ਕਾਬੁਲ: ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਵੱਲੋਂ ਇੱਕ ਹੋਰ ਵੱਡਾ ਫਰਮਾਨ ਜਾਰੀ ਕੀਤਾ ਗਿਆ ਹੈ। ਹਾਲ ਹੀ ਵਿੱਚ, ਔਰਤਾਂ ਨੂੰ ਯੂਨੀਵਰਸਿਟੀ ਵਿੱਚ ਕਲਾਸਾਂ ਲੈਣ ‘ਤੇ ਪਾਬੰਦੀ ਲਗਾਈ ਗਈ ਸੀ, ਇਸ ਤੋਂ ਇਲਾਵਾ, ਤਾਲਿਬਾਨ ਸਰਕਾਰ ਨੇ ਯੂਨੀਵਰਸਿਟੀ ਵਿੱਚ ਨਵੇਂ ਉਪ-ਕੁਲਪਤੀ ਨਿਯੁਕਤ ਕੀਤੇ ਸਨ। ਹੁਣ ਤਾਲਿਬਾਨ ਵਲੋਂ ਕਿਹਾ ਗਿਆ ਹੈ ਕਿ ਪਿਛਲੇ 20 ਸਾਲਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਡਿਗਰੀਆਂ ਬੇਕਾਰ ਹਨ।ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ।
ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਦੇ ਕਾਰਜਕਾਰੀ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਕਿਹਾ ਕਿ ਪਿਛਲੇ ਵੀਹ ਸਾਲਾਂ ਦੌਰਾਨ ਅਫਗਾਨਿਸਤਾਨ ਵਿੱਚ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਤੱਕ ਪ੍ਰਾਪਤ ਕੀਤੀਆਂ ਡਿਗਰੀਆਂ ਦਾ ਕੋਈ ਮਹੱਤਵ ਨਹੀਂ ਹੈ। ਅਧਿਆਪਕਾਂ ਦੀ ਨਿਯੁਕਤੀ ਬਾਰੇ ਹੱਕਾਨੀ ਨੇ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰ ਸਕਣ।ਹੱਕਾਨੀ ਨੇ ਸਪੱਸ਼ਟ ਕੀਤਾ ਕਿ ਜਿਸ ਕਿਸੇ ਨੇ ਵੀ ਉਸ ਸਮੇਂ ਦੀ ਡਿਗਰੀ ਹਾਸਲ ਕੀਤੀ ਹੋਵੇ ਜਦੋਂ ਉਹ ਹਾਮਿਦ ਕਰਜ਼ਈ ਅਤੇ ਅਸ਼ਰਫ ਗਨੀ ਦੀਆਂ ਅਮਰੀਕੀ ਸਮਰਥਿਤ ਸਰਕਾਰਾਂ ਨਾਲ ਲੜ ਰਿਹਾ ਸੀ, ਉਹ “ਬੇਕਾਰ” ਹਨ।