Home / News / ਦੀਵਾਲੀ ਮੌਕੇ ਪਟਾਕੇ ਨਹੀਂ, ‘ਵੋਕਲ ਫ਼ਾਰ ਲੋਕਲ’ ਦੀ ਗੂੰਜ ਬੁਲੰਦ ਕੀਤੀ ਜਾਵੇ

ਦੀਵਾਲੀ ਮੌਕੇ ਪਟਾਕੇ ਨਹੀਂ, ‘ਵੋਕਲ ਫ਼ਾਰ ਲੋਕਲ’ ਦੀ ਗੂੰਜ ਬੁਲੰਦ ਕੀਤੀ ਜਾਵੇ

-ਅਜੈ ਭਾਰਦਵਾਜ

ਹੁਣ ਜਦੋਂ ਦੀਵਾਲੀ ਦੇ ਜਸ਼ਨਾਂ ਦੀ ਗਹਿਮਾ ਗਹਿਮੀ ਵਧਦੀ ਜਾ ਰਹੀ ਹੈ, ਹੁਣ ਆਪਣੇ ਮਿੱਤਰ ਪਿਆਰਿਆਂ ਨਾਲ ਤੋਹਫ਼ਿਆਂ ਤੇ ਮੁਬਾਰਕਾਂ ਦਾ ਅਦਾਨ ਪ੍ਰਦਾਨ ਕਰਨ ਦਾ ਵੇਲਾ ਹੈ। ਇਹ ਵੇਲਾ ਆਪਣੀਆਂ ਜੜ੍ਹਾਂ ਵੱਲ ਪਰਤ ਕੇ ਸਦੀਆਂ ਤੋਂ ਸਾਂਭੇ ਪਏ ਸੱਭਿਆਚਾਰਕ ਖ਼ਜ਼ਾਨੇ ਦੇ ਜਸ਼ਨ ਮਨਾਉਣ ਦਾ ਵੀ ਹੈ। ਇਹ ਵੇਲਾ ਕਾਰੀਗਰਾਂ ਦੇ ਉਸ ਹੁਨਰ ਨਾਲ ਜੁੜਨ ਦਾ ਹੈ, ਜੋ ਸਥਾਨਕ ਪਰੰਪਰਾਵਾਂ ਨੂੰ ਬਹੁਤ ਜੋਸ਼ੀਲੇ ਢੰਗ ਨਾਲ ਜੋੜਦਾ ਹੈ ਅਤੇ ਫਿਰ ਤਿਉਹਾਰਾਂ ਦੇ ਦਿਨਾਂ ਦੌਰਾਨ ਇਹ ਸਭ ਆਪਣੇ ਦੂਰ–ਨੇੜੇ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਨ ਦਾ ਵੀ ਵੇਲਾ ਹੈ। ਦੀਵਾਲੀ ਦੇ ਜਸ਼ਨ ਯਕੀਨੀ ਤੌਰ ’ਤੇ ਹੋਰ ਵਧੇਰੇ ਚਮਕੀਲੇ ਤੇ ਸੱਭਿਆਚਾਰਕ ਪੱਖੋਂ ਅਮੀਰ ਹੋ ਜਾਣਗੇ, ਜੇ ਮਿਸਾਲ ਦੇ ਤੌਰ ’ਤੇ, ਇੱਕ ਫੁਲਕਾਰੀ ਆਂਧਰ ਪ੍ਰਦੇਸ਼ ਵਿੱਚ ਕਿਸੇ ਨੂੰ ਤੋਹਫ਼ੇ ਵਜੋਂ ਦਿੱਤੀ ਜਾਵੇ ਅਤੇ ਆਂਧਰ ਪ੍ਰਦੇਸ਼ ’ਚ ਰਹਿੰਦਾ ਕੋਈ ਦੋਸਤ ਉਸ ਦੇ ਬਦਲੇ ਪੇਡਾਨਾ ਕਲਮਕਾਰੀ ਦੀ ਚਿੱਤਰਕਾਰੀ ਵਾਲਾ ਕੱਪੜੇ ਦਾ ਤੋਹਫ਼ਾ ਦੇਵੇ। ਜੇ ਪੰਜਾਬ ਦਾ ‘ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ’ ਆਂਧਰ ਪ੍ਰਦੇਸ਼ ਵਿੱਚ ਰਹਿੰਦੇ ਕਿਸੇ ਦੋਸਤ ਦੇ ਖਾਣੇ ਦੀ ਮੇਜ਼ ਉੱਤੇ ਰੱਖਿਆ ਜਾਵੇ ਅਤੇ ਜਵਾਬ ਵਿੱਚ ਉਸ ਦਾ ਪੰਜਾਬੀ ਦੋਸਤ ਇਨ੍ਹਾਂ ਤਿਉਹਾਰਾਂ ਦੇ ਦਿਨਾਂ ’ਚ ‘ਪੁਲੀਹੋਰਾ’ ਜਾਂ ‘ਚਿੱਤਰਣਮ’ ਦਾ ਆਨੰਦ ਮਾਣਦਾ ਹੋਇਆ ਆਪਣੀਆਂ ਉਂਗਲਾਂ ਚੱਟੇ। ਇੰਝ ਹੀ ਤਿਰੂਪਤੀ ਮੰਦਿਰ ਦੇ ਮਾਡਲ ਦਾ ਤੋਹਫ਼ਾ ਮਿਲਣ ’ਤੇ ਅੰਮ੍ਰਿਤਸਰ ਦੇ ਕਿਸੇ ਕਾਰੀਗਰ ਦਾ ਸਿਰਜਿਆ ਸ੍ਰੀ ਹਰਿਮੰਦਿਰ ਸਾਹਿਬ ਦਾ ਮਾਡਲ ਉੱਥੇ ਰਹਿੰਦੇ ਦੋਸਤ ਨੂੰ ਭੇਟ ਕੀਤਾ ਜਾਵੇ।

ਕਾਰੀਗਰਾਂ ਦੀਆਂ ਬਣਾਈਆਂ ਕਲਾ–ਕ੍ਰਿਤਾਂ ਤੋਂ ਇਲਾਵਾ ਮੁਹਾਵਰੇ ਵੀ ਜ਼ਰੂਰ ਸਾਹਿਤਕ ਕ੍ਰਿਤਾਂ ਵਿੱਚ ਸ਼ਾਮਲ ਕੀਤੇ ਜਾਣ ਤੇ ਫਿਰ ਉੱਘੇ ਪੰਜਾਬੀ ਸਾਹਿਤਕ ਲੇਖਕਾਂ ਦੀਆਂ ਕ੍ਰਿਤਾਂ ਤਾਮਿਲ ਨਾਡੂ ਜਾਂ ਆਂਧਰ ਪ੍ਰਦੇਸ਼ ’ਚ ਰਹਿੰਦੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ ਜਾਣ ਅਤੇ ਇੰਝ ਹੀ ਤੇਲਗੂ ਤੇ ਭਾਰਤੀ ਭਾਸ਼ਾਵਾਂ ਦੇ ਹੋਰ ਉੱਘੇ ਲੇਖਕ ਵੀ ਪੰਜਾਬ ’ਚ ਵਸਦੇ ਪਾਠਕਾਂ ਦੇ ਹੱਥਾਂ ਵਿੱਚ ਆਪਣਾ ਰਾਹ ਲੱਭਣ।

ਇਹ ਕਿਸੇ ਇੱਕ ਰਾਜ ਦੀਆਂ ਜੜ੍ਹਾਂ ਨਾਲ ਜੁੜਨਾ ਹੀ ਨਹੀਂ ਹੈ, ਬਲਕਿ ਰਾਸ਼ਟਰ ਦਾ ਸੱਭਿਆਚਾਰਕ ਤਾਣਾ–ਬਾਣਾ ਵੀ ਬੁਣਨਾ ਹੈ, ਜਿੱਥੇ ਵਿਭਿੰਨਤਾ ਇਸ ਦਾ ਹੇਠਲਾ ਧਾਗਾ ਹੈ ਜੋ ਯੁਗਾਂ ਪੁਰਾਣੇ ਸਬੰਧਾਂ ਦਾ ਨਿਰਮਾਣ ਕਰਦਾ ਹੈ।

