ਦਿੱਲੀ ਦੀ ‘ਵਾਲ’ ‘ਤੇ ਕਿਵੇਂ ਚੜ੍ਹੇ ਕੇਜਰੀਵਾਲ

TeamGlobalPunjab
8 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਭਾਰਤੀ ਰਾਜਨੀਤੀ ਵਿੱਚ ਕਿਸੇ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ਤਕ ਪਹੁੰਚਣਾ ਬੜਾ ਕਠਿਨ ਕੰਮ ਹੈ। ਵੱਡੀਆਂ ਰਾਜਸੀ ਪਾਰਟੀਆਂ ਵਿੱਚ ਤਾਂ ਕਾਫੀ ਤਪੱਸਿਆ ਕਰਨੀ ਪੈਂਦੀ ਹੈ। ਦਰੀਆਂ ਝਾੜਨ ਤੋਂ ਲੈ ਕੇ ਪਾਰਟੀ ਆਕਾਵਾਂ ਦੀ ਖੁਸ਼ਾਮਦ ਵੀ ਕਾਫੀ ਕਰਨੀ ਪੈਂਦੀ ਹੈ। ਪਰ ਦਿੱਲੀ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਅਰਵਿੰਦ ਕੇਜਰੀਵਾਲ ਨੇ ਇਸ ਅਹੁਦੇ ਤਕ ਪਹੁੰਚਣ ਵਾਲੀ ਉਸ ਪੌੜੀ ਦੇ ਪੋਡੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਕੇ ਚੜ੍ਹਨ ਦਾ ਸਹਾਰਾ ਲਿਆ, ਜਿਸ ਤੋਂ ਦੇਸ਼ ਲੋਕ ਦੁਖੀ ਸਨ। ਆਓ ਇਕ ਝਾਤ ਪਾਉਂਦੇ ਹਾਂ ਉਸ ਦੇ ਸਿਆਸੀ ਸਫ਼ਰ ‘ਤੇ।
ਅਗਸਤ 2011 ਵਿੱਚ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਅੰਨਾ ਹਜ਼ਾਰੇ ਦਾ ਜਨ ਲੋਕਪਾਲ ਲਈ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਹੋਇਆ। ਕਾਰਕੁਨਾਂ ਦੇ ਸਿਰ ‘ਤੇ ‘ਮੈਂ ਅੰਨਾ ਹੂੰ’ ਦੀਆਂ ਟੋਪੀਆਂ ਪਹਿਨ ਕੇ ਲੋਕਾਂ ਦਾ ਵੱਡਾ ਇਕੱਠ ਜੁੜਨ ਲੱਗਿਆ। ਅਖਬਾਰਾਂ ਅਤੇ ਪ੍ਰਿੰਟ ਮੀਡੀਆ ਨੇ ਇਸ ਨੂੰ ‘ਅੰਨਾ ਕ੍ਰਾਂਤੀ’ ਗਰਦਾਨਿਆ ਸੀ। ਇਸ ਅੰਦੋਲਨ ਦਾ ਅਰਵਿੰਦ ਕੇਜਰੀਵਾਲ ਚਿਹਰਾ ਬਣ ਗਏ। ਮੀਡੀਆ ਵਾਲੇ ਉਸ ਨੂੰ ਘੇਰ ਕੇ ਆਪਣੀ ਖ਼ਬਰ ਬਣਾਉਣ ਲੱਗ ਪਏ, ਟੀਵੀ ‘ਤੇ ਉਨ੍ਹਾਂ ਦੇ ਇੰਟਰਵਿਉ ਚੱਲਣ ਲੱਗੇ।

ਇਸ ਇਨਕਲਾਬੀ ਇਕੱਠ ਤੋਂ ਉਹ ਹਾਸਲ ਨਾ ਹੋਇਆ ਜੋ ਕੇਜਰੀਵਾਲ ਚਾਹੁੰਦੇ ਸਨ। ਸਰਗਰਮੀ ਵਧਾ ਕੇ ਕੇਜਰੀਵਾਲ ਨੇ ਕੌਮੀ ਰਾਜਧਾਨੀ ਦੇ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਸਟੇਜ ‘ਤੇ ਚੜ੍ਹਦੀ ਸਾਰ ਨੇਤਾਵਾਂ ‘ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੰਦੇ। ਉਨ੍ਹਾਂ ਵਲੋਂ ਕੀਤੇ ਭ੍ਰਿਸ਼ਟਾਚਾਰ ਵਾਲੇ ਕੰਮ ਗਿਣਾਉਣੇ ਸ਼ੁਰੂ ਕਰਦੇ। ਉਨ੍ਹਾਂ ਦਾ ਅਕਸ ‘ਐਂਗਰੀ ਯੰਗ ਮੈਨ’ ਦਾ ਬਣਨਾ ਸ਼ੁਰੂ ਹੋ ਗਿਆ। ਭ੍ਰਿਸਟ ਪ੍ਰਣਾਲੀ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਵਾਲਾ ਅਕਸ ਉਭਾਰਨ ਲੱਗੇ। ਦੇਸ਼ ਦੇ ਵੱਡੀ ਗਿਣਤੀ ਨੌਜਵਾਨ ਆਪਣੇ ਆਪ ਨੂੰ ਉਨ੍ਹਾਂ ਨਾਲ ਜੋੜ ਰਹੇ ਸਨ।

- Advertisement -

ਇਸ ਤੋਂ ਬਾਅਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਜੁਲਾਈ 2012 ਵਿੱਚ ਜੰਤਰ-ਮੰਤਰ ਵਿੱਚ ਪਹਿਲਾ ਵੱਡਾ ਧਰਨਾ ਸ਼ੁਰੂ ਕੀਤਾ। ਉਦੋਂ ਤੱਕ ਕੇਜਰੀਵਾਲ ਅਤੇ ਅਤੇ ਉਸਦੇ ਕਾਰਕੁਨਾਂ ਦੇ ਸਿਰਾਂ ਉੱਤੇ ‘ਮੈਂ ਅੰਨਾ ਹੂੰ’ ਦੀ ਟੋਪੀ ਸੀ ਅਤੇ ਮੁੱਦਾ ਵੀ ਭ੍ਰਿਸ਼ਟਾਚਾਰ ਅਤੇ ਜਨ ਲੋਕਪਾਲ ਦਾ ਹੀ ਸੀ।

ਲੋਕਾਂ ਦੀ ਨਬਜ਼ ਪਛਾਣਦਿਆਂ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਦਾ ਐਲਾਨ ਕਰਦਿਆਂ ਸੱਦਾ ਦਿੱਤਾ ਕਿ ਜਿਸ ਦਿਨ ਇਸ ਦੇਸ਼ ਦੇ ਲੋਕ ਜਾਗਣਗੇ ਅਤੇ ਸੜਕਾਂ ‘ਤੇ ਉਤਰਨਗੇ ਤਾਂ ਉਹ ਸਭ ਤੋਂ ਵੱਡੀ ਸੱਤਾ ਨੂੰ ਤਾਕਤ ਤੋਂ ਲਾਂਭੇ ਕਰ ਸਕਦੇ ਹਨ। ਇਸ ਸੰਘਰਸ਼ ਵਿੱਚ ਅੰਨਾ ਹਜ਼ਾਰੇ ਵੀ ਕੇਜਰੀਵਾਲ ਨੂੰ ਬਲ ਬਖਸ਼ਣ ਲਈ ਜੰਤਰ ਮੰਤਰ ਪਹੁੰਚ ਗਏ।
ਇਸ ਤੋਂ ਬਾਅਦ ਕੇਜਰੀਵਾਲ ਦਾ ਭਾਰ ਤਾਂ ਘਟਦਾ ਗਿਆ ਪਰ ਦੇਸ਼ ਵਿੱਚ ਉਨ੍ਹਾਂ ਦੀ ਪਛਾਣ ਵਧਦੀ ਗਈ। ਜਦੋਂ ਕੇਜਰੀਵਾਲ ਦਾ ਮਰਨ ਵਰਤ ਖਤਮ ਹੋਇਆ ਤਾਂ ਇਹ ਸਪੱਸ਼ਟ ਹੋ ਗਿਆ ਕਿ ਉਹ ਰਾਜਨੀਤੀ ਵਿੱਚ ਪੈਰ ਧਰਨ ਜਾ ਰਹੇ ਹਨ। ਹਾਲਾਂਕਿ ਉਹ ਵਾਰ ਵਾਰ ਦੁਹਰਾਉਂਦੇ ਵੀ ਰਹੇ ਕਿ ਉਹ ਕਦੇ ਵੀ ਚੋਣ ਸਿਆਸਤ ਵਿੱਚ ਨਹੀਂ ਪੈਣਗੇ। ਪਰ ਰਾਜਨੀਤੀ ਵਿੱਚ ਸਭ ਕੁਝ ਸੱਚ ਲੋਕਾਂ ਅੱਗੇ ਥੋੜੀ ਉਗਲ ਦੇਣਾ ਹੁੰਦਾ ਹੈ।
ਸਿਆਸਤ ਵਿੱਚ ਦਾਖਲਾ
