ਚੰਦਰੇ ਡਾਲਰਾਂ ਨੇ, ਪ੍ਰਦੇਸਾਂ ਵਿੱਚ ਰੋਲ੍ਹਤੀ ਜਵਾਨੀ !

TeamGlobalPunjab
6 Min Read

-ਸੁਬੇਗ ਸਿੰਘ;

ਇੱਕ ਕਹਾਵਤ ਹੈ ਜੇ ਪੈਸਾ ਅਤੇ ਧਨ ਦੌਲਤ ਰੱਬ ਦਾ ਰੂਪ ਨਹੀਂ ਹੈ, ਤਾਂ ਇਹ ਰੱਬ ਤੋਂ ਕਿਸੇ ਗੱਲੋਂ ਘੱਟ ਵੀ ਨਹੀਂ ਹੁੰਦਾ ਕਿਉਂਕਿ ਦੁਨੀਆਂ ‘ਚ ਪੈਸੇ ਬਿਨਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ।ਅਜੋਕੇ ਦੌਰ ‘ਚ ਤਾਂ ਹਰ ਕੋਈ ਪੈਸੇ ਦਾ ਯਾਰ ਹੈ। ਗਰੀਬ ਬੰਦੇ ਨੂੰ ਵੇਖ ਕੇ ਤਾਂ ਆਪਣੇ ਵੀ ਪਾਸਾ ਵੱਟ ਲੈਂਦੇ ਹਨ, ਕਿ ਇਹ ਕਿਤੇ ਕੋਈ ਵਗਾਰ ਹੀ ਨਾ ਪਾ ਦੇਵੇ। ਇਸ ਗੱਲ ‘ਚ ਰੱਤੀ ਵੀ ਝੂਠ ਨਹੀਂ ਹੈ, ਕਿ ਗਰੀਬ ਨਾਲੋਂ ਤਾਂ ਪਸ਼ੂ ਦੀ ਕਦਰ ਕਿਤੇ ਜਿਆਦਾ ਹੈ।

ਪੈਸੇ ਦੀ ਤਾਕਤ ਦਾ ਤਾਂ ਇਸ ਗੱਲ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ, ਕਿ ਛੇਤੀ ਕੀਤਿਆਂ ਗਰੀਬ ਬੰਦੇ ਨਾਲ ਨਾ ਹੀ ਕੋਈ ਦੋਸਤੀ ਗੰਢਦਾ ਹੈ ਅਤੇ ਹੀ ਕੋਈ ਰਿਸ਼ਤੇਦਾਰੀ ਹੀ ਪਾਉਂਦਾ ਹੈ। ਅੱਜ ਕੱਲ ਰਿਸ਼ਤੇ ਨਾਤੇ ਤੇ ਦੋਸਤੀਆਂ ਵੀ ਤਾਂ ਲੋਕ ਆਪਣੇ ਬਰਾਬਰ ਜਾਂ ਫਿਰ ਆਪਣੇ ਤੋਂ ਜਿਆਦਾ ਅਮੀਰ ਲੋਕਾਂ ਨਾਲ ਹੀ ਪਾਉਂਦੇ ਹਨ, ਤਾਂ ਕਿ ਔਖੇ ਵਕਤ ਚ ਅਮੀਰ ਲੋਕਾਂ ਤੋਂ ਕੋਈ ਨਾ ਕੋਈ ਮੱਦਦ ਲਈ ਜਾ ਸਕੇ। ਪਰ ਇਹ ਵੀ ਮਨੁੱਖ ਦਾ, ਇੱਕ ਨਿਰਾ ਵਹਿਮ ਹੀ ਹੈ। ਅਮੀਰ ਆਦਮੀ ਆਪਣੇ ਤੋਂ ਜਿਆਦਾ ਅਮੀਰ ਆਦਮੀ ਨਾਲ ਰਿਸ਼ਤੇ ਨਾਤੇ ਤੇ ਦੋਸਤੀਆਂ ਗੰਢਣ ਚ ਯਕੀਨ ਰੱਖਦਾ ਹੈ।ਇਸੇ ਨੂੰ ਤਾਂ ਪੈਸੇ ਦੀ ਹੋੜ ਕਹਿੰਦੇ ਹਨ।

