ਜਬਰ ਜਨਾਹ , ਕਤਲ ਦੇ ਦੋਸ਼ਾਂ ਤੇ ਕਰੋਡ਼ਾਂ ਦੀਆਂ ਜਾਇਦਾਦਾਂ ਵਾਲੇ ਕਈ ਉਮੀਦਵਾਰ ਉਤਰੇ ਹੋਏ ਹਨ ਚੋਣ ਮੈਦਾਨ ‘ਚ

TeamGlobalPunjab
4 Min Read

ਬਿੰਦੂ ਸਿੰਘ

ਪੰਜਾਬ ‘ਚ ਚੋਣਾਂ ਦਾ ਆਖ਼ਰੀ ਹਫ਼ਤਾ ਸ਼ੁਰੂ ਹੋ ਗਿਆ ਹੈ। ਚੋਣ ਦਾ ਅਧਿਕਾਰ ਵਰਤਣ ਦਾ ਦਿਨ 20 ਫਰਵਰੀ ਜਿਵੇਂ ਜਿਵੇਂ  ਨੇੜੇ ਆ ਰਿਹਾ ਹੈ, ਸਿਆਸੀ ਪਾਰਟੀਆਂ  ਆਪਣੀਆਂ ਪ੍ਰਚਾਰ ਪ੍ਰਸਾਰ  ਦੀਆਂ ਗਤੀਵਿਧੀਆਂ ਨੂੰ ਵਧਾ ਰਹੀਆਂ ਹਨ। ਪਰ ਜੇਕਰ ਈ ਡੀ ਆਰ   ਦੀ ਰਿਪੋਰਟ ਵੱਲ ਧਿਆਨ ਦਿੱਤਾ ਜਾਵੇ ਤਾਂ  ਪੰਜਾਬ ਚੋਣਾਂ ਲੜ ਰਹੇ  1304 ਉਮੀਦਵਾਰਾਂ ਚੋਂ ਅਜੇ ਤੱਕ ਸਿਰਫ਼ 1276 ਉਮੀਦਵਾਰਾਂ ਨੇ ਹੀ  ਲੋੜੀਂਦੇ  ਐਫੀਡੇਵਿਟ ਜਮ੍ਹਾ ਕਰਾਏ ਹਨ।

ਪੰਜਾਬ ਇਲੈਕਸ਼ਨ ਵਾਚ  ਦੇ ਪਰਵਿੰਦਰ ਸਿੰਘ ਕਿੱਤਨਾ  ਤੇ ਟਰੱਸਟੀ ਜਸਕੀਰਤ ਸਿੰਘ  ਵੱਲੋਂ ਏਡੀਆਰ ਦੀ ਰਿਪੋਰਟ ਜਾਰੀ ਕੀਤੀ ਗਈ ਹੇੈ। ਇਨ੍ਹਾਂ 1276 ਉਮੀਦਵਾਰਾਂ  ਵੱਲੋਂ  ਇਲੈਕਸ਼ਨ ਕਮਿਸ਼ਨ ਨੂੰ  ਪ੍ਰਫਾਰਮੇ ਨਾਲ ਦਰਜ ਕਰਾਏ ਲੋੜੀਂਦੇ ਕਾਗਜ਼ਾਤਾਂ  ਦਾ ਅਧਿਐਨ ਕਰਨ ਤੋਂ ਬਾਅਦ  ਇਹ ਗੱਲ ਸਾਹਮਣੇ ਆਈ  ਕਿ ਕੌਮੀ ਪਾਰਟੀਆਂ ਦੇ  228 , ਖੇਤਰੀ ਪਾਰਟੀਆਂ ਦੇ  256 , ਗੈਰਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ ਦੇ  345 ਤੇ 447 ਆਜ਼ਾਦ ਉਮੀਦਵਾਰਾਂ ਵੱਲੋਂ ਇਹ  ਐਫੀਡੇਵਿਟ ਨਹੀਂ ਜਮ੍ਹਾਂ ਕਰਾਏ ਗਏ ਹਨ। ਇਸਦੇ ਇਲਾਵਾ ਏਡੀਆਰ  ਜਥੇਬੰਦੀ ਵੱਲੋਂ 28 ਐਸੇ ਉਮੀਦਵਾਰਾਂ  ਦੀ ਵੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਦੇ  ਐਫੀਡੇਵਿਟ ਜਾਂ ਤਾਂ ਸਾਫ਼ ਨਹੀਂ ਸਨ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ  ਸਹੀ ਤਰੀਕੇ ਅਪਲੋਡ ਨਹੀਂ ਕੀਤੇ ਗਏ ਹਨ।