ਦਿੱਲੀ ਦੀਆਂ ਸੜਕਾਂ ਉਪਰ ਸੰਘਰਸ਼ ਵਾਲੀ ਪਛਾਣ ਬਣਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ ਦਸ ਦਿਨਾਂ ਦੀ ਭੁੱਖ ਹੜਤਾਲ ਸਮਾਪਤ ਕਰ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਛੋਟੀਆਂ ਲੜਾਈਆਂ ਤੋਂ ਵੱਡੀਆਂ ਲੜਾਈਆਂ ਵੱਲ ਵਧ ਰਹੇ ਹਾਂ। ਪਾਰਲੀਮੈਂਟ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਸੰਘਰਸ਼ ਸੜਕ ‘ਤੇ ਵੀ ਹੋਵੇਗਾ ਅਤੇ ਸੰਸਦ ਦੇ ਅੰਦਰ ਵੀ।
ਇਸ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਕੇਜਰੀਵਾਲ ਪਾਰਟੀ ਬਣਾ ਕੇ ਚੋਣ ਰਾਜਨੀਤੀ ਵਿੱਚ ਦਾਖ਼ਲ ਹੋਣਗੇ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਇਹ ਪਾਰਟੀ ਨਹੀਂ, ਅੰਦੋਲਨ ਹੋਏਗਾ ਕੋਈ ਹਾਈ ਕਮਾਨ ਨਹੀਂ ਹੋਵੇਗੀ।
26 ਨਵੰਬਰ 2012 ਨੂੰ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਰਸਮੀ ਗਠਨ ਦਾ ਐਲਾਨ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਉਹ ਜਨਤਕ ਪੈਸੇ ਨਾਲ ਜਨਤਕ ਮਸਲਿਆਂ ‘ਤੇ ਚੋਣਾਂ ਲੜਨਗੇ। ਕੇਜਰੀਵਾਲ ਦੇ ਸਿਆਸੀ ਗੁਰੂ ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਜੇ ਉਹ ਰਾਜਨੀਤੀ ਦਾ ਰਾਹ ਚੁਣਨ ਲਗ ਪਏ ਤਾਂ ਉਹ ਸੱਤਾ ਦੇ ਰਾਹ ਪੈ ਗਏ।
ਨੌਕਰੀ ਤੇ ਰੁਤਬਾ
ਭਾਰਤੀ ਆਮਦਨ ਕਰ ਸੇਵਾ ਦੇ ਅਧਿਕਾਰੀ ਅਤੇ ਇੱਕ ਆਈਆਈਟੀ ਵਿਦਿਆਰਥੀ ਰਹੇ ਕੇਜਰੀਵਾਲ ਨੇ 2011 ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ ਹੀ ਉਹ ਇੱਕ ਸਮਾਜ ਸੇਵਕ ਵਜੋਂ ਆਪਣਾ ਚਿਹਰਾ ਉਭਾਰ ਚੁੱਕੇ ਸਨ। ਸਾਲ 2002 ਵਿੱਚ ਕੇਜਰੀਵਾਲ ਆਈ ਆਰ ਐਸ ਤੋਂ ਛੁੱਟੀ ਲੈ ਕੇ ਦਿੱਲੀ ਦੇ ਸੁੰਦਰ ਨਗਰੀ ਇਲਾਕੇ ਵਿੱਚ ਆਪਣੀ ਸਰਗਰਮੀ ਦੀ ਅਜ਼ਮਾਇਸ਼ ਕਰ ਰਹੇ ਸਨ। ਇੱਥੇ ‘ਪਰਿਵਰਤਨ’ ਐੱਨ ਜੀ ਓ ਬਣਾਈ। ਕੇਜਰੀਵਾਲ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਇਲਾਕੇ ਵਿੱਚ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣਾ ਚਾਹੁੰਦੇ ਸਨ।
ਕੁਝ ਮਹੀਨਿਆਂ ਬਾਅਦ, ਦਸੰਬਰ 2002 ਵਿੱਚ, ਕੇਜਰੀਵਾਲ ਦੀ ਐੱਨਜੀਓ ‘ਪਰਿਵਰਤਨ’ ਨੇ ਸ਼ਹਿਰੀ ਖੇਤਰ ਵਿੱਚ ਵਿਕਾਸ ਦੇ ਮੁੱਦੇ ‘ਤੇ ਪਹਿਲੀ ਜਨਤਕ ਸੁਣਵਾਈ ਕੀਤੀ। ਉਸ ਸਮੇਂ ਜਸਟਿਸ ਪੀ ਬੀ ਸਾਵੰਤ, ਮਨੁੱਖੀ ਅਧਿਕਾਰ ਕਾਰਕੁਨ ਹਰਸ਼ ਮੰਡੇਰ, ਲੇਖ਼ਿਕਾ ਅਰੁੰਧਤੀ ਰਾਏ, ਮਨੁੱਖੀ ਅਧਿਕਾਰ ਕਾਰਕੁਨ ਅਰੁਣਾ ਰਾਏ ਵਰਗੇ ਲੋਕ ਪੈਨਲ ਵਿੱਚ ਸ਼ਾਮਲ ਸਨ।
ਅਗਲੇ ਕਈ ਸਾਲਾਂ ਤੱਕ ਕੇਜਰੀਵਾਲ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੀ ਪੂਰਬੀ ਦਿੱਲੀ ਦੇ ਇਸ ਖੇਤਰ ਵਿੱਚ ਬਿਜਲੀ, ਪਾਣੀ ਅਤੇ ਰਾਸ਼ਨ ਵਰਗੇ ਮੁੱਦਿਆਂ ਉੱਤੇ ਗਰਾਊਂਡ ਲੈਵਲ ‘ਤੇ ਕੰਮ ਕਰਦੇ ਰਹੇ।
ਅਰਵਿੰਦ ਕੇਜਰੀਵਾਲ ਨੂੰ ਪਹਿਲੀ ਵੱਡੀ ਪਛਾਣ 2006 ਵਿੱਚ ਉਦੋਂ ਮਿਲੀ ਜਦੋਂ ਉਨ੍ਹਾਂ ਨੂੰ ‘ਉਭਰ ਰਹੇ ਲੀਡਰ’ ‘ਤੇ ਮੈਗਸੇਸੇ ਐਵਾਰਡ ਮਿਲਿਆ।
‘ਪਰਿਵਰਤਨ’ ਦੇ ਤਹਿਤ ਮੁਹੱਲਾ ਮੀਟਿੰਗਾਂ ਦੌਰਾਨ ਸਥਾਨਕ ਗਵਰਨੇਂਸ ਬਾਰੇ ਵਿਚਾਰ ਵਟਾਂਦਰਾ ਕਰ ਕੇ ਜਨਤਕ ਮੀਟਿੰਗਾਂ ਵਿੱਚ ਅਧਿਕਾਰੀਆਂ ਨੂੰ ਬੁਲਾਉਂਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਸੀ।

ਅਰਵਿੰਦ ਕੇਜਰੀਵਾਲ ਉਸ ਸਮੇਂ ਲਘੂ ਨੀਤੀਆਂ ਬਣਾਉਂਦੇ ਸਨ। ਅਧਿਕਾਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਦੇ ਸਮੇਂ ਕਈ ਵਾਰ ਕੰਮ ਨੂੰ ਲੈ ਕੇ ਉਨ੍ਹਾਂ ਨਾਲ ਆਢਾ ਵੀ ਲੈ ਲੈਂਦੇ ਸਨ। ਉਹ ਨੇਤਾਵਾਂ ਨੂੰ ਵੀ ਮਿਲਦੇ ਅਤੇ ਕੋਸ਼ਿਸ਼ ਕਰਦੇ ਸਨ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ‘ਤੇ ਸਵਾਲ ਕੀਤੇ ਜਾਣ।
