Home / ਓਪੀਨੀਅਨ / ਕਿਸਾਨਾਂ ਲਈ ਫ਼ਲਦਾਰ ਬੂਟਿਆਂ ’ਚ ਜਿੰਕ ਦੀ ਘਾਟ ਪੂਰੀ ਕਰਨ ਲਈ ਜ਼ਰੂਰੀ ਨੁਕਤੇ

ਕਿਸਾਨਾਂ ਲਈ ਫ਼ਲਦਾਰ ਬੂਟਿਆਂ ’ਚ ਜਿੰਕ ਦੀ ਘਾਟ ਪੂਰੀ ਕਰਨ ਲਈ ਜ਼ਰੂਰੀ ਨੁਕਤੇ

-ਅਸ਼ੋਕ ਕੁਮਾਰ ਗਰਗ ਅਤੇ ਰਵਿੰਦਰ ਕੌਰ;

ਜਿਵੇਂ ਕਿ ਸਾਰੇ ਕਿਸਾਨ ਵੀਰ ਜਾਣਦੇ ਹਨ ਕਿ ਕਿਸੇ ਵੀ ਬੂਟੇ ਦੇ ਸਹੀ ਵਾਧੇ ਅਤੇ ਵਿਕਾਸ ਲਈ ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਲੋੜੀਂਦਾ ਤਾਪਮਾਨ ਅਤੇ ਵੱਖ-ਵੱਖ ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਲੋੜ ਪੈਂਦੀ ਹੈ। ਜੇਕਰ ਖੁਰਾਕੀ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਵਿਗਿਆਨੀਆਂ ਮੁਤਾਬਿਕ 17 ਪ੍ਰਕਾਰ ਦੇ ਤੱਤਾਂ ਨੂੰ ਫਸਲਾਂ ਲਈ ਜ਼ਰੂਰੀ ਮੰਨਿਆ ਗਿਆ ਹੈ, ਇਹਨਾਂ ਵਿਚੋਂ ਜਿਹੜੇ ਖੁਰਾਕੀ ਤੱਤ ਜਿ਼ਆਦਾ ਮਾਤਰਾ ਵਿੱਚ ਲੋੜੀਂਦੇ ਹਨ ਉਹਨਾਂ ਨੂੰ ਮੁੱਖ ਤੱਤਾਂ ਜਾਂ ਵੱਡੇ ਤੱਤਾਂ ਦੀ ਸ਼੍ਰੇ਼ਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਜਿਨ੍ਹਾਂ ਦੀ ਘੱਟ ਮਾਤਰਾ ਵਿੱਚ ਲੋੜ ਹੈ ਉਹਨਾਂ ਨੂੰ ਛੋਟੇ ਜਾਂ ਸੂਖਮ ਤੱਤਾਂ ਦੀ ਸ਼੍ਰੇ਼ਣੀ ਅਧੀਨ ਰੱਖਿਆ ਜਾਂਦਾ ਹੈ। ਮੁੱਖ ਤੱਤਾਂ ਵਿਚੋਂ ਕਾਰਬਨ, ਹਾਈਡ੍ਰੋਜਨ ਅਤੇ ਆਕਸੀਜਨ ਤੱਤ ਬੂਟੇ ਨੂੰ ਹਵਾ ਅਤੇ ਪਾਣੀ ਵਿਚੋਂ ਮਿਲ ਜਾਂਦੇ ਹਨ ਜਦਕਿ ਨਾਈਟ੍ਰੋਜਨ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਸ਼ੀਅਮ ਅਤੇ ਗੰਧਕ ਤੱਤ ਜੋ ਕਿ ਵੱਡੇ ਤੱਤਾਂ ਦੀ ਸ਼੍ਰੇਣੀ ਵਿੱੱਚ ਆਉਂਦੇ ਹਨ ਜ੍ਹਿਨਾਂ ਨੂੰ ਬੂਟੇ ਮਿੱਟੀ ਅਤੇ ਪਾਣੀ ਵਿਚੋਂ ਪ੍ਰਾਪਤ ਕਰਦੇ ਹਨ। ਫ਼ਲੀਦਾਰ ਬੂਟੇ ਹਵਾ ਵਿਚੋਂ ਵੀ ਨਾਈਟ੍ਰੋਜਨ ਤੱਤ ਲੈਣ ਲਈ ਸਮੱਰਥ ਹੁੰਦੇ ਹਨ ਅਤੇ ਇ੍ਹਨਾਂ ਦੀ ਅੰਤਰ-ਫਸਲ ਗੈਰ-ਫਲਦਾਇਕ ਮਹੀਨਿਆਂ ਦੌਰਾਨ ਬਾਗ ਵਿੱਚ ਬੀਜਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਛੋਟੇ ਤੱਤਾਂ ਦੀ ਸ਼੍ਰੇਣੀ ਵਿੱਚ ਜਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੋਲੀਬਡੀਨਮ, ਕਲੋਰੀਨ, ਬੋਰੋਨ ਅਤੇ ਕੋਬਾਲਟ ਆੳਂੁਦੇ ਹਨ ਜਿਹਨਾਂ ਦੀ ਪੂਰਤੀ ਜਾਂ ਤਾਂ ਜ਼ਮੀਨ ਰਾਹੀਂ ਜਾਂ ਫਿਰ ਰਸਾਇਣਕ ਖਾਦਾਂ ਪਾ ਕੇ ਕੀਤੀ ਜਾ ਸਕਦੀ ਹੈ।

ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਜਿ਼ਆਦਾਤਰ ਕਿਸਾਨ ਵੀਰ ਵੱਡੇ ਤੱਤਾਂ ਵੱਲ ਹੀ ਜਿ਼ਆਦਾ ਤਵੱਜੋ ਦਿੰਦੇ ਹਨ ਜਦਕਿ ਉਪਰੋਕਤ ਛੋਟੇ ਤੱਤਾਂ ਵਿਚੋਂ ਕਿਸੇ ਦੀ ਵੀ ਘਾਟ ਆਉਣ ਤੇ ਵੀ ਬੂਟੇ ਦਾ ਸਹੀ ਵਿਕਾਸ ਜਾਂ ਵਾਧਾ ਨਹੀਂ ਹੁੰਦਾ। ਇਹਨਾਂ ਛੋਟੇ ਤੱਤਾਂ ਦੀ ਘਾਟ ਨਾਲ ਜਿੱਥੇ ਪੈਦਾਵਾਰ ਘਟਦੀ ਹੈ ਉੱਥੇ ਫਲ ਦੀ ਕੁਆਲਿਟੀ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਹਨਾਂ ਦੀ ਘਾਟ ਆਉਣ ਤੇ ਬੂਟਿਆਂ ਵਿੱਚ ਖਾਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਾਂ ਚਿੰਨ੍ਹ ਦਿਖਾਈ ਦਿੰਦੇ ਹਨ ਜਿਹੜੇ ਕਿ ਹਰੇਕ ਖੁਰਾਕੀ ਤੱਤ ਵਾਸਤੇ ਵੱਖਰੇ-ਵੱਖਰੇ ਹੁੰਦੇ ਹਨ। ਇਨ੍ਹਾਂ ਨਿਸ਼ਾਨੀਆਂ ਨੂੰ ਦੇਖ ਕੇ ਘਾਟ ਵਾਲੇ ਖੁਰਾਕੀ ਤੱਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਰੇਤਲੀਆਂ ਮੈਰਾ ਹੋਣ ਕਰਕੇ ਜੈਵਿਕ ਮਾਦੇ ਦੀ ਮਾਤਰਾ ਕਾਫੀ ਘੱਟ ਹੈ ਜਿਸ ਕਰਕੇ ਜਿਆਦਾਤਰ ਖੁਰਾਕੀ ਤੱਤਾਂ ਦੀ ਘਾਟ ਰਹਿੰਦੀ ਹੈ। ਕਈ ਥਾਵਾਂ ਤੇ ਜ਼ਮੀਨ ਵਿਚਲੇ ਲੂਣਾਂ ਦੀ ਮਾਤਰਾ ਮਾਪਦੰਡਾਂ ਤੋਂ ਜਿ਼ਆਦਾ ਹੋਣ ਕਰਕੇ ਵੀ ਕਈ ਖੁਰਾਕੀ ਤੱਤਾਂ ਦੀ ਉਪਲਬਧਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲੇਖ ਰਾਹੀਂ ਕਿਸਾਨਾਂ ਨੂੰ ਫਲਦਾਰ ਬੂਟਿਆਂ ਵਿੱਚ ਛੋਟੇ ਖੁਰਾਕੀ ਤੱਤਾਂ ਵਿੱਚ ਜਿੰ਼ਕ ਦੀ ਘਾਟ ਲਈ ਅਨੁਕੂਲ ਹਾਲਤਾਂ, ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ।

ਫ਼ਲਦਾਰ ਬੂਟਾ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ:

ਅਮਰੂਦ: ਜਿ਼ੰਕ ਦੀ ਘਾਟ ਆਉਣ ’ਤੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ, ਪੱਤੇ ਆਮ ਨਾਲੋਂ ਘੱਟ ਚੌੜੇ ਅਤੇ ਤਿੱਖੇ ਜਿਹੇ ਹੋ ਜਾਂਦੇ ਹਨ। ਪੱਤਿਆਂ ਦੀਆਂ ਨਾੜ੍ਹੀਆਂ ਵਿਚਕਾਰਲੀ ਥਾਂ ਪੀਲੀ ਹੋ ਜਾਂਦੀ ਹੈ (ਚਿੱਤਰ-1)। ਇਹ ਛੋਟੇ ਪੱਤੇ ਕਈ ਟਹਿਣੀਆਂ ’ਤੇ ਗੁੱਛਿਆਂ ਦੇ ਰੂਪ ਵਿੱਚ ਨਜਰ ਆਉਂਦੇ ਹਨ। ਇਹ ਦੋਵੇਂ ਨਿਸ਼ਾਨੀਆਂ ਬਹੁਤੇ ਪੌਦਿਆਂ ਤੇ ਇਕੋ ਹੀ ਟਹਿਣੀ ਤੇ ਨਜ਼ਰ ਆ ਜਾਂਦੀਆਂ ਹਨ। ਪੱਤਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਸ਼ਾਖਾਵਾਂ ਚੋਟੀ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿ਼ੰਕ ਦੀ ਘਾਟ ਨੂੰ ਪੂਰਾ ਕਰਨ ਲਈ ਜਿ਼ੰਕ ਸਲਫੇਟ ਖਾਦ ਨੂੰ ਜ਼ਮੀਨ ਵਿੱਚ ਜਾਂ ਛਿੜਕਾਅ ਕਰਕੇ ਪਾਇਆ ਜਾ ਸਕਦਾ ਹੈ। ਛਿੜਕਾਅ ਲਈ 1 ਕਿਲੋ ਜਿ਼ੰਕ ਸਲਫੇਟ ਵਿੱਚ ਅੱਧਾ ਕਿਲੋ ਅਣਬੁਝਿਆ ਚੂਨਾ ਰਲਾ ਕੇ 100 ਲਿਟਰ ਪਾਣੀ `ਚ ਘੋਲ ਲਵੋ ਅਤੇ ਘਾਟ ਵਾਲੇ ਬੂਟਿਆਂ ’ਤੇ ਜੂਨ ਤੋਂ ਸੰਤਬਰ ਮਹੀਨੇ ਵਿੱਚ 15 ਦਿਨਾਂ ਦੇ ਵਕਫੇ ਨਾਲ ਦੋ-ਤਿੰਨ ਛਿੜਕਾਅ ਕਰ ਦਿਉ। ਜ਼ਮੀਨ ਵਿੱਚ ਜਿੰ਼ਕ ਸਲਫੇਟ (21%) ਖਾਦ ਨੂੰ 250 ਗ੍ਰਾਮ ਤੋਂ 1 ਕਿਲੋਗ੍ਰਾਮ ਪ੍ਰਤੀ ਬੂਟਾ, ਬੂਟੇ ਦੀ ਉਮਰ ਮੁਤਾਬਿਕ ਪਾਇਆ ਜਾ ਸਕਦਾ ਹੈ।

