ਡੇਰੇ ਨਾਲੋਂ ਟੁੱਟੇ ਪ੍ਰੇਮੀਆਂ ਨੂੰ ਚੋਣਾਂ ਮੌਕੇ ਮੁੜ ਇਕੱਠਿਆਂ ਕਰਨ ਦੀ ਚਾਲ ਸੀ ਪ੍ਰੇਮੀ ਦੀ ਵੀਡੀਓ?

TeamGlobalPunjab
7 Min Read

ਮਾਮਲਾ ਡੇਰਾ ਪ੍ਰੇਮੀ ਵੱਲੋਂ ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ

ਕੁਲਵੰਤ ਸਿੰਘ

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਪੈਦਾ ਹੋਇਆ ਆਪਸੀ ਵਿਵਾਦ ਛੇਤੀ ਕਿਤੇ ਸ਼ਾਂਤ ਹੋਣ ਵਾਲਾ ਨਹੀਂ ਹੈ। ਪਹਿਲਾਂ ਸਾਲ 2007 ‘ਚ ਰਾਮ ਰਹੀਮ ਆਪ ਖੁਦ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਉਣ ਅਤੇ ਗੁਰੂ ਸਾਹਿਬ ਦਾ ਸਵਾਂਗ ਰਚਣ ਦੇ ਕੇਸ ਵਿੱਚ ਉਲਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕਾਰਨ ਬਣਿਆ, ਤੇ ਹੁਣ ਰਾਮ ਰਹੀਮ ਦੇ ਇੱਕ ਚੇਲੇ ਨੇ ਵੀ ਉਸ ਵਾਲੀ ਕਰਤੂਤ ਨੂੰ ਅੱਗੇ ਵਧਾਉਣ ਵਾਲਾ ਕਾਰਾ ਕਰ ਦਿੱਤਾ ਹੈ। ਬਹਾਦਰ ਸਿੰਘ ਨਾਮ ਦੇ ਇਸ ਡੇਰਾ ਪ੍ਰੇਮੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਪਾ ਕੇ ਭਾਸ਼ਣ ਦਿੰਦਿਆਂ ਇੲ ਦਾਅਵਾ ਕੀਤਾ ਹੈ ਕਿ ਜਿਸ ਵੇਲੇ ਰਾਮ ਰਹੀਮ ਨੇ ਡੇਰਾ ਸਲਾਬਤਪੁਰ ਵਿਖੇ ਡੇਰਾ ਪ੍ਰੇਮੀਆਂ ਨੂੰ ਜਾਮ-ਏ-ਇੰਸਾ ਪਿਲਾਇਆ ਸੀ, ਤਾਂ ਉਸ ਵੇਲੇ ਜਿਹੜੀ ਪੁਸ਼ਾਕ ਬਲਾਤਕਾਰੀ ਬਾਬੇ ਨੇ ਪਾਈ ਹੋਈ ਸੀ ਉਸ ਨੂੰ ਦੇਖ ਕੇ ਉੱਥੇ ਮੌਜੂਦ ਸਾਰੀ ਸੰਗਤ ਬਾਬੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੀ ਕਹਿ ਰਹੀ ਸੀ।