ਕੇਜਰੀਵਾਲ ਕਈ ਸਾਲਾਂ ਤੱਕ ਸੁੰਦਰ ਨਗਰੀ ਵਿੱਚ ਜ਼ਮੀਨੀ ਮੁੱਦਿਆਂ ‘ਤੇ ਕੰਮ ਕਰਦੇ ਰਹੇ। ਉਨ੍ਹਾਂ ਸੂਚਨਾ ਦੇ ਅਧਿਕਾਰ ਲਈ ਚੱਲ ਰਹੀ ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਸੁੰਦਰ ਨਗਰੀ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਅਰਵਿੰਦ ਕੇਜਰੀਵਾਲ ਨੇ ਇਕ ਝੁੱਗੀ ਕਿਰਾਏ ‘ਤੇ ਲੈ ਲਈ। ਉਹ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਸਮਝਦੇ ਸਨ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਰਕਾਰ ਦੀਆਂ ਨੀਤੀਆਂ ਤੱਕ ਲਿਆਇਆ ਜਾਵੇ।
ਸਾਲ 2010 ਵਿੱਚ ਦਿੱਲੀ ਵਿੱਚ ਰਾਸ਼ਟਰ ਮੰਡਲ ਖੇਡਾਂ ਵਿੱਚ ਹੋਏ ਕਥਿਤ ਘੁਟਾਲੇ ਦੀਆਂ ਖ਼ਬਰਾਂ ਤੋਂ ਬਾਅਦ, ਲੋਕਾਂ ਵਿੱਚ ਸਰਕਾਰ ਪ੍ਰਤੀ ਰੋਹ ਵਧਦਾ ਜਾ ਰਿਹਾ ਸੀ। ਇੰਡੀਆ ਅਗੇਂਸਟ ਕੁਰੱਪਸ਼ਨ ਮੁਹਿੰਮ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਅਤੇ ਕੇਜਰੀਵਾਲ ਇਸ ਦਾ ਚਿਹਰਾ ਬਣ ਗਏ।
ਅਪ੍ਰੈਲ 2011 ਵਿੱਚ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਜਨ ਲੋਕਪਾਲ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਧਰਨਾ ਸ਼ੁਰੂ ਕੀਤਾ ਸੀ। ਸਟੇਜ ‘ਤੇ ਅੰਨਾ ਅਤੇ ਪਿੱਛੇ ਸੀ ਕੇਜਰੀਵਾਲ।
9 ਅਪ੍ਰੈਲ ਨੂੰ ਅੰਨਾ ਨੇ ਅਚਾਨਕ ਆਪਣਾ ਅਣਮਿਥੇ ਸਮੇਂ ਦਾ ਮਰਨ ਵਰਤ ਖ਼ਤਮ ਕਰ ਦਿੱਤਾ। ਲੋਕਾਂ ਦੀ ਜੋਸ਼ ਭਰੀ ਦੀ ਭੀੜ ਨੇ ਇੱਕ ਛੋਟੇ ਕੱਦ ਵਾਲੇ ਆਦਮੀ ਨੂੰ ਘੇਰ ਲਿਆ। ਇਹ ਆਦਮੀ ਸੀ ਅਰਵਿੰਦ ਕੇਜਰੀਵਾਲ। ਨੌਜਵਾਨ ਭਾਰਤ ਮਾਤਾ ਦੀ ਜੈ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਅੰਨਾ ਹਜ਼ਾਰੇ ਦੇ ਮਰਨ ਵਰਤ ਖ਼ਤਮ ਕਰਨ ‘ਤੇ ਸਵਾਲ ਉੱਠਣ ਲੱਗੇ ਪਰ ਉਹ ਚੁੱਪ ਸਨ। ਕੇਜਰੀਵਾਲ ਹੁਣ ਤੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਆਰਕੀਟੈਕਟ ਬਣ ਗਏ ਸਨ। ਦਿੱਲੀ ਬਦਲਣ ਦੀ ਕਮਾਨ ਸੰਭਾਲ ਲਈ ਸੀ। ਓਸੇ ਤਰਜ਼ ‘ਤੇ ਕੇਜਰੀਵਾਲ ਅੱਜ ਤਕ ਲੋਕਾਂ ਦੇ ਦੁੱਖ ਦਰਦ ਸਮਝ ਰਹੇ ਹਨ।

Share this Article
Leave a comment