ਭਾਵੇਂ ਹਰ ਕੋਈ ਚਾਹੁੰਦਾ ਹੈ,ਕਿ ਉਹ ਅਮੀਰ ਹੋਵੇ।ਉਸ ਪਾਸ ਬੇਸੁਮਾਰ ਧਨ ਦੌਲਤ ਹੋਵੇ।ਪਰ ਸਵਾਲ ਤਾਂ ਇਹ ਹੈ,ਕਿ ਇਹ ਧਨ ਦੌਲਤ ਕਿੱਥੋਂ ਆਵੇ?ਭਾਵੇਂ ਕਹਿਣ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ,ਕਿ ਬੰਦੇ ਨੂੰ ਦੱਬਕੇ ਮਿਹਨਤ ਕਰਨੀ ਚਾਹੀਦੀ ਹੈ।ਪਰ ਅਫਸੋਸ, ਕਿ ਕੰਮ ਮਿਲਦਾ ਹੀ ਕਿੱਥੇ ਹਨ?ਅਗਰ ਕਿਸੇ ਨੂੰ ਕੋਈ ਕੰਮ ਮਿਲਦਾ ਵੀ ਹੈ,ਤਾਂ ਉਹਦੇ ਨਾਲ ਐਨੀ ਮਹਿੰਗਾਈ ਦੇ ਦੌਰ ਚ,ਪਰਿਵਾਰ ਦਾ ਤੋਰੀ ਫੁਲਕਾ ਹੀ ਮਸਾਂ ਚੱਲਦਾ ਹੈ।ਅਜਿਹੇ ਸਮੇਂ ਮਨੁੱਖ ਕਰੇ ਤਾਂ ਕੀ ਕਰੇ,ਜਾਵੇ ਤਾਂ ਕਿੱਥੇ ਜਾਵੇ?ਇਸ ਸਵਾਲ ਨੇ ਹੀ ਅੱਜ ਦੇ ਦੌਰ ਚ ਹਰ ਮਨੁੱਖ ਨੂੰ ਪ੍ਰੇਸ਼ਾਨ ਕਰੀ ਰੱਖਿਆ ਹੈ।

- Advertisement -

ਹਰ ਮਨੁੱਖ ਦਾ ਹੀ ਦਿਲ ਕਰਦਾ ਹੈ,ਕਿ ਉਸ ਕੋਲ ਦੁਨੀਆਂ ਦੀ ਹਰ ਸੁੱਖ ਸੁਵਿਧਾ ਹੋਵੇ ਅਤੇ ਉਹਦਾ ਪਰਿਵਾਰ ਵਧੀਆ ਅਰਾਮ ਦੀ ਜਿੰਦਗੀ ਬਤੀਤ ਕਰੇ। ਪਰ ਮੁਸ਼ਕਲ ਤਾਂ ਇਹੋ ਹੈ,ਕਿ, ਡੁੱਬੀ ਤਾਂ, ਜੇ ਸਾਹ ਨਾ ਆਇਆ! ਕਹਿਣ ਤੋਂ ਭਾਵ ਇਹ ਹੈ, ਕਿ ਪੈਸਾ ਅਤੇ ਧਨ ਦੌਲਤ ਤਾਂ ਹਰ ਕੋਈ ਚਾਹੁੰਦਾ ਹੈ। ਪਰ ਇਹਦੇ ਲਈ ਨਾ ਹੀ ਕੋਈ ਕੰਮ-ਕਾਰ ਹੈ ਅਤੇ ਨਾ ਹੀ ਕੋਈ ਵਪਾਰ ਤੇ ਕੋਈ ਨੌਕਰੀ ਹੀ ਹੈ। ਉਪਰੋਂ ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਹੋਣ ਕਰਕੇ ਅਤੇ ਕਾਰਪੋਰੇਟ ਘਰਾਣਿਆਂ ਦਾ ਸਰਕਾਰੀ ਅਦਾਰਿਆਂ ਤੇ ਦਬਦਬਾ ਹੋਣ ਦੇ ਕਾਰਨ ਆਮ ਜਨਤਾ ਦਾ ਜੀਣਾ ਤਾਂ ਪਹਿਲਾਂ ਹੀ ਦੁੱਭਰ ਹੋਇਆ ਪਿਆ ਹੈ।

ਅਜਿਹੇ ਭੁੱਖਮਰੀ ਤੇ ਬੇਰੁਜ਼ਗਾਰੀ ਦੇ ਦੌਰ ਚੋਂ ਨਿੱਕਲਣ ਲਈ ਹੀ ਅੱਜ ਦੀ ਨੌਜਵਾਨ ਪੀੜ੍ਹੀ ਨੇ ਬਾਹਰਲੇ ਦੇਸ਼ਾਂ ਦਾ ਰੁੱਖ ਕੀਤਾ ਹੋਇਆ ਹੈ। ਬਾਹਰਲੇ ਦੇਸ਼ਾਂ ਦੇ ਕਾਨੂੰਨਾਂ ਅਤੇ ਪੈਸੇ ਦੀ ਚਕਾਚੌਂਧ ਅਤੇ ਆਪਣੀ ਮਜਬੂਰੀ ਨੇ ਨੌਜਵਾਨ ਤਬਕੇ ਨੂੰ ਬਾਹਰਲੇ ਦੇਸ਼ਾਂ ਚ ਜਾਣ ਲਈ ਮਜਬੂਰ ਕਰ ਦਿੱਤਾ ਹੈ। ਪਰ ਉੱਧਰ ਜਾ ਕੇ, ਇਹ ਨੌਜਵਾਨ ਡਾਲਰਾਂ ਦੀ ਚਕਾਚੌਂਧ ‘ਚ ਐਨਾ ਗੁਆਚ ਜਾਂਦੇ ਕਿ ਪਿੱਛੇ ਆਪਣੇ ਮੁਲਕ ‘ਚ ਦੁਸ਼ਵਾਰੀਆਂ ਕੱਟ ਰਹੇ ਆਪਣੇ ਭੈਣ ਭਰਾਵਾਂ ਅਤੇ ਮਾਪਿਆਂ ਨੂੰ ਬਿਲਕੁਲ ਹੀ ਵਿਸਾਰ ਦਿੰਦੇ ਹਨ। ਜਿਹੜਾ ਕਿ ਸਮਾਜ ਦੇ ਮੱਥੇ ਤੇ ਬੜਾ ਵੱਡਾ ਬਦਨੁਮਾ ਦਾਗ ਹੈ।

ਭਾਵੇਂ ਪੈਸਾ ਜਿੰਦਗੀ ਚ ਬੜਾ ਮਹੱਤਵ ਰੱਖਦਾ ਹੈ,ਪਰ ਇਹ ਪੈਸਾ ਹੀ ਜਿੰਦਗੀ ਚ ਸਭ ਕੁੱਝ ਨਹੀਂ ਹੁੰਦਾ।ਆਖਰ ਪੈਸੇ ਨੇ ਕਿਹੜਾ ਮਰਨ ਵੇਲੇ ਬੰਦੇ ਦੇ ਨਾਲ ਜਾਣਾ ਹੁੰਦਾ ਹੈ। ਅਸਲ ਵਿੱਚ ਜਿੰਦਗੀ ਤਾਂ ਮਨੁੱਖ ਦੇ ਕਿਸੇ ਹੱਦ ਤੱਕ ਸਬਰ ਸੰਤੋਖ ਨਾਲ ਹੀ ਗੁਜਰਦੀ ਹੈ।ਕਿਉਂਕਿ ਮਨੁੱਖ ਦੀ ਅਮੀਰੀ ਤੇ ਗਰੀਬੀ ਦਾ ਕੋਈ ਪੈਮਾਨਾ ਵੀ ਤਾਂ ਨਹੀਂ ਹੁੰਦਾ। ਸਬਰ ਸੰਤੋਖ ਵਾਲਾ ਬੰਦਾ ਹਜਾਰਾਂ ਦਾ ਮਾਲਕ ਵੀ ਅਮੀਰ ਹੁੰਦਾ ਹੈ। ਪਰ ਬੇਸਬਰਾ ਮਨੁੱਖ ਕਰੋੜਾਂ ਅਰਬਾਂ ਦਾ ਮਾਲਕ ਹੁੰਦਾ ਹੋਇਆ ਵੀ ਗਰੀਬ ਹੀ ਹੁੰਦਾ ਹੈ।ਇਹ ਤਾਂ ਬੰਦੇ ਦੀ ਆਪਣੀ ਮਾਨਸਿਕਤਾ ਤੇ ਵੀ ਨਿਰਭਰ ਕਰਦਾ ਹੈ।

ਭਾਵੇਂ ਅਜੋਕੇ ਦੌਰ ਚ ਦੇਸ਼ ਦੀ ਨੌਜਵਾਨੀ ਕਿਸੇ ਵੀ ਤਰੀਕੇ ਅਤੇ ਕਿਸੇ ਵੀ ਕਾਰਨ ਦੇਸ਼ ਤੋਂ ਬਾਹਰ ਜਾ ਰਹੀ ਹੈ। ਪਰ ਉੱਥੇ ਜਾ ਕੇ ਵੀ ਉਨ੍ਹਾਂ ਨੂੰ ਦੁਸ਼ਵਾਰੀਆਂ ਨਾਲ ਦੋ ਚਾਰ ਹੋਣਾ ਹੀ ਪੈਂਦਾ ਹੈ। ਮਾਪਿਆਂ ਦੇ ਹੱਥ ਪੱਲੇ ਜੋ ਹੁੰਦਾ ਹੈ, ਉਹ ਬੱਚਿਆਂ ਨੂੰ ਬਾਹਰ ਭੇਜਣ ਚ ਖਰਚ ਹੋ ਜਾਂਦਾ ਹੈ। ਉੱਧਰ ਬੱਚੇ ਆਪਣੇ ਆਪਨੂੰ ਸੈੱਟ ਕਰਦੇ 2 ਅਤੇ ਆਪਣੀ ਜਿੰਦਗੀ ਨੂੰ ਬਤੀਤ ਕਰਦੇ ਹੋਏ ਆਪਣੇ ਭੈਣ ਭਰਾਵਾਂ ਤੇ ਮਾਪਿਆਂ ਨੂੰ ਬਿਲਕੁਲ ਹੀ ਵਿਸਾਰ ਦਿੰਦੇ ਹਨ। ਕਈ ਵਾਰ ਤਾਂ ਨੌਬਤ ਇੱਥੋਂ ਤੱਕ ਆ ਜਾਂਦੀ ਹੈ,ਕਿ ਬਜੁਰਗ ਮਾਪੇ ਆਪਣੇ ਬੱਚਿਆਂ ਨੂੰ ਉਡੀਕਦੇ 2, ਬ੍ਰਿਧ ਆਸ਼ਰਮਾਂ ‘ਚ ਰੁਲਦੇ ਹੀ ਮਰ ਜਾਂਦੇ ਹਨ। ਪਰ ਬੱਚੇ ਉਨ੍ਹਾਂ ਦੇ ਅੰਤਮ ਵੇਲੇ ਜਾਂ ਸੰਸਕਾਰ ਤੇ ਵੀ ਨਹੀਂ ਆ ਸਕਦੇ।ਅੱਜ ਦੇ ਮਨੁੱਖ ਦੀ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ।

ਭਾਵੇਂ ਅਜੋਕਾ ਸੰਸਾਰ ਹੀ ਇੱਕ ਇਕਾਈ ਦਾ ਰੂਪ ਧਾਰਨ ਕਰ ਚੁੱਕਿਆ ਹੈ।ਪਰ ਫੇਰ ਮਾਪਿਆਂ ਨੂੰ ਬੁਢਾਪੇ ‘ਚ ਰੁਲਣ ਅਤੇ ਨੌਜਵਾਨਾਂ ਦੀ ਜੁਆਨੀ ਨੂੰ ਰੁਲਣ ਤੋਂ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਨੂੰ ਰੁਜਗਾਰ ਦੇ ਸਾਧਨ ਮਹੱਈਆ ਕਰਵਾਉਣ ਦੇ ਉੱਚਿਤ ਉਪਰਾਲੇ ਕਰਨੇ ਚਾਹੀਦੇ ਹਨ,ਤਾਂ ਕਿ ਬੁੱਢੇ ਮਾਪਿਆਂ ਨੂੰ ਰੁਲਣ ਤੋਂ ਅਤੇ ਨੌਜੁਆਨੀ ਦੇ ਭਵਿੱਖ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ,ਅਗਰ ਲੋਕ ,ਇਸ ਮਸਲੇ ਤੇ ਆਪਣੀ ਪੁਰਜੋਰ ਆਵਾਜ਼ ਬੁਲੰਦ ਕਰਨ ਅਤੇ ਸਮੇਂ ਦੀਆਂ ਸਰਕਾਰਾਂ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕੋਈ ਸੰਜੀਦਾ ਯਤਨ ਕਰਨ ਦੀ ਕੋਸ਼ਿਸ਼ ਕਰਨ।ਐਵੇਂ ਗੱਲਾਂ ਬਾਤਾਂ ਨਾਲ ਜਾਂ ਫਿਰ ਸਰਕਾਰਾਂ ਦੇ ਫੋਕੇ ਨਾਅਰਿਆਂ ਤੇ ਲਾਰਿਆਂ ਨਾਲ ਇਹ ਮਸਲੇ ਹੱਲ ਹੋਣ ਵਾਲੇ ਨਹੀਂ ਹਨ। ਜਿੰਨਾ ਚਿਰ ਜਨਤਾ ਤੇ ਸਰਕਾਰਾਂ ਕੋਈ ਸਾਂਝਾ ਉਪਰਾਲਾ ਨਹੀਂ ਕਰਦੀਆਂ, ਉਦੋਂ ਤੱਕ ਡਾਲਰਾਂ ਦੀ ਚਕਾਚੌਂਧ ਨੇ ਦੇਸ਼ ਦੀ ਨੌਜਵਾਨੀ ਨੂੰ ਇਸੇ ਤਰ੍ਹਾਂ ਹੀ ਬਰਬਾਦ ਕਰਦੇ ਰਹਿਣਾ ਹੈ।

- Advertisement -

ਸੰਪਰਕ: 93169 10402

Share this Article
Leave a comment