ਬਲਾਤਕਾਰੀ ਬਾਬੇ ਦਾ ਇਹ ਚੇਲਾ ਇੱਥੇ ਹੀ ਨਹੀਂ ਰੁਕਿਆ ਆਪਣੇ ਦਿਲ ਦੀਆਂ ਗਹਿਰਾਈਆਂ ‘ਚੋਂ ਝੂਠ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਬਾਬੇ ਨੇ ਆਪਣੇ ਬੱਚਿਆਂ ਦੇ ਧਰਤੀ ‘ਤੇ ਆਉਣ ਤੋਂ ਪਹਿਲਾਂ ਹੀ ਹਨੀਪ੍ਰੀਤ ਨੂੰ ਧਰਤੀ ‘ਤੇ ਭੇਜ ਦਿੱਤਾ ਤਾਂ ਕਿ ਉਸ ਦੇ 4 ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜਾਦਿਆਂ ਵਾਂਗ ਪੂਰੇ ਹੋ ਸਕਣ, ਕਿਉਂਕਿ 23 ਸਾਲ ਦੀ ਉਮਰ ਵਿੱਚ 4 ਬੱਚੇ ਪੈਦਾ ਹੀ ਨਹੀਂ ਹੋ ਸਕਦੇ ਸਨ ਇਸ ਲਈ ਬਾਬੇ ਨੇ ਹਨੀਪ੍ਰੀਤ ਨੂੰ ਪਹਿਲਾਂ ਹੀ ਧਰਤੀ ‘ਤੇ ਭੇਜ ਦਿੱਤਾ। ਇਹ ਵੀਡੀਓ ਵਾਇਰਲ ਹੁੰਦਿਆਂ ਸਾਰ ਦੁਨੀਆਂ ਭਰ ਵਿੱਚ ਵਸਦੀ ਸਿੱਖ ਸੰਗਤ ਉਸ ਨਾਲੋਂ ਵੀ ਵੱਧ ਰੋਸ ਵਿੱਚ ਆ ਗਈ, ਜਿਸ ਤਰ੍ਹਾਂ ਰੋਸ ਵਿੱਚ ਉਹ ਉਸ ਵੇਲੇ ਆਈ ਸੀ ਜਦੋਂ ਬਾਬੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ। ਹਾਲਾਤ ਇਹ ਹਨ ਕਿ ਹੁਣ ਜਿੱਥੇ ਸਿੱਖ ਸੰਗਤ ਬਾਬੇ ਦੇ ਇਸ ਚੇਲੇ ਨੂੰ ਲਭਦੀ ਉਸ ਦੇ ਘਰ ਜਾ ਪਹੁੰਚੀ ਹੈ ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਰਾਮ ਰਹੀਮ ਦੇ ਇਸ ਚੇਲੇ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ।

- Advertisement -

ਸਿਆਸੀ ਤੇ ਸਮਾਜਿਕ ਮਾਮਲਿਆਂ ਦੇ ਮਾਹਰਾਂ ਅਨੁਸਾਰ ਚੋਣਾਂ ਦੇ ਨਜ਼ਦੀਕ ਕਿਸੇ ਡੇਰਾ ਪ੍ਰੇਮੀ ਵੱਲੋਂ ਅਜਿਹੀ ਵੀਡੀਓ ਵਾਇਰਲ ਕਰਨਾ ਕੋਈ ਸਧਾਰਨ ਮਾਮਲਾ ਨਹੀਂ ਹੈ। ਮਾਹਰਾਂ ਅਨੁਸਾਰ ਬਲਾਤਕਾਰੀ ਬਾਬੇ ਨੂੰ ਸਜ਼ਾ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਪੰਚਕੁਲਾ ਵਿਖੇ ਦੱਬ ਕੇ ਦੰਗੇ ਕਰਨਾ, ਉਨ੍ਹਾਂ ਦੰਗਿਆ ‘ਚ ਨਾ ਸਿਰਫ 36 ਕੀਮਤੀ ਜਾਨਾਂ ਦਾ ਚਲੇ ਜਾਣਾ, ਬਲਕਿ ਅਰਬਾਂ ਰੁਪਏ ਦੀ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦ ਤਬਾਹ ਹੋ ਜਾਣਾ, ਦੰਗਾ ਕਰਦੇ ਡੇਰਾ ਪ੍ਰੇਮੀਆਂ ਦੀ ਪੁਲਿਸ ਵੱਲੋਂ ਗਿੱਦੜ ਕੁੱਟ ਕਰਨਾ, ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਸੂਬੇ ‘ਚੋਂ ਵੱਖ ਵੱਖ ਥਾਂਈ ਅਜਿਹੇ ਡੇਰਾ ਪ੍ਰੇਮੀ ਫੜ ਲੈਣ ਦਾ ਦਾਅਵਾ ਕਰਨਾ ਜਿੰਨਾਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ, ਇਨ੍ਹਾਂ ਘਟਨਾਵਾਂ ਨੇ ਬਹੁਤ ਸਾਰੇ ਡੇਰਾ ਪ੍ਰੇਮੀਆਂ ਨੂੰ ਡੇਰੇ ਨਾਲੋ ਇਸ ਲਈ ਤੋੜ ਦਿੱਤਾ ਹੈ, ਕਿਉਂਕਿ ਡੇਰੇ ਨਾਲੋਂ ਟੁੱਟੇ ਹੋਏ ਲੋਕਾਂ ਦੀ ਇਹ ਸੋਚ ਹੈ ਕਿ ਡੇਰੇ ‘ਤੇ ਕਾਬਜ਼ ਲੋਕ ਹੁਣ ਆਪਣੇ ਮਕਸਦ ਤੋਂ ਭਟਕ ਕੇ ਗੈਰ ਸਮਾਜਿਕ ਕੰਮਾਂ ‘ਤੇ ਉਤਰ ਆਏ ਹਨ।

ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ, ਕਿ ਪ੍ਰੇਮੀਆਂ ਦੇ ਡੇਰੇ ਨਾਲੋਂ ਟੁੱਟਣ ਕਾਰਨ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੀ ਤਾਕਤ ਪਹਿਲਾਂ ਨਾਲੋਂ ਬਹੁਤ ਜਿਆਦਾ ਕਮਜੋਰ ਹੋਈ ਹੈ। ਲਿਹਾਜਾ ਸਿਆਸੀ ਮਾਹਰਾਂ ਅਨੁਸਾਰ ਹੁਣ ਜਿੱਥੇ ਡੇਰੇ ਦਾ ਸਿਆਸੀ ਵਿੰਗ ਮੀਟਿੰਗ ਕਰਕੇ ਡੇਰਾ ਪ੍ਰੇਮੀਆਂ ਨੂੰ ਲਾਮਬਦ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਬਹਾਦਰ ਸਿੰਘ ਵਰਗੇ ਡੇਰਾ ਪ੍ਰੇਮੀਆਂ ਨੇ ਆਪਣੇ ਸਾਥੀਆਂ ਨੂੰ ਇੱਕ ਜੁੱਟ ਕਰਨ ਲਈ ਇਹ ਨਵੀਂ ਸਕੀਮ ਘੜੀ ਹੈ। ਮਾਹਰ ਅਜਿਹਾ ਤਰਕ ਇਸ ਲਈ ਦਿੰਦੇ ਹਨ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਹੁਣ ਬਹਾਦਰ ਸਿੰਘ ਨਾਮ ਦੇ ਡੇਰਾ ਪ੍ਰੇਮੀ ਨੇ ਵੀਡੀਓ ਪਾ ਕੇ ਸਿੱਖ ਸੰਗਤ ਨੂੰ ਭੜਕਾਇਆ ਹੈ, ਇਹ ਅੱਗੇ ਚੱਲ ਕੇ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿੱਚ ਪਾੜਾ ਵਧਾਉਣ ਦਾ ਕੰਮ ਕਰੇਗਾ, ਤੇ ਜੇਕਰ ਇਹ ਪਾੜਾ ਵਧਦਾ ਹੈ ਤਾਂ ਡੇਰਾ ਪ੍ਰੇਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਕੋਈ ਆਸਰਾ ਭਾਲਣਗੇ।

