Home / ਓਪੀਨੀਅਨ / ਕਿਸਾਨਾਂ ਲਈ ਵਿਸ਼ੇਸ਼ ਜਾਣਕਾਰੀ – ਪੰਜਾਬ ਦੇ ਕੰਢੀ ਇਲਾਕੇ ਵਿੱਚ ਕਣਕ ਦੀ ਸਫ਼ਲ ਕਾਸ਼ਤ

ਕਿਸਾਨਾਂ ਲਈ ਵਿਸ਼ੇਸ਼ ਜਾਣਕਾਰੀ – ਪੰਜਾਬ ਦੇ ਕੰਢੀ ਇਲਾਕੇ ਵਿੱਚ ਕਣਕ ਦੀ ਸਫ਼ਲ ਕਾਸ਼ਤ

-ਬਲਵਿੰਦਰ ਸਿੰਘ ਢਿੱਲੋਂ;

ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ 10-20 ਕਿਲੋਮੀਟਰ ਦੀ ਚੌੜੀ ਪੱਟੀ ਦੇ ਰੂਪ ਵਿੱਚ ਬਰਾਨੀ ਇਲਾਕਾ ਫੈਲਿਆ ਹੋਇਆ ਹੈ, ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਰੂਪਨਗਰ ਅਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਿਆਂ ਦਾ ਕੁਝ ਰਕਬਾ ਆਉਂਦਾ ਹੈ। ਇਸ ਇਲਾਕੇ ਵਿੱਚ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਸਿੰਚਾਈ ਦੇ ਰੂਪ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਸੁਚੱਜੀ ਕਾਸ਼ਤ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ।

ਜ਼ਮੀਨ ਅਤੇ ਨਮੀ ਦੀ ਸੰਭਾਲ: ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਹਲਕੀਆਂ ਜ਼ਮੀਨਾਂ ਜਿਨ੍ਹਾਂ ਦੀ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਘੱਟ ਹੁੰਦੀ ਹੈ, ਇਨ੍ਹਾਂ ਵਿੱਚ ਸਾਉਣੀ ਦੀ ਰੁੱਤ ਵਿੱਚ ਰਵਾਂਹ ਜਾਂ ਸਣ ਨੂੰ ਬੀਜ ਕੇ ਜ਼ਮੀਨ ਵਿੱਚ ਹਰੀ ਖਾਦ ਦੇ ਰੂਪ ਵਿੱਚ ਵਾਹਿਆ ਜਾਵੇ ਅਤੇ ਹਾੜ੍ਹੀ ਦੀ ਰੁੱਤ ਵਿੱਚ ਕਣਕ, ਕਣਕ+ਛੋਲੇ (ਬੇਰੜਾ) ਅਤੇ ਕਣਕ+ਰਾਇਆ ਦੀਆਂ ਕਤਾਰਾਂ ਬੀਜੋ। ਬੇਰੜੇ ਲਈ ਖਾਦਾਂ ਦੀ ਮਾਤਰਾ ਕਣਕ ਵਾਲੀ ਹੀ ਰੱਖੀ ਜਾਵੇ। ਖੇਤ ਵਿੱਚੋਂ ਸਾਉਣੀ ਦੀ ਫ਼ਸਲ ਕੱਟਣ ਤੋਂ ਤੁਰੰਤ ਬਾਅਦ ਖੇਤ ਨੂੰ ਸ਼ਾਮ ਵੇਲੇ ਵਾਹ ਕੇ ਸਵੇਰੇ ਸੁਹਾਗਾ ਮਾਰਕੇ ਰੱਖਿਆ ਜਾਵੇ।

ਕਿਸਮਾਂ ਅਤੇ ਬੀਜ ਦੀ ਮਾਤਰਾ : ਬਰਾਨੀ ਹਾਲਤਾਂ ਲਈ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 660 ਅਤੇ ਪੀ ਬੀ ਡਬਲਯੂ 644 ਦਾ 40 ਕਿਲੋ ਸੋਧਿਆ ਹੋਇਆ ਬੀਜ ਪ੍ਰਤੀ ਏਕੜ ਵਰਤਿਆ ਜਾਵੇ।

ਬੀਜ ਦੀ ਸੋਧ: ਬਰਾਨੀ ਇਲਾਕਿਆ ਵਿੱਚ ਸਿਉਂਕ ਬੂਟਿਆਂ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ਰੂਬਾਨ/ਡਰਮਟ 20 ਈ ਸੀ (ਕਲੋਰਪਾਈਰੀਫ਼ਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਲੈ ਕੇ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ਟਿ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਬੀਜ ਨੂੰ ਸੋਧੋ।

