Breaking News

ਗੁਰਮੀਤ ਬਾਵਾ ਅਤੇ ਕੁਲਵੰਤ ਸਿੰਘ ਸੂਰੀ ਦਾ ਸਦੀਵੀ ਵਿਛੋੜਾ

ਚੰਡੀਗੜ੍ਹ: ਅੰਮ੍ਰਿਤਸਰ ਸ਼ਹਿਰ ਦੀਆਂ ਕਲਾ ਅਤੇ ਸਾਹਿਤ ਨੂੰ ਸਮਰਪਿਤ ਦੋ ਉੱਘੀਆਂ ਸ਼ਖ਼ਸੀਅਤਾਂ ਕੁਲਵੰਤ ਸਿੰਘ ਸੂਰੀ ਅਤੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਸਦੀਵੀ ਵਿਛੋੜੇ ਦੇ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਗੁਰਮੀਤ ਬਾਵਾ ਨੇ ਲਗਪਗ ਚਾਰ ਦਹਾਕੇ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਕਲਾ ਦੀ ਧਾਕ ਜਮਾਈ ਰੱਖੀ। ਉਸ ਨੇ ਪੰਜਾਬੀ ਲੋਕ ਸੰਗੀਤ ਅਤੇ ਪੰਜਾਬੀ ਲੋਕ ਗਾਇਕੀ ਨੂੰ ਸਿਖਰਲੇ ਮੁਕਾਮ ਤੱਕ ਪਹੁੰਚਾਇਆ। ਉਸ ਦੀ ਬੁਲੰਦ, ਪੁਰਸੋਜ਼ ਆਵਾਜ਼ ਅਤੇ ਲੰਮੀ ਹੇਕ ਉਸ ਦੀ ਲੋਕ ਗਾਇਕੀ ਦਾ ਵਿਲੱਖਣ ਅੰਗ ਹੈ। ਉਸ ਨੇ ਪੰਜਾਬੀ ਦੀਆਂ ਲੋਕ ਗਾਥਾਵਾਂ ਅਤੇ ਪ੍ਰੀਤ ਕਥਾਵਾਂ ਨੂੰ ਆਪਣੀ ਜ਼ੁਬਾਨ ਦੇ ਜਾਦੂ ਦੇ ਅਸਰ ਨਾਲ ਲੋਕ ਸਿਮਰਤੀ ਦਾ ਅੰਗ ਬਣਾ ਦਿੱਤਾ। ਉਸ ਦੀਆਂ ਦੋ ਧੀਆਂ ਨੇ ਪੰਜਾਬੀ ਲੋਕ ਗਾਇਕੀ ਦੀ ਪਰੰਪਰਾ ਅਤੇ ਆਪਣੀ ਮਾਂ ਦੇ ਮਖ਼ਸੂਸ ਅੰਦਾਜ਼ ਨੂੰ ਅੱਗੇ ਤੋਰਿਆ। ਪੰਜਾਬੀ ਦੇ ਉੱਘੇ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਸਨ। ਸਾਹਿਤਕ ਫ਼ਿਜ਼ਾ ਵਿੱਚ ਪਲੇ ਅਤੇ ਪ੍ਰਵਾਨ ਹੋਏ ਕੁਲਵੰਤ ਸਿੰਘ ਸੂਰੀ ਨੇ ਨਾ ਕੇਵਲ ਪੰਜਾਬੀ ਦੀਆਂ ਸ੍ਰੇਸ਼ਠ ਪੁਸਤਕਾਂ ਨੂੰ ਛਾਪੇ ਦਾ ਜਾਮਾ ਪਹਿਨਾਇਆ ਸਗੋਂ ਪੰਜਾਬੀ ਸਾਹਿਤ ਦੀ ਰਵਾਇਤ ਨੂੰ ਹੋਰ ਅਮੀਰ ਬਣਾਇਆ। ਉਸ ਨੇ ਉਰਦੂ ਕਵੀਆਂ ਦੇ ਕਲਾਮ ਨੂੰ ਵੱਡੀ ਗਿਣਤੀ ਵਿੱਚ ਛਾਪ ਕੇ ਸਾਹਿਤਕ ਪਰੰਪਰਾ ਨੂੰ ਅਮੀਰ ਬਣਾਇਆ। ਉਸ ਦੀ ਜੀਵਨ ਸਾਥਣ ਅਤਰਜੀਤ ਸੂਰੀ ਪੰਜਾਬੀ ਦੀ ਉੱਘੀ ਕਹਾਣੀਕਾਰਾ ਹੈ ਅਤੇ ਪੁੱਤਰ ਨਵਦੀਪ ਸੂਰੀ ਵੀ ਅੰਗਰੇਜ਼ੀ ਦਾ ਉੱਘਾ ਲੇਖਕ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਮੀਤ ਬਾਵਾ ਅਤੇ ਕੁਲਵੰਤ ਸਿੰਘ ਸੂਰੀ ਦੇ ਸਦੀਵੀ ਵਿਛੋੜੇ ਨਾਲ ਅਸੀਂ ਇਕ ਲੋਕ ਕਲਾਕਾਰ ਅਤੇ ਉਘੇ ਪ੍ਰਕਾਸ਼ਕ ਤੋਂ ਵਾਂਝੇ ਹੋ ਗਏ ਹਾਂ ਉਨ੍ਹਾਂ ਨੇ ਦੋਹਾਂ ਸ਼ਖ਼ਸੀਅਤਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕੀਤਾ।

Check Also

ਸੀ.ਈ.ਓ. ਪੰਜਾਬ ਨੇ ਨਵੇਂ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਕੀਤੀ ਮੀਟਿੰਗ

ਚੰਡੀਗੜ੍ਹ: ਆਗਾਮੀ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਸਿਬਿਨ ਸੀ …

Leave a Reply

Your email address will not be published. Required fields are marked *