ਮਾਹਰਾਂ ਅਨੁਸਾਰ ਇੱਥੇ ਹੀ ਆ ਕੇ ਸਰਾਰਤੀ ਲੋਕਾਂ ਦਾ ਮਕਸਦ ਹੱਲ ਹੋਵੇਗਾ, ਕਿਉਂਕਿ ਅਜਿਹੇ ਭਟਕੇ ਹੋਏ ਆਪਣੇ ਆਪ ਨੂੰ ਕਮਜੋਰ ਸਮਝ ਰਹੇ ਡੇਰਾ ਪ੍ਰੇਮੀਆਂ ਨੂੰ ਕਥਿਤ ਸਿਆਸੀ ਵਿੰਗ ਵਾਲੇ ਲੋਕ ਇੱਕ ਮੁੱਠ ਹੋਣ ਦੀ ਅਪੀਲ ਕਰਨਗੇ, ਤੇ ਜਿਹੜੇ ਲੋਕ ਡੇਰੇ ਨਾਲੋਂ ਤਾਂ ਟੁੱਟ ਚੁੱਕੇ ਹਨ, ਪਰ ਸਮਾਜ ਦੀ ਨਜਰ ਵਿੱਚ ਅਜੇ ਵੀ ਡੇਰਾ ਪ੍ਰੇਮੀ ਹਨ, ਉਹ ਕਥਿਤ ਸਿਆਸੀ ਵਿੰਗ ਅਜਿਹੇ ਲੋਕਾਂ ਨੂੰ ਮੁੜ ਡੇਰੇ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਣਗੇ, ਤੇ ਜਿਉਂ ਹੀ ਗਿਣਤੀ ਵਧੀ ਚੋਣਾਂ ਵਿੱਚ ਡੇਰਾ ਆਪਣੀ ਤਾਕਤ ਵਿਖਾਵੇਗਾ, ਤੇ ਫਿਰ ਅੱਗੇ ਦੀ ਕਹਾਣੀ ਕੀ ਹੋਵੇਗੀ? ਇਹ ਕਿਸੇ ਤੋਂ ਲੁਕਿਆ ਨਹੀਂ ਹੈ।

ਪੰਜਾਬੀਆਂ ਨੇ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖਾਂ ਦੇ ਵਿਚਾਲੇ ਹੋਏ ਟਕਰਾਅ ਦੌਰਾਨ ਜਿਹੜਾ ਸੰਤਾਪ ਹਢਾਇਆ ਹੈ ਉਸ ਨੂੰ ਦੇਖਦਿਆਂ ਇਹ ਮਾਮਲਾ ਸੂਬੇ ਦੀ ਅਮਨ ਸ਼ਾਂਤੀ ਲਈ ਇਹ ਮਾਮਲਾ ਇੱਕ ਵਾਰ ਫਿਰ ਖਤਰੇ ਦੀ ਘੰਟੀ ਹੈ। ਅਸੀਂ ਸਾਰਾ ਮਾਮਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਸਮਝਦਾਰ ਲੋਕ ਇਸ ਨੂੰ ਡੁੰਘਾਈ ਨਾਲ ਸੋਚਣਗੇ ਕਿ, ਕੀ ਉਨ੍ਹਾਂ ਲਈ ਸਹੀ ਹੈ ਕੀ ਗਲਤ? ਗਲੋਬਲ ਪੰਜਾਬ ਟੀ.ਵੀ ਸਾਰੀ ਜਨਤਾ ਨੂੰ ਇਹ ਅਪੀਲ ਕਰਨ ਦੇ ਨਾਲ ਨਾਲ ਅਕਾਲ ਪੁਰਖ ਅੱਗੇ ਇਹ ਅਰਦਾਸ ਵੀ ਕਰਦਾ ਹੈ ਕਿ ਆਉਣ ਵਾਲਾ ਸਮਾਂ ਸਾਡੇ ਸੋਹਣੇ ਪੰਜਾਬ ਲਈ ਸੁੱਖ-ਸ਼ਾਂਤੀ, ਅਮਨ ਅਤੇ ਭਾਈਚਾਰਕ ਸਾਂਝ ਵਧਾਉਣ ਵਾਲਾ ਹੋਵੇ, ਤੇ ਉਮੀਦ ਕਰਦਾ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਅਜਿਹੇ ਮਾਮਲੇ ਵਿੱਚ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਣਗੇ, ਤਾਂ ਕਿ ਅਮਨ ਪਸੰਦ ਲੋਕਾਂ ਲਈ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

https://youtu.be/jFRdRI20m3I

- Advertisement -

 

Share this Article
Leave a comment