ਇਨ੍ਹਾਂ 1276 ਉਮੀਦਵਾਰਾਂ ਵਿੱਚੋਂ 315 ਉਮੀਦਵਾਰਾਂ ਨੇ ਆਪਣੇ  ਉੱਤੇ ਦਰਜ  ਫ਼ੌਜਦਾਰੀ ਮਾਮਲਿਆਂ ਦਾ ਵੇਰਵਾ ਦਿੱਤਾ ਹੈ  ਜਿਸ ‘ਚ  218 ਉਮੀਦਵਾਰਾਂ ਤੇ  ਗੰਭੀਰ ਦੋਸ਼ਾਂ ਤਹਿਤ  ਮੁਕੱਦਮੇ ਦਰਜ ਹਨ।ਜ਼ਿਕਰਯੋਗ ਹੈ ਕਿ  ਇਨ੍ਹਾਂ ਵਿੱਚ 15 ਅਜਿਹੇ  ਉਮੀਦਵਾਰ ਵੀ ਸ਼ਾਮਲ ਹਨ ਜਿਨ੍ਹਾਂ ਤੇ ਔਰਤਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਲੈ ਕੇ  ਦੋਸ਼ਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਦੋ ਅਜਿਹੇ ਮਾਮਲੇ ਵੀ ਦਰਜ ਹਨ  ਜਿਸ ਵਿੱਚ ਉਮੀਦਵਾਰਾਂ ਤੇ  ਜਬਰ ਜਨਾਹ ਦੇ ਦੋਸ਼ ਲੱਗੇ ਹੋਏ ਹਨ। ਇਸ ਦੇ ਇਲਾਵਾ ਚਾਰ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਤੇ ਕਤਲ ਦੇ ਕੇਸ  ਤੇ   33 ਉਮੀਦਵਾਰਾਂ ਤੇ  ਇਰਾਦਾ ਕਤਲ ਦੇ ਮਾਮਲੇ ਦਰਜ ਹਨ।

- Advertisement -

ਹੁਣ ਜੇ ਕਰੋੜਪਤੀ  ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ 521 ਹੇੈ  ਜਦੋਂ ਕਿ  2017 ਵਿਧਾਨ ਸਭਾ ਚੋਣਾਂ ‘ਚ  ਕੁੱਲ  1145 ਉਮੀਦਵਾਰਾਂ ਚੋਂ  428 ਉਮੀਦਵਾਰ ਕਰੋੜਪਤੀ ਸਨ। ਜਿੱਥੋਂ ਤੱਕ ਗੱਲ ਕੀਤੀ ਜਾਏ ਇੱਕ ਕਰੋੜੀ ਉਮੀਦਵਾਰਾਂ ਦੀ, ਤਾਂ ਫੇਰ ਇੱਥੇ ਉਹ ਤਕਰੀਬਨ ਹਰ ਪਾਰਟੀ ‘ਚ ਹੀ ਵੱਡੀ ਗਿਣਤੀ ‘ਚ ਮਿਲ ਜਾਣਗੇ। ਇਸ ਕੜੀ ‘ਚ ਆਮ ਆਦਮੀ ਪਾਰਟੀ ਦੇ ਵੀ 81ਉਮੀਦਵਾਰ  ਸ਼ਾਮਲ ਹਨ। ਪਰ ਇਸ ਦੇ ਉਲਟ 5 ਉਮੀਦਵਾਰ ਐਸੇ ਵੀ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ ਸਿਫਰ ਦੱਸੀ ਹੈ ਤੇ 653 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ  ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ ਵੇਰਵਾ ਦਿੱਤਾ ਹੈ।

ਇਸ ਤਰ੍ਹਾਂ ਦੀ ਸੂਚੀ ਦੇ ਬਾਅਦ ਇਹ ਵੀ ਦੱਸ ਦਈਏ ਕਿ  ਇਸ ਵਾਰ ਇਲੈਕਸ਼ਨ ਕਮਿਸ਼ਨ ਵੱਲੋਂ  ਵੱਡੀ ਗਿਣਤੀ ‘ਚ  ਕਿੰਨਰ ਸਮਾਜ ਨੂੰ ਨਾਲ ਜੋੜਨ ਲਈ ਉਨ੍ਹਾਂ ਨੂੰ ਵੋਟਰ ਕਾਰਡ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਵੀ ਬਾਕੀ ਵਸਨੀਕਾਂ ਦੀ ਤਰ੍ਹਾਂ  ਆਪਣੀ ਵੋਟ ਦੀ ਵਰਤੋਂ ਦਾ ਅਧਿਕਾਰ ਮਾਣ ਸਕਣ। ਇਹ ਵੀ ਇੱਕ ਦਿਲਚਸਪ ਗੱਲ ਸਾਹਮਣੇ ਆਈ ਹੈ  ਕਿ ਇਸ ਵਾਰ  ਉਮੀਦਵਾਰਾਂ ਦੀ ਸੂਚੀ ‘ਚ ਇੱਕ ਮੋਹਾਲੀ  ਤੇ ਇੱਕ ਪਟਿਆਲਾ ਦਿਹਾਤੀ ਹਲਕੇ ਤੋਂ ਕਿੰਨਰ ਚੋਣ ਮੈਦਾਨ ‘ਚ ਉਮੀਦਵਾਰ ਹਨ।

ਇਸ ਵਾਰ ਚੋਣਾਂ ਚ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ  ਇਸ ਦਾ ਫ਼ੈਸਲਾ ਤਾਂ ਆਉਣ ਵਾਲਾ ਸਮਾਂ ਹੀ ਕਰੇਗਾ ਪਰ ਤਿਉਹਾਰ ਦੇ ਵਾਂਗੂੰ  ਮਨਾਏ ਜਾਣ ਵਾਲੇ  ਇਸ ‘ਚੋਣ ਜਸ਼ਨ’  ਚੋਂ ਬੇਸ਼ੱਕ  ਭਰਵੀਆਂ  ਰੈਲੀਆਂ , ਇਕੱਠ ਮਨਫ਼ੀ ਹਨ  ਪਰ ਉਮੀਦਵਾਰਾਂ ਤੇ ਪਾਰਟੀਆਂ  ਦਾ  ਵੱਡਾ ਖਿਲਾਰਾ ਵੇਖਣ ਨੂੰ ਮਿਲ ਰਿਹਾ ਹੈ। ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ  ਰੈਲੀਆਂ ਇਕੱਠਾਂ  ਤੇ ਲੱਗੀ ਰੋਕ  ਦੇ ਕਾਰਨ  ਉਮੀਦਵਾਰਾਂ ਤੇ ਪਾਰਟੀਆਂ  ਵੀ ਪ੍ਰਚਾਰ ਪ੍ਰਸਾਰ ਦੇ  ਅਨੋਖੇ ਨਵੇਂ ਤਰੀਕੇ ਕੱਢ ਰਹੇ ਹਨ  ਤੇ ਗੱਡੀਆਂ ਵੈਨਾਂ ਵਿੱਚ ਪਰਚੇ ਬੈਨਰ ਭਰ ਭਰ ਕੇ  ਵੋਟਰਾਂ ਦੇ ਘਰਾਂ ਤੱਕ ਆਪ ਪਹੁੰਚ ਬਣਾ ਰਹੇ ਹਨ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ  ਤੇ ਇਸ ਦੇ ਪੰਜ ਸੂਬੇ  ਇਸ ਵਕਤ  ਨਵੀਂਆ ਸਰਕਾਰਾਂ ਦੀ ਭਾਲ ਵਿੱਚ  ਚੋਣਾਂ ਦੇ ਗੇੜ ਚੋਂ ਲੰਘ ਰਹੀਆਂ ਹਨ।

Share this Article
Leave a comment