ਇਹੋ ਸਭ ਸਪਸ਼ਟ ਤੌਰ ਉੱਤੇ ਪਹਿਲਾਂ ਤੋਂ ਚਲ ਰਹੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਮੁਹਿੰਮ ਵਿੱਚ ਪ੍ਰਤੀਬਿੰਬਤ ਹੁੰਦਾ ਹੈ, ਜਿਸ ਵਿੱਚ ਇੱਕ ਰਾਜ ਦਾ ਦੂਰ–ਦੁਰਾਡੇ ਸਥਿਤ ਇੱਕ ਹੋਰ ਰਾਜ ਦੀਆਂ ਸੱਭਿਆਚਾਰਕ ਰਵਾਇਤਾਂ ਦਾ ਅਦਾਨ–ਪ੍ਰਦਾਨ ਕੀਤਾ ਜਾਂਦਾ ਹੈ। ਤਿਉਹਾਰਾਂ ਦੇ ਇਸ ਮਹੀਨੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ‘ਵੋਕਲ ਫ਼ਾਰ ਲੋਕਲ’ ਦੇ ਸੱਦੇ ਦੇ ਮੱਦੇਨਜ਼ਰ ਇਹ ਮੁਹਿੰਮ ਨਵੇਂ ਪਸਾਰ ਗ੍ਰਹਿਣ ਕਰੇਗੀ ਅਤੇ ਸਥਾਨਕ ਉਤਪਾਦਾਂ, ਦਸਤਕਾਰੀ ਵਸਤਾਂ, ਖਾਦੀ ਤੇ ਪਿੰਡਾਂ ’ਚ ਬਣੇ ਉਤਪਾਦਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਤਾਂ ਜੋ ‘ਜੜ੍ਹਾਂ ਦੇ ਸੱਭਿਆਚਾਰ ਵੱਲ ਪਰਤਣ’ ਦਾ ਸੰਦੇਸ਼ ਨਵੇਂ ਤਰੀਕੇ ਨਾਲ ਘਰਾਂ ਨੂੰ ਲਿਆਂਦਾ ਜਾ ਸਕੇ; ਇੰਝ ਨੇੜਤਾ ਤੇ ਆਪਸੀ ਭਾਈਚਾਰੇ ਦਾ ਕੁਦਰਤੀ ਧਾਗਾ ਲੋਕਾਂ ਨੂੰ ਹੋਰ ਮਜ਼ਬੂਤੀ ਨਾਲ ਜੋੜ ਸਕੇ। ਇੰਝ, ਇਸ ਵਾਰ ਦੀ ਦੀਵਾਲੀ ਕੁਝ ਇਸ ਤਰ੍ਹਾਂ ‘ਵੋਕਲ ਫ਼ਾਰ ਲੋਕਲ’ ਦਾ ਸੰਦੇਸ਼ ਦੇਵੇਗੀ ਕਿ ਲੋਕ ਸਥਾਨਕ ਦਸਤਕਾਰਾਂ ਤੇ ਸਥਾਨਕ ਕਲਾ ਦੇ ਜਸ਼ਨ ਮਨਾਉਣਗੇ ਅਤੇ ਵਧੀਆ ਢੰਗ ਨਾਲ ‘ਦੀਵਾਲੀ ਲਈ ਲੋਕਲ’ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਐਤਕੀਂ ਪਟਾਕਿਆਂ ਤੇ ਆਤਿਸ਼ਬਾਜ਼ੀ ਦਾ ਰੌਲਾ ਨਹੀਂ ਪੈਣਾ ਚਾਹੀਦਾ, ਬਲਕਿ ਸਮੁੱਚੇ ਦੇਸ਼ ਦੇ ਸੱਭਿਆਚਾਰਕ ਬੰਧਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੁੜਨ ਦੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਸਥਾਨਕ ਉਤਪਾਦ ਖ਼ਰੀਦਣ ਨਾਲ ਨਾ ਸਿਰਫ਼ ਸਥਾਨਕ ਨਿਰਮਾਤਾ ਮਜ਼ਬੂਤ ਹੋਣਗੇ, ਬਲਕਿ ਉਨ੍ਹਾਂ ਲੋਕਾਂ ਦੀ ਦੀਵਾਲੀ ਵੀ ਰੋਸ਼ਨ ਹੋਵੇਗੀ ਜਿਹੜੇ ਇਹ ਉਤਪਾਦ ਬਣਾਉਂਦੇ ਹਨ ਤੇ ਅਰਥਵਿਵਸਥਾ ਨੂੰ ਇੱਕ ਨਵਾਂ ਹੁਲਾਰਾ ਦਿੰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਸੀ,‘ਤੁਸੀਂ ਅੱਜ ਦੇਖ ਰਹੇ ਹੋ ਕਿ ‘ਵੋਕਲ ਫ਼ਾਰ ਲੋਕਲ’ ਦੇ ਨਾਲ–ਨਾਲ ‘ਦੀਵਾਲੀ ਲਈ ਲੋਕਲ’ ਦਾ ਮੰਤਰ ਹਰ ਪਾਸੇ ਗੂੰਜ ਰਿਹਾ ਹੈ… ਸਥਾਨਕ ਉਤਪਾਦਾਂ ਨਾਲ ਦੀਵਾਲੀ ਦੇ ਜਸ਼ਨ ਮਨਾਉਣ ਲਈ ਅਰਥਵਿਵਸਥਾ ਨੂੰ ਨਵਾਂ ਬਲ ਮਿਲੇਗਾ। ਮੈਂ ਵਾਰਾਣਸੀ ਦੇ ਲੋਕਾਂ ਤੇ ਸਮੂਹ ਦੇਸ਼ਵਾਸੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ‘ਦੀਵਾਲੀ ਲਈ ਲੋਕਲ’ ਹੋਵੋ, ਉਨ੍ਹਾਂ ਅੱਗੇ ਕਿਹਾ ਸੀ ਕਿ ਜਦੋਂ ਹਰੇਕ ਵਿਅਕਤੀ ਮਾਣ ਨਾਲ ਸਥਾਨਕ ਉਤਪਾਦ ਖ਼ਰੀਦਦਾ ਹੈ ਤੇ ਉਨ੍ਹਾਂ ਬਾਰੇ ਗੱਲ ਕਰਦਾ ਹੈ, ਤਾਂ ਇਸ ਨਾਲ ਉਹ ਉਤਪਾਦ ਬਣਾਉਣ ਵਾਲੇ ਉਤਸ਼ਾਹਿਤ ਹੁੰਦੇ ਹਨ। ‘ਵੋਕਲ ਫ਼ਾਰ ਲੋਕਲ’ ਦੀ ਗੂੰਜ ਨਾ ਸਿਰਫ਼ ਸਮੁੱਚੇ ਦੇਸ਼ ਵਿੱਚ ਗੂੰਜੇਗੀ, ਬਲਕਿ ਉਸ ਸਥਾਨਕ ਕਲਾ ਤੇ ਦਸਤਕਾਰੀ ਨੂੰ ਪੁਨਰ–ਸੁਰਜੀਤ ਹੋਣ ਵਿੱਚ ਵੀ ਮਦਦ ਮਿਲੇਗੀ, ਜਿਸ ਨੂੰ ਕੋਵਿਡ ਲੌਕਡਾਊਨ ਦੌਰਾਨ ਵੱਡੀ ਢਾਹ ਲਗੀ ਸੀ। ਪ੍ਰਧਾਨ ਮੰਤਰੀ ਦਾ ‘ਵੋਕਲ ਫ਼ਾਰ ਲੋਕਲ’ ਦਾ ਸੱਦਾ ਜਿੱਥੇ ਇਸ ਰਾਸ਼ਟਰ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਦਾ ਹੈ, ਉੱਥੇ ਇਹ ਸੱਦਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵਾਰ ਦੀਵਾਲੀ ਕੋਵਿਡ ਲੌਕਡਾਊਨ ਦੇ ਪਿਛੋਕੜ ਵਿੱਚ ਮਨਾਈ ਜਾ ਰਹੀ ਹੈ, ਜਿਸ ਨੇ ਲੱਖਾਂ ਕਾਰੀਗਰਾਂ ਨੂੰ ਔਖਾ ਕਰ ਕੇ ਰੱਖ ਦਿੱਤਾ ਸੀ। ਉਨ੍ਹਾਂ ਦੀ ਅਰਥਵਿਵਸਥਾ ਇਸ ਲਈ ਖੇਰੂੰ ਖੇਰੂੰ ਨਹੀਂ ਹੋਇਆ, ਕਿ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ, ਬਲਕਿ ਇਸ ਲਈ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਤੇ ਉਤਪਾਦਾਂ ਲਈ ਕੋਈ ਬਜ਼ਾਰ ਨਹੀਂ ਮਿਲ ਸਕਿਆ। ਕਾਰੀਗਰ ਕੱਚਾ ਮਾਲ ਨਾ ਖ਼ਰੀਦ ਸਕੇ ਅਤੇ ਨਾ ਹੀ ਉਹ ਤਿਆਰ ਕੀਤੇ ਆਪਣੇ ਉਤਪਾਦ ਹੀ ਕਿਤੇ ਵੇਚ ਸਕੇ। ਲੌਕਡਾਊਨ ਨਾਲ ਸਬੰਧਿਤ ਨਿਰਾਸ਼ਾ ਬੁਣਕਰਾਂ, ਘੁਮਿਆਰਾਂ ਜਾਂ ਚਿੱਤਰਕਾਰਾਂ ਸਮੇਤ ਸਾਰੇ ਕਾਰੀਗਰਾਂ ਨੂੰ ਮਹਿਸੂਸ ਹੋਈ ਹੈ। ਇੱਕ ਰਿਪੋਰਟ ਮੁਤਾਬਕ ਹੱਥਖੱਡੀ ਤੇ ਦਸਤਕਾਰੀ ਉਦਯੋਗ, ਜਿਸ ਤੋਂ ਲਗਭਗ 10 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਲੌਕਡਾਊਨ ਦੇ ਸਮੇਂ ਦੌਰਾਨ ਬਹੁਤ ਜ਼ਿਆਦਾ ਔਕੜਾਂ ’ਚ ਘਿਰ ਗਏ ਸਨ। ਇਸ ਨਾਲ ਉਨ੍ਹਾਂ ਨੂੰ ਨਾ ਸਿਰਫ਼ ਵਿੱਤੀ ਔਕੜਾਂ ਹੀ ਪੇਸ਼ ਆਈਆਂ, ਬਲਕਿ ਉਨ੍ਹਾਂ ਦੀ ਉਪਜੀਵਕਾ ਦਾ ਸਾਧਨ ਵੀ ਚਲਾ ਗਿਆ ਸੀ ਅਤੇ ਯੁਗਾਂ ਪੁਰਾਣੀ ਰਵਾਇਤ ਨੂੰ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਹੋ ਗਏ ਸਨ। ਇੰਝ ਚਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ‘ਵੋਕਲ ਫ਼ਾਰ ਲੋਕਲ’ ਦੇ ਦੋ ਆਯਾਮ ਹੋਣਗੇ। ਇੱਕ ਤਾਂ ਸਬੰਧਿਤ ਰਾਜਾਂ ਦੇ ਲੋਕ ਆਪਣੇ ਸੱਭਿਆਚਾਰ ਤੇ ਇਸ ਦੇ ਵਿਕਸਿਤ ਹੋਏ ਖ਼ਜ਼ਾਨੇ ਪ੍ਰਤੀ ਜਾਗਰੂਕ ਹੋਣਗੇ, ਬਲਕਿ ਉਹ ਇਸ ਨੂੰ ਹੋਰ ਰਾਜਾਂ ਵਿੱਚ ਰਹਿੰਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਾਂਝਾ ਵੀ ਕਰਨਗੇ। ਦੂਜੇ, ਮਹਾਮਾਰੀ ਦੇ ਸਮੇਂ ਦੌਰਾਨ ਤਬਾਹਕੁੰਨ ਝਟਕਾ ਝੱਲਣ ਵਾਲੇ ਕਲਾ ਤੇ ਦਸਤਕਾਰੀ ਦੇ ਖੇਤਰ ਨੂੰ ਪੁਨਰ–ਸੁਰਜੀਤ ਕਰਨ ਵਿੱਚ ਵੀ ਮਦਦ ਮਿਲੇਗੀ। ਇੰਝ ਇਹ ਸਾਡੇ ਸੱਭਿਆਚਾਰਕ ਅਸਾਸਿਆਂ ਨੂੰ ਮਨਾਉਣ ਦਾ ਜਸ਼ਨ ਹੈ ਤੇ ਇਹ ਵੇਲਾ ਨੌਜਵਾਨ ਪੀੜ੍ਹੀ ਲਈ ਇਹ ਸਭ ਸਿੱਖ ਕੇ ਉਨ੍ਹਾਂ ਵਿੱਚ ਨਵੀਂ ਰੂਹ ਪਾਉਣ ਦਾ ਵੀ ਹੈ। (ਲੇਖਕ ਇੱਕ ਸੀਨੀਅਰ ਪੱਤਰਕਾਰ ਹਨ)

Check Also

ਨਵਜੋਤ ਸਿੱਧੂੁ ਨੇ ਆਪਣੀ ਹੀ ਸਰਕਾਰ ਦੇ ਵੱਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ …

Leave a Reply

Your email address will not be published. Required fields are marked *