ਕਿਸਾਨ ਮੋਰਚੇ ਨੇ 25 ਦਰੱਖਤ ਵੱਢਣੋਂ ਬਚਾਏ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) : ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਸਾਹਮਣੇ ਮੁੱਖ ਸੜਕ ਦੇ ਵਿਚਕਾਰ ਲੱਗੇ ਪਿੱਪਲ ਦੇ ਪੱਚੀ ਦਰੱਖਤਾਂ ਨੂੰ ਕਿਸਾਨ ਮੋਰਚੇ ਦੇ ਆਗੂਆਂ ਨੇ ਉਸ ਵੇਲੇ ਬਚਾ ਲਿਆ ਜਦੋਂ ਬੀਤੇ ਦਿਨ ਦੁਪਹਿਰ ਵੇਲੇ ਦਰੱਖਤ ਕੱਟਣ ਵਾਲੇ ਠੇਕੇਦਾਰ ਬਿਜਲੀ ਵਾਲੇ ਆਰੇ ਲੈ ਕੇ ਪਹੁੰਚ ਗਏ ਸਨ ਅਤੇ ਦਰਖਤਾਂ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗੁਰਦੁਆਰਾ ਸਾਹਿਬ ਦੇ ਸਾਹਮਣੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਮੋਰਚੇ ਦੇ ਪ੍ਰਬੰਧਕਾਂ ਨੇ ਜਦੋਂ ਪਿੱਪਲ ਦੇ ਦਰੱਖਤਾਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਦਰੱਖਤ ਕੱਟਣ ਦੀ ਮਨਜ਼ੂਰੀ ਜੋ ਸਬੰਧਤ ਅਥਾਰਟੀ ਤੋਂ ਲੈਣੀ ਹੁੰਦੀ ਹੈ ਨਹੀਂ ਵਿਖਾਈ । ਕੇਵਲ ਪੁੱਡਾ ਅਧਿਕਾਰੀਆਂ ਦਾ ਇਕ ਪੱਤਰ ਹੀ ਉਨ੍ਹਾਂ ਵਖਾਇਆ ਜਿਸ ਵਿੱਚ ਦਰੱਖਤ ਕੱਟਣ ਦਾ ਟੈਂਡਰ ਦਾ ਜ਼ਿਕਰ ਕੀਤਾ ਹੋਇਆ ਸੀ ।

ਕਿਸਾਨਾਂ ਦਾ ਵਿਰੋਧ ਕਰਨ ‘ਤੇ ਦਰੱਖਤਾਂ ਦੀ ਕਟਾਈ ਕਰਨ ਵਾਲੇ ਵਾਪਸ ਚਲੇ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਪੁਲੀਸ ਕੋਲ ਸ਼ਿਕਾਇਤ ਵੀ ਦੇ ਦਿੱਤੀ ਅਤੇ ਆਰਟੀਆਈ ਕਾਰਕੁਨ ਪ੍ਰਦੀਪ ਸ਼ਰਮਾ ਨੇ ਇਸ ਦੀ ਸ਼ਿਕਾਇਤ ਕੇਂਦਰੀ ਗ੍ਰੀਨ ਟ੍ਰਿਬਿਊਨਲ ਕੋਲ ਵੀ ਕਰ ਦਿੱਤੀ। ਸੋਹਾਣਾ ਦੇ ਨੌਜਵਾਨ ਆਗੂ ਰੋਹਿਤ ਸ਼ਰਮਾ, ਆਰਟੀਆਈ ਕਾਰਕੁਨ ਪ੍ਰਦੀਪ ਸ਼ਰਮਾ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਕੁਦਰਤ ਨਾਲ ਬਿਲਕੁਲ ਵੀ ਖਿਲਵਾੜ ਨਹੀਂ ਕਰਨ ਦੇਣਗੇ। ਕਿਉਂਕਿ ਇਹ ਦਰੱਖਤ ਸੜਕ ਦੇ ਬਿਲਕੁਲ ਵਿਚਕਾਰ ਹਨ । ਇਨ੍ਹਾਂ ਦਰੱਖਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਨਿਯਮਾਂ ਮੁਤਾਬਕ ਅਜਿਹੇ ਦਰੱਖਤ ਕੱਟਣ ਦੀ ਮਨਾਹੀ ਹੈ ਪਰ ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਲੈਂਡ ਮਾਫ਼ੀਆ ਦੇ ਬੰਦੇ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਦਰੱਖਤਾਂ ਨੂੰ ਕੱਟਣ ਲੱਗੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਦਰੱਖਤਾੰ ਉਹ ਬਿਲਕੁਲ ਵੀ ਕੱਟਣ ਨਹੀਂ ਦੇਣਗੇ ਅਤੇ ਦਰੱਖਤਾਂ ਨੂੰ ਬਚਾਉਣ ਵਾਸਤੇ ਪੱਕਾ ਮੋਰਚਾ ਵੀ ਉਹ ਲਗਾਉਣਗੇ। ਜ਼ਿਕਰਯੋਗ ਹੈ ਕਿ ਇਕ ਇਮਾਰਤੀ ਅਤੇ ਰਿਹਾਇਸ਼ੀ ਪ੍ਰਾਜੈਕਟ ਦੇ ਪ੍ਰਬੰਧਕਾਂ ਨੇ ਆਪਣੇ ਪ੍ਰਾਜੈਕਟ ਦਾ ਮੂੰਹ ਮੱਥਾ ਨਿਖਾਰਣ ਲਈ ਇਨ੍ਹਾਂ ਦਰੱਖਤਾਂ ‘ਤੇ ਆਰਾ ਚਲਾਉਣ ਦੀ ਚਾਲ ਚੱਲੀ ਸੀ ਜੋ ਕਿਸਾਨਾਂ ਨੇ ਅਸਫਲ ਬਣਾ ਦਿੱਤੀ ਹੈ।

Share this Article
Leave a comment