ਦੇਸ਼ ‘ਚ ਇੱਕ ਅਪ੍ਰੈਲ ਤੋਂ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਖਪਤਕਾਰਾਂ ਨੂੰ ਹਰ ਵੇਲੇ ਬਿਜਲੀ ਉਪਲਬਧ ਕਰਵਾਉਣ ਲਈ ਬਿਜਲੀ ਮੰਤਰਾਲੇ ਨੇ ਪੂਰੀ ਤਿਆਰੀਆਂ ਕਰ ਲਈਾਆਂ ਹਨ। ਜੇਕਰ ਬਿਨਾਂ ਅਗਾਊਂ ਸੂਚਨਾ ਬਿਜਲੀ ਕੱਟੀ ਤਾਂ ਕੰਪਨੀ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਬਿਜਲੀ ਮੰਤਰਾਲਾ 24 ਘੰਟੇ ਬਿਜਲੀ ਦੇਣ ਲਈ ਸਾਰੇ ਸੂਬਿਆਂ ਨਾਲ ਮਿਲ ਕੇ ਇਸ ਦੀ ਨਿਗਰਾਨੀ ਕਰ ਰਿਹਾ ਹੈ।
ਗੁਰੂਗ੍ਰਾਮ ਵਿਚ ਭਲਕੇ ਹੋਣ ਵਾਲੀ ਸੂਬਿਆਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀ ਬਿਜਲੀ ਮੰਤਰੀਆਂ ਦੀ ਬੈਠਕ ਵਿਚ ਵੀ ਇਸੇ ਉਤੇ ਚਰਚਾ ਹੋਵੇਗੀ। ਕੇਂਦਰੀ ਊਰਜਾ ਰਾਜ ਮੰਤਰੀ ਆਰਕੇ ਸਿੰਘ ਨੇ ਦੱਸਿਆ ਕਿ ਦੇਸ਼ ਦੇ ਹਰ ਘਰ ਵਿਚ ਪਹਿਲੀ ਅਪਰੈਲ ਤੋਂ 24 ਘੰਟੇ ਬਿਜਲੀ ਉਪਲਬਧ ਹੋਵੇਗੀ। ਉਨ੍ਹਾਂ ਸਖਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਕੰਪਨੀ ਬਿਨਾਂ ਕਿਸੇ ਕਾਰਨ ਕੱਟ ਲਾਵੇਗੀ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਉਨ੍ਹਾਂ ਕਿਹਾ ਕਿ ਤਕਨੀਕੀ ਖਰਾਬੀ ਜਾਂ ਕੁਦਰਤੀ ਆਫਤ ਆਉਣ ਉਤੇ ਬਿਜਲੀ ਕਟੌਤੀ ਵਿਚ ਕੁਝ ਢਿੱਲ ਮਿਲ ਸਕਦੀ ਹੈ। ਇਸ ਸਮੇਂ ਸਰਕਾਰ ਵੱਲੋਂ ਇਸ ਪਾਸੇ ਪਹਿਲ ਦੇ ਆਧਾਰ ਉਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਰਕਾਰ ਪਿਛਲੇ ਕਾਫੀ ਸਮੇਂ ਤੋਂ ਇਸ ਉਤੇ ਕੰਮ ਕਰ ਰਹੀ ਸੀ। ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਟਰਸਟੇਟ ਗਰਿੱਡ ਵਿਚ ਇਕ ਲੱਖ ਤੋਂ ਵੱਧ ਸਰਕਟ ਕਿਮੀ. ਦੀ ਲਾਈਨ ਜੋੜੀ ਗਈ ਹੈ। ਜਿਸ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਬਿਜਲੀ ਪਹੁੰਚਾਉਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਅਸੀਂ ਪ੍ਰਧਾਨ ਮੰਤਰੀ ਦੀ ਯੋਜਨਾ ਇਕ ਗਰਿੱਡ-ਇਕ ਦੇਸ਼ ਨੂੰ ਸਾਕਾਰ ਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਅਸੀਂ ਪੂਰੇ ਦੇਸ਼ ਵਿਚ ਕਿਤੇ ਵੀ ਬਿਜਲੀ ਦੇ ਸਕਦੇ ਹਾਂ।