ਅੰਦਰ ਕੋਰੋਨਾਵਾਇਰਸ ਦੇ ਪਹਿਲੇ ਕੇਸ (ਬਲਦੇਵ ਸਿੰਘ ਦੀ ਮੌਤ) ਨਾਲ ਸਾਰਿਆਂ ਦੀਆਂ ਨਜ਼ਰ ‘ਚ ਆਇਆ ਬੰਗਾ ਹਲਕਾ ਪ੍ਰਸ਼ਾਸ਼ਨ ਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਮੁਸੀਬਤ ਵਾਲੀ ਚੇਨ ਤੋੜਦਾ ਨਜ਼ਰ ਆ ਰਿਹਾ ਹੈ।

ਹਲਕੇ ਦੇ ਵੱਖ ਵੱਖ ਪਿੰਡਾਂ ‘ਚ ਕੀਤੀ ਗਈ ਸੈਂਪਲਿੰਗ ‘ਚੋਂ ਪਿਛਲੇ ਤਿੰਨ ਦਿਨਾਂ ਤੋਂ ਕੋਈ ਕੇਸ ਪੌਜ਼ੇਟਿਵ ਨਹੀਂ ਆਇਆ। ਇਨ੍ਹਾਂ ‘ਚ ਕੋਰੋਨਾਵਾਇਰਸ ਨਾਲ ਹੋਈ ਮੌਤ ਵਾਲਾ ਪਿੰਡ ਪਠਲਾਵਾ ਅਤੇ 13 ਹੋਰ ਪਿੰਡ ਸ਼ਾਮਲ ਸਨ।

ਇਸ ਦੇ ਨਾਲ ਹੀ ਪਹਿਲੇ ਗੇੜ ‘ਚ ਪੀੜਤ ਪਾਏ ਗਏ ਸਾਰੇ ਜਣੇ ਵੀ ਹੁਣ ਤੱਕ ਤੰਦਰੁਸਤੀ ਵਾਲੀ ਅਵਸਥਾ ‘ਚ ਹਨ। ਉਂਜ ਸੰਭਾਵੀ ਖ਼ਤਰੇ ਨੂੰ ਮੁੱਖ ਰੱਖਦਿਆ ਪ੍ਰਸ਼ਾਸ਼ਨ ਨੇ ਉਕਤ ਪਿੰਡਾਂ ਨੂੰ ਸੀਲ ਕਰਕੇ ਵੱਡੇ ਪ੍ਰਬੰਧ ‘ਤੇ ਘੇਰਾਬੰਦੀ ਕਰ ਲਈ ਸੀ।

- Advertisement -

ਦੱਸਣਯੋਗ ਹੈ ਕਿ ਪਹਿਲੇ ਦਿਨ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੀਆਂ 9 ਰਿਪੋਰਟਾਂ ਪੌਜੇਟਿਵ ਆਈਆਂ ਸਨ। ਇਹਨਾਂ ‘ਚ ਉਸ ਦੇ ਪਿੰਡ ਦਾ ਸਰਪੰਚ ਤੇ ਸਰਪੰਚ ਦੀ ਮਾਤਾ ਵੀ ਸ਼ਾਮਲ ਸਨ।

ਸਿਹਤ ਵਿਭਾਗ ਵਲੋਂ ਵੀ ਇਹਨਾਂ ਪਿੰਡਾਂ ‘ਚ ਬਰਾਬਰ ਨਿਗਰਾਨੀ ਰੱਖੀ ਗਈ। ਇਹ ਵੀ ਜਾਣਕਾਰੀ ਹਾਸਿਲ ਹੋਈ ਕਿ ਹਲਕੇ ‘ਚ ਆਈਸੀਯੂ ਵਾਰਡਾਂ ਅਤੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਅਨਥੀਸੀਆ ਮਾਹਿਰ ਡਾਕਟਰਾਂ ਨੂੰ ਨਾਮੀ ਸਿਹਤ ਸੰਸਥਾਵਾਂ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ। ਸਿਹਤ ਵਿਭਾਗ ਕੋਲ ਜ਼ਿਲ੍ਹੇ ‘ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ।

ਬੰਗਾ ਦੇ ਉਪ ਮੰਡਲ ਮਜਿਸਟ੍ਰੇਟ ਗੌਤਮ ਜੈਨ, ਉਪ ਪੁਲੀਸ ਕਪਤਾਨ ਨਵਨੀਤ ਸਿੰਘ ਮਾਹਿਲ, ਸੀਨੀਅਰ ਮੈਡਕਲ ਅਫ਼ਸਰ ਡਾ. ਰੂਬੀ ਨੇ ਆਪੋ ਆਪਣੀਆਂ ਟੀਮਾਂ ਨਾਲ ਸੀਲ ਕੀਤੇ ਪਿੰਡਾਂ ਦਾ ਨਿਰੀਖਣ ਕੀਤਾ।

ਇਹਨਾਂ ਅਧਿਕਾਰੀਆਂ ਨੇ ਕਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਬਣੀ ਸਥਿਤੀ ਨੂੰ ਸੰਭਾਲਣ ਲਈ ਲੋਕਾਂ ਵਲੋਂ ਪ੍ਰਸ਼ਾਸ਼ਨ ਨੂੰ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਇਸ ਲੜੀ ਨੂੰ ਤੋੜਨ ਲਈ ਖ਼ਬਰਦਾਰ ਰਹਿਣ ਦੀ ਅਪੀਲ ਕੀਤੀ।

ਇਸੇ ਦੌਰਾਨ ਸਥਾਨਕ ਸਿਆਸੀ ਆਗੂਆਂ ਨੇ ਵੀ ਆਪੋ ਆਪਣੀਆਂ ਟੀਮਾਂ ਨਾਲ ਇਸ ਮੁਸੀਬਤ ਦੀ ਘੜੀ ‘ਚ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਹਨਾਂ ‘ਚ “ਆਪ” ਆਗੂ ਸ਼ਿਵ ਕੌੜਾ, ਅਕਾਲੀ ਆਗੂ ਸੁਖਦੀਪ ਸਿੰਘ ਸ਼ੁਕਾਰ, ਕਾਂਗਰਸ ਆਗੂ ਸੰਜੀਵ ਭਨੋਟ, ਬਸਪਾ ਆਗੂ ਨਛੱਤਰ ਪਾਲ ਆਦਿ ਸ਼ਾਮਲ ਹਨ। ਇਹ ਸਾਰੇ ਆਪਣੇ ਆਪਣੇ ਪੱਧਰ ‘ਤੇ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ।

- Advertisement -
Share this Article
Leave a comment