ਕਿਨੂੰ: ਜੇਕਰ ਕਿਨੂੰ ਵਿੱਚ ਜਿ਼ੰਕ ਦੀ ਘਾਟ ਦਰਮਿਆਨੀ ਦਰਜੇ ਦੀ ਹੋਵੇ ਤਾਂ ਪੱਤਿਆਂ ਦੀਆਂ ਨਾੜੀਆਂ ਵਿਚਕਾਰਲੀ ਥਾਂ ਅਮਰੂਦ ਦੇ ਪੱਤਿਆਂ ਵਾਂਗ ਹੀ ਪੀਲੀ ਹੋ ਜਾਂਦੀ ਹੈ। ਨਾੜੀਆਂ ਅਤੇ ਉਹਨਾਂ ਦੇ ਦੁਆਲੇ ਥੋੜਾ ਹਿੱਸਾ ਹੀ ਹਰਾ ਰਹਿੰਦਾ ਹੈ (ਚਿੱਤਰ-2)। ਨਵੇਂ ਪੂਰੇ ਵਧੇ ਹੋਏ ਪੱਤਿਆਂ ਉੱਤੇ ਰੰਗ-ਬਿਰੰਗੇ ਧੱਬੇ ਪੈ ਜਾਂਦੇ ਹਨ। ਸਿਰੇ ਦੇ ਪੱਤੇ ਛੋਟੇ ਅਤੇ ਨੇੜੇ ਨੇੜੇ ਰਹਿ ਜਾਂਦੇ ਹਨ। ਫ਼ਲ ਦੇਣ ਵਾਲੀਆਂ ਅੱਖਾਂ ਦੀ ਮਾਤਰਾ ਬਹੁਤ ਘੱਟ ਜਾਂਦੀ ਹੈ। ਇਸ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਘਾਟ ਵਾਲੇ ਬੂਟਿਆਂ ਤੇ 4.70 ਗ੍ਰਾਮ ਜਿ਼ੰਕ ਸਲਫੇਟ (21%) ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹ ਛਿੜਕਾਅ ਬਹਾਰ ਰੁੱਤ ਦੀ ਫੋਟ ਨੂੰ ਅਖੀਰ ਅਪ੍ਰੈਲ ਵਿੱਚ ਗਰਮੀਆਂ ਦੀ ਫੋਟ ਨੂੰ ਅੱਧ ਅਗਸਤ ਵਿੱਚ ਚੂਨੇ ਤੋਂ ਬਗੈਰ ਹੀ ਕਰੋ। ਇਹ ਛਿੜਕਾਅ ਬੂਟਿਆਂ ਤੇ ਭਰਪੂਰ ਪੱਤੇ ਨਿਕਲਣ ਤੇ ਹੀ ਕਰੋ। ਜਿ਼ੰਕ ਦੀ ਘਾਟ ਆਮ ਕਰਕੇ ਪਹਿਲੇ ਫਲ ਆਉਣ ਤੋਂ ਇੱਕ ਸਾਲ ਬਾਅਦ ਭਾਵ ਚੌਥੇ ਸਾਲ ਵਿੱਚ ਆਉਂਦੀ ਹੈ, ਇਸ ਕਰਕੇ ਬੂਟੇ ਨੂੰ ਤੀਜੇ ਸਾਲ ਪਿਛੋਂ ਹਰ ਸਾਲ ਇਹ ਛਿੜਕਾਅ ਕਰ ਦੇਣਾ ਚਾਹੀਦਾ ਹੈ। ਨਾਸ਼ਪਾਤੀ: ਅਮਰੂਦ ਤੇ ਕਿੰਨੂ ਵਾਂਗ ਹੀ ਨਾਸ਼ਪਾਤੀ ਵਿੱਚ ਵੀ ਜਿ਼ੰਕ ਦੀ ਘਾਟ ਕਾਰਨ ਨਵੇਂ ਪੱਤਿਆਂ ਵਿੱਚ ਮੋਟੀਆਂ ਨਾੜ੍ਹਾਂ ਦੇ ਵਿਚਕਾਰਲਾ ਹਿੱਸਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪੱਤੇ ਛੋਟੇ ਆਕਾਰ ਦੇ ਅਤੇ ਉੱਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ (ਚਿੱਤਰ-3)। ਘਾਟ ਦੀਆਂ ਨਿਸ਼ਾਨੀਆਂ ਫੁੱਲ ਪੈਣ ਸਮੇਂ ਦਿਖਾਈ ਦਿੰਦੀਆਂ ਹਨ। ਪੱਤਿਆਂ ਦੇ ਗੁੱਛੇ ਬਣਨ ਲੱਗ ਜਾਂਦੇ ਹਨ ਅਤੇ ਕੁਝ ਟਹਿਣੀਆਂ ਵੀ ਉਪਰਲੇ ਪਾਸੇ ਤੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੀ ਘਾਟ ਨੂੰ ਪੂਰਾ ਕਰਨ ਲਈ 3 ਕਿਲੋ ਜਿ਼ੰਕ ਸਲਫਟ (21%) + 1.5 ਕਿਲੋ ਅਣ-ਬੁਝਿਆ ਚੂਨਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਅਲੂਚਾ: ਗਰਮੀ ਅਤੇ ਵਰਖਾ ਰੁੱਤ ਦੌਰਾਨ ਹਲਕੀਆਂ ਜ਼ਮੀਨਾਂ ਵਿੱਚ ਲੱਗੇ ਅਲੂਚੇ ਦੇ ਬਾਗਾਂ ਵਿੱਚ ਜਿ਼ੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਪੱਤੇ ਛੋਟੇ ਆਕਾਰ ਦੇ ਅਤੇ ਨਾੜੀਆਂ ਵਿਚਕਾਰੋਂ ਪੀਲੇ ਹੋ ਜਾਂਦੇ ਹਨ (ਚਿੱਤਰ-4)। ਟਾਹਣੀ ਦੀ ਟੀਸੀ ਦੇ ਸਿਰਿਆਂ ਤੇ ਪੱਤੇ ਗੁੱਛਿਆਂ ਵਾਂਗੂ ਸੰਘਣੇ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਜਿ਼ਆਦਾ ਲੰਬਾ ਸਮਾਂ ਘਾਟ ਰਹਿਣ ਤੇ ਟਹਿਣੀਆਂ ਦੀਆਂ ਟੀਸੀਆਂ ਉਪਰੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫ਼ਲਾਂ ਦਾ ਆਕਾਰ ਛੋਟਾ ਅਤੇ ਫ਼ਲ ਸਖ਼ਤ ਹੋ ਜਾਂਦੇ ਹਨ। ਇਸ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਉਪਰੋਕਤ ਨਾਸ਼ਪਾਤੀ ਵਾਂਗ ਹੀ ਘੋਲ ਬਣਾ ਕੇ ਜਿੰ਼ਕ ਸਲਫੇਟ ਦਾ ਛਿੜਕਾਅ ਕਰੋ। ਨੋਟ: ਪੱਤਿਆਂ ਦਾ ਛੋਟਾ ਆਕਾਰ ਹੋਣਾ, ਕਈ ਬੀਮਾਰੀਆਂ ਜਾਂ ਕੀੜਿਆਂ ਦੇ ਹਮਲੇ ਸਕਦਾ ਵੀ ਹੋ ਸਕਦਾ ਹੈ, ਪਰ ਪੱਤਿਆਂ ਦਾ ਛੋਟਾ ਆਕਾਰ ਹੋਣ ਤੇ ਨਾਲ-ਨਾਲ ਨਾੜ੍ਹੀਆਂ ਵਿਚਕਾਰਲੀ ਜਗ੍ਹਾ ਪੀਲੀ ਪੈਣਾ ਜਿ਼ੰਕ ਦੀ ਘਾਟ ਦੀ ਪੱਕੀ ਪਛਾਣ ਹੈ।

ਅੰਤ ਵਿੱਚ, ਉਪਰੋਕਤ ਫ਼ਲਦਾਰ ਬੂਟਿਆਂ ਵਿੱਚ ਜਿ਼ੰਕ ਦੀ ਘਾਟ ਨੂੰ ਪਛਾਣ ਕਰਕੇ ਅਤੇ ਉਹਨਾਂ ਦਾ ਸਮੇਂ ਸਿਰ ਇਲਾਜ ਕਰਕੇ ਕਿਸਾਨ ਵੀਰ ਇਹਨਾਂ ਬਾਗਾਂ ਦੇ ਬੂਟਿਆਂ ’ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *