ਓਟਾਵਾ: ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਦੋ ਨਵੇਂ ਮੰਤਰੀ ਡੇਵਿਡ ਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟ ਵਿੱਚ ਫੇਰਬਦਲ ਕਰਨ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਦਮਦਾਰ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਅਹਿਮ ਅਹੁਦੇ ਦਿੱਤੇ ਹਨ ਤੇ ਅਸੀਂ ਕੈਨੇਡੀਅਨਾਂ ਦੀਆਂ ਤਰਜੀਹਾਂ ਦੇ ਆਧਾਰ ਉੱਤੇ ਆਪਣੀ ਸਮਰੱਥਾ ਦਾ ਮੁਜ਼ਾਹਰਾ ਕਰਦੇ ਰਹਾਂਗੇ।
ਇਸ ਫੇਰਬਦਲ ਨਾਲ ਫੈਡਰਲ ਕੈਬਨਿਟ ਦਾ ਆਕਾਰ 36 ਮੈਂਬਰਾਂ ਦਾ ਹੋ ਗਿਆ ਹੈ ਤੇ ਇਸ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ। ਮੌਜੂਦਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਮੈਂਬਰਾਂ ਦੀ ਇਹ ਸੱਭ ਤੋਂ ਵੱਧ ਗਿਣਤੀ ਹੈ। ਤਬਦੀਲੀਆਂ ਦੇ ਬਾਵਜੂਦ ਕੈਬਨਿਟ ਵਿੱਚ ਲਿੰਗਕ ਸੰਤੁਲਨ ਬਰਕਰਾਰ ਰੱਖਿਆ ਗਿਆ ਹੈ। ਟਰੂਡੋ ਨੇ ਜੇਨ ਫਿਲਪੌਟ ਨੂੰ ਖਜ਼ਾਨਾ ਬੋਰਡ ਦਾ ਪ੍ਰੈਜ਼ੀਡੈਂਟ ਅਤੇ ਡਿਜੀਟਲ ਗਵਰਮੈਂਟ ਦਾ ਮੰਤਰੀ ਬਣਾਇਆ ਹੈ। ਇਹ ਅਹੁਦਾ ਪਿਛਲੇ ਹਫਤੇ ਲੰਮੇਂ ਸਮੇਂ ਤੋਂ ਐਮਪੀ ਚੱਲੇ ਆ ਰਹੇ ਸਕੌਟ ਬ੍ਰਿਸਨ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ।
ਫਿਲਪੌਟ ਨੂੰ ਨਵਾਂ ਅਹੁਦਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਏ ਇੰਡੀਜੀਨਸ ਸਰਵਿਸਿਜ਼ ਮੰਤਰਾਲੇ ਨੂੰ ਨਿਊਫਾਊਂਡਲੈਂਡ ਦੇ ਐਮਪੀ ਸੀਮਸ ਓਰੀਗਨ ਨੂੰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਵੈਟਰਨਜ਼ ਅਫੇਅਰਜ਼ ਮੰਤਰਾਲਾ ਸੀ। ਇਸ ਦੌਰਾਨ ਜੋਡੀ ਵਿਲਸਨ ਰੇਅਬੋਲਡ ਤੋਂ ਨਿਆਂ ਮੰਤਰਾਲਾ ਵਾਪਿਸ ਲੈ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਵੈਟਰਨ ਅਫੇਅਰਜ਼ ਦਾ ਕੰਮ ਸੌਂਪ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਐਮਪੀ ਰੇਅਬੋਲਡ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਅਹਿਮੀਅਤ ਵਾਲਾ ਮੰਤਰਾਲਾ ਦਿੱਤੇ ਜਾਣ ਉੱਤੇ ਟਰੂਡੋ ਨੇ ਆਖਿਆ ਕਿ ਇਹ ਕੋਈ ਡੀਮੋਸ਼ਨ ਨਹੀਂ ਹੈ ਸਗੋਂ ਉਨ੍ਹਾਂ ਦੀ ਕਮਾਲ ਦੀ ਸਮਰੱਥਾ ਕਾਰਨ ਹੀ ਉਨ੍ਹਾਂ ਨੂੰ ਇਹ ਨਵਾਂ ਮੰਤਰਾਲਾ ਸੌਂਪਿਆ ਗਿਆ ਹੈ।
ਇਸ ਸਾਰੀ ਫੇਰਬਦਲ ਵਿੱਚ ਕੈਨੇਡਾ ਦੇ ਨਵੇਂ ਨਿਆਂ ਮੰਤਰੀ ਦਾ ਅਹੁਦਾ ਕਿਊਬਿਕ ਤੋਂ ਐਮਪੀ ਡੇਵਿਡ ਲੈਮੇਟੀ ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਇਨੋਵੇਸ਼ਨ ਲਈ ਪਾਰਲੀਮਾਨੀ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਸਨ। ਇਸ ਤੋਂ ਇਲਾਵਾ ਖੇਤਰੀ ਨੁਮਾਇੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਟਰੂਡੋ ਨੇ ਨੋਵਾ ਸਕੋਸ਼ੀਆ ਤੋਂ ਐਮਪੀ ਬਰਨਾਡੈੱਟ ਜੌਰਡਨ ਨੂੰ ਪੇਂਡੂ ਆਰਥਿਕ ਵਿਕਾਸ ਮੰਤਰੀ ਨਿਯੁਕਤ ਕੀਤਾ ਹੈ।
ਟਰੂਡੋ ਨੇ ਕੈਬਨਿਟ ‘ਚ ਕੀਤੇ ਵੱਡੇ ਫੇਰਬਦਲ, ਦੋ ਨਵੇਂ ਚਿਹਰੇ ਵੀ ਕੀਤੇ ਸ਼ਾਮਲ

Leave a Comment
Leave a Comment