ਬਿਜਾਈ ਦਾ ਸਮਾਂ ਅਤੇ ਢੰਗ: ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਦੇਣੀ ਚਾਹੀਦੀ ਹੈ। ਬਿਜਾਈ ਖਾਦ-ਬੀਜ ਡਰਿੱਲ ਨਾਲ ਕਤਾਰਾਂ ਵਿਚਕਾਰ ਫ਼ਾਸਲਾ 22-25 ਸੈਂਟੀਮੀਟਰ ਰੱਖ ਕੇ ਕੀਤੀ ਜਾਵੇ। ਬਿਜਾਈ ਸਮੇਂ ਜੇਕਰ ਨਮੀ ਘੱਟ ਲੱਗੇ ਤਾਂ ਬੀਜ ਕੁਝ ਡੂੰਘਾ (8-10 ਸੈਂਟੀਮੀਟਰ) ਬੀਜੋ ਅਤੇ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਕਰ ਲਵੋ। ਜੇਕਰ ਕਣਕ ਦਾ ਜੰਮ ਮਾੜਾ ਲੱਗੇ (50 ਪ੍ਰਤੀਸ਼ਤ ਤੋਂ ਘੱਟ) ਅਤੇ ਬਾਰਸ਼ਾਂ 15 ਦਸੰਬਰ ਤੋਂ ਪਹਿਲਾਂ ਹੋ ਜਾਣ ਤਾਂ ਬਿਜਾਈ ਦੁਬਾਰਾ ਕਰ ਲਵੋ।

ਖਾਦਾਂ ਪਾਉਣ ਦਾ ਸਮਾਂ ਅਤੇ ਢੰਗ: ਜੇਕਰ ਨਮੀ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਬਰਾਨੀ ਹਾਲਤਾਂ ਵਿੱਚ ਖਾਦਾਂ ਦੀ ਵਰਤੋਂ ਬਹੁਤ ਲਾਹੇਵੰਦ ਰਹਿੰਦੀ ਹੈ। ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਰੇਤਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ (ਕਾਫ਼ੀ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 32 ਕਿਲੋ ਨਾਈਟ੍ਰੋਜਨ (70 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫਾਸਫੇਟ) ਅਤੇ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ (ਘੱਟ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 16 ਕਿਲੋ ਨਾਈਟ੍ਰੋਜਨ (35 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਰੇਤਲੀਆਂ ਭਲ ਵਾਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਅਤੇ ਪੂਰੀ ਫ਼ਾਸਫ਼ੋਰਸ ਖਾਦਾਂ ਬਿਜਾਈ ਸਮੇਂ ਡਰਿਲ ਕਰੋ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਦਾ ਸਰਦੀਆਂ ਦੀਆਂ ਬਾਰਸ਼ਾਂ ਵੇਲੇ ਛੱਟਾ ਦੇ ਦਿਓ ਜਦਕਿ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ ਵਿੱਚ ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ।

ਨਦੀਨਾਂ ਦੀ ਰੋਕਥਾਮ: ਕਣਕ ਵਿੱਚ ਨਦੀਨਾਂ ਦੀ ਰੋਕਥਾਮ ਦੋ ਗੋਡੀਆਂ ਨਾਲ ਕਰ ਸਕਦੇ ਹਨ। ਇਸ ਨਾਲ ਨਦੀਨਾਂ ਦਾ ਖਾਤਮਾ ਵੀ ਹੋਵੇਗਾ ਅਤੇ ਨਾਲ ਹੀ ਜ਼ਮੀਨ ਦੀ ਉਪਰਲੀ ਸਤ੍ਹਾ ਤੋਂ ਪਾਣੀ ਦਾ ਉੱਡਣਾ ਵੀ ਘਟੇਗਾ। ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰਹੇਗੀ।

ਉਪਰੋਕਤ ਦੱਸੇ ਗਏ ਢੰਗ/ਤਰੀਕਿਆਂ ਨਾਲ ਪੰਜਾਬ ਦੇ ਬਰਾਨੀ ਇਲਾਕਿਆ ਵਿੱਚ ਕਿਸਾਨ ਵੀਰ ਨਮੀਂ ਦੀ ਸੰਭਾਲ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਬਰਾਨੀ ਹਾਲਤਾਂ (ਜਿੱਥੇ ਕਿ ਫਸਲਾਂ ਪੂਰੀ ਤਰ੍ਹਾਂ ਨਾਲ ਵਰਖਾ ‘ਤੇ ਨਿਰਭਰ ਹੁੰਦੀਆਂ ਹਨ) ਵਿੱਚ ਕਣਕ ਦੀਆਂ ਪ੍ਰਮਾਣਿਤ ਕਿਸਮਾਂ ਦੀ ਸਮੇਂ-ਸਿਰ, ਸਹੀ ਢੰਗ ਨਾਲ ਬਿਜਾਈ ਕਰਕੇ, ਖਾਦਾਂ ਦੀ ਸੁਚੱਜੀ ਵਰਤੋਂ ਕਰਕੇ ਅਤੇ ਨਮੀਂ ਨੂੰ ਮਿੱਟੀ ਵਿੱਚ ਬਰਕਰਾਰ ਰੱਖ ਕੇ ਸੁਚੱਜੀ ਕਾਸ਼ਤ ਕਰ ਸਕਦੇ ਹਨ ।

ਸੰਪਰਕ: 946542-0097

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *