ਚੰਡੀਗੜ੍ਹ (ਅਵਤਾਰ ਸਿੰਘ): ਝੋਨੇ ਦੀ ਵਾਢੀ ਦੌਰਾਨ, ਭਾਰਤ ਵਿੱਚ ਪ੍ਰਚੱਲਤ ਕੰਬਾਈਨਾਂ ਪਰਾਲੀ ਦੇ ਢੇਰ ਕਤਾਰਾਂ ਵਿੱਚ ਪਿੱਛੇ ਛੱਡਦੀਆਂ ਸਨ। ਇਸ ਨਾਲ ਖੇਤ ਵਿੱਚ ਕਣਕ ਦੀ ਬਿਜਾਈ ਲਈ ਮਸ਼ੀਨਾਂ ਦਾ ਉਪਯੋਗ ਮੁਸ਼ਕਲ ਹੋ ਜਾਂਦਾ ਸੀ। ਕਈ ਥਾਵਾਂ ਤੇ ਪਰਾਲੀ ਦੀਆਂ ਮੋਟੀਆਂ ਤੈਹਾਂ ਕਣਕ ਦੇ ਜਮਾਅ ਵਿੱਚ ਵੀ ਵਿਘਨ ਪਾਉਂਦੀਆਂ ਸਨ। ਇਸ ਸੰਬੰਧੀ ਵਿੱਚ ਗੱਲ ਕਰਦਿਆਂ ਪੀ.ਏ.ਯੂ. ਲੁਧਿਆਣਾ ਦੇ ਖੇਤੀ ਇੰਜਨੀਅਰਾਂ ਡਾ. ਗੁਰਸਾਹਿਬ ਸਿੰਘ ਮਨੇਸ, ਡਾ. ਮਨਜੀਤ ਸਿੰਘ ਅਤੇ ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀ.ਏ.ਯੂ. ਦੁਆਰਾ ਕੰਬਾਈਨ ਹਾਰਵੈਸਟਰ ਤੇ ਅਟੈਚਮੈਂਟ ਦੇ ਰੂਪ ਵਿੱਚ ਲਾਉਣ ਲਈ ਪੀ.ਏ.ਯੂ. ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ ਐਮ ਐਸ) ਸਾਲ 2016 ਵਿੱਚ ਤਿਆਰ ਕੀਤਾ ਗਿਆ । ਇਹ ਉਪਕਰਨ ਪਰਾਲੀ ਦੇ ਟੁਕੜੇ ਕਰਕੇ ਖੇਤ ਵਿੱਚ ਖਿਲਾਰ ਦਿੰਦਾ ਹੈ ਤਾਂ ਕਿ ਪਰਾਲੀ ਦੀ ਤਹਿ ਇਕਸਾਰ ਖੇਤ ਵਿੱਚ ਵਿਛ ਜਾਵੇ। ਇਸ ਦੇ ਇਸਤੇਮਾਲ ਨਾਲ ਕਣਕ ਦੀ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ ਵਗੈਰਾ ਦੇ ਚੱਲਣ ਵਿੱਚ ਕਾਫੀ ਸੌਖ ਹੋ ਜਾਂਦੀ ਹੈ। ਸੁਪਰ ਐਸ ਐਮ ਐਸ ਨੂੰ ਮਸ਼ੀਨਾਂ ਰਾਹੀਂ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਲਈ ਜ਼ਰੂਰੀ ਸਮਝਦਿਆਂ ਹੋਇਆਂ ਇਸ ਦੀ ਵਰਤੋਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਲਈ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਤੌਰ ਤੇ ਜਨਵਰੀ 2017 ਵਿੱਚ ਲਾਜ਼ਮੀ ਕਰ ਦਿੱਤੀ ਗਈ। ਪੰਜਾਬ ਵਿੱਚ ਕੰਬਾਈਨਾਂ ਤਿਆਰ ਕਰਨ ਵਾਲੇ ਤਕਰੀਬਨ 120 ਅਦਾਰਿਆਂ ਨੇ ਸੁਪਰ ਐਸ ਐਮ ਐਸ ਟੈਕਨਾਲੋਜੀ ਦਾ ਲਾਇਸੈਂਸ ਪੀ.ਏ.ਯੂ ਕੋਲੋਂ ਪ੍ਰਾਪਤ ਕੀਤਾ ਹੈ।
ਸੁਪਰ ਐਸ ਐਮ ਐਸ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਮਾਹਿਰਾਂ ਨੇ ਦੱਸਿਆ ਕਿ ਇਕਸਾਰ ਵਿਛੀ ਹੋਈ ਪਰਾਲੀ ਨਾਲ ਖੇਤ ਵਿੱਚ ਨਮੀ ਵੀ ਇਕਸਾਰ ਰਹਿੰਦੀ ਹੈ ਜੋ ਕਿ ਕਣਕ ਦੇ ਚੰਗੇ ਜਮਾਅ ਲਈ ਲਾਹੇਵੰਦ ਹੈ। ਪਰਾਲੀ ਦੇ ਕੀਤੇ ਹੋਏ ਟੁਕੜੇ ਜਲਦੀ ਸੁੱਕਦੇ ਹਨ ਅਤੇ ਖੇਤ ਵਿੱਚ ਪਰਾਲੀ ਦੀ ਅਸਲ ਮਾਤਰਾ ਸਿਰਫ ਇੱਕ ਤਿਹਾਈ ਰਹਿ ਜਾਂਦੀ ਹੈ ਜੋ ਕਿ ਅਗਲੇਰੀ ਮਸ਼ੀਨੀ ਕਾਰਵਾਈ ਨੂੰ ਸੁਖਾਵਾਂ ਕਰ ਦਿੰਦੀ ਹੈ। ਉਦਾਹਰਣ ਵਜੋਂ ਹੈਪੀ ਸੀਡਰ ਦੀ ਕਾਰਜ-ਸਮਰੱਥਾ 18 ਪ੍ਰਤੀਸ਼ਤ ਵੱਧ ਜਾਂਦੀ ਹੈ। ਜੇਕਰ ਖੇਤ ਵਿੱਚੋਂ ਪਰਾਲੀ ਇਕੱਠੀ ਕਰਨ ਦੀ ਜ਼ਰੂਰਤ ਹੋਵੇ ਤਾਂ ਸੁਪਰ ਐਸ ਐਮ ਐਸ ਨੂੰ ਮਸ਼ੀਨ ਨਾਲੋਂ ਅਲੱਗ ਕੀਤੇ ਬਿਨਾਂ ਬੰਦ ਕੀਤਾ ਜਾ ਸਕਦਾ ਹੈ।
ਮਾਹਿਰਾਂ ਨੇ ਦੱਸਿਆ ਕਿ ਆਮ ਤੌਰ ਤੇ ਕੰਬਾਈਨਾਂ ਚਲਾਉਣ ਵਾਲੇ ਡਰਾਈਵਰ ਬਹੁਤ ਮਾਹਿਰ ਚਾਲਕ ਹੁੰਦੇ ਹਨ। ਇਹ ਚਾਲਕ ਸੁਪਰ ਐਸ ਐਮ ਐਸ ਵਾਲੀਆਂ ਕੰਬਾਈਨਾਂ ਚਲਾਉਣ ਲਈ ਪੂਰੀ ਤਰ੍ਹਾਂ ਸਮਰੱਥ ਹਨ।
ਸੁਪਰ ਐਸ ਐਮ ਐਸ ਚਲਾਉਣ ਲਈ ਕੰਬਾਈਨ ਦੀ ਤਾਕਤ ਬਾਰੇ ਗੱਲ ਕਰਦਿਆਂ ਮਾਹਿਰਾਂ ਨੇ ਕਿਹਾ ਕਿ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਨੂੰ 8-10 ਹਾਰਸ ਪਾਵਰ ਵੱਧ ਦੀ ਲੋੜ ਪੈਂਦੀ ਹੈ। ਸਵੈ-ਚਲਤ ਕੰਬਾਈਨਾਂ ਵਿੱਚ ਇਹ ਵਾਧੂ ਸ਼ਕਤੀ ਪਹਿਲਾਂ ਹੀ ਹੁੰਦੀ ਹੈ। ਸੁਪਰ ਐਸ ਐਮ ਐਸ ਵਾਲੀਆਂ ਕੰਬਾਈਨਾਂ ਵਿੱਚ ਤੇਲ ਦੀ ਖਪਤ ਤਕਰੀਬਨ 25% ਵੱਧ ਹੈ ਪਰ ਇਸ ਨਾਲ ਕਾਰਜ ਸਮਰਥਾ ਦੇ ਕੁਝ ਘੱਟਣ ਕਰਕੇ ਕੁਝ ਖਰਚ ਵੱਧ ਹੁੰਦਾ ਹੈ ਜੋ 300-350 ਰੁਪਏ ਪ੍ਰਤੀ ਏਕੜ ਹੈ । ਸੁਪਰ ਐਸ ਐਮ ਐਸ ਦੀ ਵਰਤੋਂ ਸਦਕਾ ਕਣਕ ਦੀ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਬੇਹਤਰ ਕਾਰਗੁਜ਼ਾਰੀ ਇਸ ਖਰਚੇ ਦੀ ਪੂਰਤੀ ਕਾਫੀ ਹੱਦ ਤੱਕ ਕਰ ਦਿੰਦੀ ਹੈ।
ਮਾਹਿਰਾਂ ਨੇ ਸੁਪਰ ਐਸ ਐਮ ਐਸ ਦੀ ਬੈਲੈਂਸਿੰਗ ਬਾਰੇ ਕਿਹਾ ਕਿ ਸਹੀ ਤਰੀਕੇ ਨਾਲ ਬੈਲੈਂਸ ਕੀਤਾ ਹੋਇਆ ਐਸ ਐਮ ਐਸ ਪੂਰਾ ਸੀਜ਼ਨ ਖੇਤ ਵਿੱਚ ਚੱਲ ਸਕਦਾ ਹੈ। ਇਸ ਨੂੰ ਵਾਰ-ਵਾਰ ਬੈਲੈਂਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਬੈਲੈਂਸ ਕੀਤੇ ਬਿਨਾਂ ਐਸ ਐਮ ਐਸ ਦੀ ਵਰਤੋਂ ਨਾਲ ਕੰਬਾਈਨ ਦਾ ਕੰਪਨ ਜਾਂ ਵਾਈਬਰੇਸ਼ਨ ਵੱਧ ਜਾਂਦਾ ਹੈ ਅਤੇ ਦਾਣਿਆਂ ਦਾ ਕੁਝ ਨੁਕਸਾਨ ਹੋ ਸਕਦਾ ਹੈ। ਬੈਲੈਂਸ ਕੀਤੇ ਹੋਏ ਐਸ ਐਮ ਐਸ ਵਾਲੀ ਕੰਬਾਈਨ ਦੀ ਦਾਣਿਆਂ ਦੀ ਕਢਾਈ ਅਤੇ ਸਫ਼ਾਈ ਸਮਰੱਥਾ ਆਮ ਕੰਬਾਈਨ ਦੇ ਬਰਾਬਰ ਹੈ। ਸੁਪਰ ਐਸ ਐਮ ਐਸ ਦੇ ਚੱਲਣ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ਤੇ ਕਿਸਾਨ ਸੁਪਰ ਐਸ ਐਮ ਐਸ ਦੀ ਜਿਸ ਫਰਮ ਤੋਂ ਖਰੀਦ ਕੀਤੀ ਗਈ ਹੈ ਉਸ ਨਾਲ ਸੰਪਰਕ ਕਰੇ। ਪੰਜਾਬ ਸਰਕਾਰ ਹੈਲਪ ਲਾਈਨ 1800-180-1551 ਤੋਂ ਵੀ ਮਦਦ ਲਈ ਜਾ ਸਕਦੀ ਹੈ।
ਇਸ ਸੰਬੰਧੀ ਹੋਰ ਤਕਨੀਕੀ ਜਾਣਕਾਰੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨਾਲ 0161-2401960 ਐਕਸਟੈਨਸ਼ਨ ਨੰਬਰ 257 ਤੇ ਸੰਪਰਕ ਕੀਤਾ ਜਾ ਸਕਦਾ ਹੈ।