ਕਿਸਾਨਾਂ ਲਈ ਜਾਣਕਾਰੀ – ਝੋਨੇ ਦੀਆਂ ਬਿਮਾਰੀਆਂ ਤੋਂ ਬਚਾਅ

TeamGlobalPunjab
6 Min Read

-ਸੰਜੀਵ ਕੁਮਾਰ ਕਟਾਰੀਆ ਅਤੇ ਗੁਰਮੀਤ ਸਿੰਘ;

ਬੀਜ ਕਈ ਪ੍ਰਕਾਰ ਦੇ ਰੋਗਾਣੂਆਂ ਨਾਲ ਸੰਕਰਮਿਤ ਹੋ ਸਕਦੇ ਹਨ, ਜੋ ਬੀਜ ਅਤੇ ਫਸਲ ੳੁੱਤੇ ਬਿਮਾਰੀਆ ਪੈਦਾ ਕਰ ਸਕਦੇ ਹਨ।ਇਹ ਰੋਗਾਣੂ ਬੀਜ ਦੇ ਉਗੱਣ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਇਹ ਰੋਗਾਣੂ ਬਿਮਾਰੀ ਦੇ ਰੂਪ ਵਿੱਚ ਬੀਜ ਤੋਂ ਪੌਦੇ ਤੱਕ ਅਤੇ ਪੌਦੇ ਤੋਂ ਪੌਦੇ ਵਿੱਚ ਵੀ ਫੈਲ ਸਕਦੇ ਹਨ।ਇਸ ਲਈ ਬੀਜ ਸੋਧ ਬਹੁਤ ਹੀ ਜਰੂਰੀ ਹੋ ਜਾਂਦਾ ਹੈ ਤਾਂ ਜੋ ਬੀਜ, ਮਿੱਟੀ ਅਤੇ ਹਵਾ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।ਇਸ ਦੇ ਨਾਲ ਨਾਲ ਬੀਜ ਸੋਧ ਹੇਠ ਲਿਖੇ ਲਾਭ ਵੀ ਦਿੰਦੀ ਹੈ:
1) ਪੌਦੇ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ।
2) ਬੀਜ ਨੂੰ ਗਲਣ ਅਤੇ ਝੁਲਸਣ ਤੋਂ ਬਚਾਉਂਦਾ ਹੈ ।
3) ਉੱਗਣ ਸ਼ਕਤੀ ਵਿੱਚ ਸੁਧਾਰ ਕਰਦਾ ਹੈ।
ਕਿਨ੍ਹਾਂ ਹਲਾਤਾ ਵਿੱਚ ਬੀਜ ਸੋਧ ਕਰਨਾ ਲਾਜ਼ਮੀ ਹੈ ?

1) ਬੀਜ ਦੇ ਛਿਲਕੇ ਦਾ ਨੁਕਸਾਨ: ਭੰਡਾਰਣ ਦੇ ਦੌਰਾਨ ਕਈ ਵਾਰ ਮਕੈਨੀਕਲ ਸੱਟ ਲੱਗ ਜਾਣ ਕਰਕੇ ਜਾਂ ਮੌਸਮ ਦੀ ਖਰਾਬੀ ਕਰਕੇ ਬੀਜ ਦੇ ਛਿਲਕੇ ਵਿੱਚ ਕੋਈ ਟੁੱਟ-ਭੱਜ ਹੋ ਜਾਂਦੀ ਹੈ, ਜਿਸ ਰਾਂਹੀ ਰੋਗਾਣੂ ਬੀਜ ਵਿੱਚ ਦਾਖਲ ਹੋ ਜਾਂਦਾ ਹੈ ਜੋ ਕਿ ਬੀਜ ਨੂੰ ਮਾਰਨ ਦਾ ਕੰਮ ਕਰਦਾ ਹੈ, ਜਾਂ ਇਸ ਬੀਜ ਵਿੱਚੋਂ ਪੇੈਦਾ ਹੋਏ ਪੌਦੇ ਵਿੱਚ ਇਸ ਰੋਗਾਣੂ ਰਾਂਹੀ ਨੁਕਸਾਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।ਇਸ ਸਥਿਤੀ ਵਿੱਚ ਬੀਜ ਸੋਧ ਕਰਨਾ ਲਾਜ਼ਮੀ ਹੋ ਜਾਂਦਾ ਹੈ।

2) ਬਿਮਾਰੀ ਵਾਲਾ ਬੀਜ: ਜਦੋ ਕਿਸਾਨ ਕਟਾਈ ਸਮੇਂ ਸਾਫ- ਸੁਥਰੀ ਮਸ਼ੀਨਰੀ ਦੀ ਵਰਤੋਂ ਨਹੀਂ ਕਰਦੇ ਜਾਂ ਪ੍ਰੋਸੈਸਿੰਗ ਦੌਰਾਨ ਵੀ ਬੀਜ ਰੋਗ ਦੇ ਰੋਗਾਣੂਆਂ ਦੁਆਰਾ ਸੰਕਰਮਿਤ ਹੋ ਸਕਦੇ ਹਨ।ਇਸ ਤਂੋ ਇਲਾਵਾ ਗੋਦਾਮਾਂ ਵਿੱਚ ਜਾਂ ਘਰੇ ਸਟੋਰ ਕੀਤੇੇ ਬੀਜ ਨੂੰ ਵੀ ਬਿਮਾਰੀ ਲੱਗ ਸਕਦੀ ਹੈ।ਇਨ੍ਹਾਂ ਹਾਲਾਤਾਂ ਤਹਿਤ ਬੀਜ ਸੋਧ ਕਰਨਾ ਲਾਜ਼ਮੀ ਹੋ ਜਾਂਦਾ ਹੈ ।

- Advertisement -

3) ਮਿੱਟੀ ਵਿੱਚੋਂ ਬਿਮਾਰੀ ਲੱਗਣਾ: ਅਣਸੋਧੇ ਬੀਜ ਕਈ ਵਾਰ ਮਿੱਟੀ ਦੇ ਵਿੱਚ ਰੋਗਾਣੂਆਂ ਦਾ ਸ਼ਿਕਾਰ ਹੋ ਜਾਦੇ ਹਨ।ਮਿੱਟੀ ਦੀਆਂ ਅਣ-ਅਨੁਕੂਲ ਹਾਲਤਾਂ ਜਿਵੇਂ ਕਿ ਠੰਡੀ ਅਤੇ ਗਿੱਲੀ ਮਿੱਟੀ, ਜਾਂ ਬਹੁਤ ਖੁਸ਼ਕ ਮਿੱਟੀ ਆਦਿ ਰੋਗਾਣੂਆਂ ਦਾ ਹਮਲੇ ਅਤੇ ਵਿਕਾਸ ਦੇ ਅਨੁਕੂਲ ਹੋ ਸਕਦੀਆ ਹਨ ਜੋ ਕਿ ਬੀਜ ਸ਼ੋਧ ਕਰਨਾ ਲਾਜ਼ਮੀ ਬਣਾਉਦੀਆਂ ਹਨ।

ਬਿਮਾਰੀਆਂ ਤੋਂ ਬਚਾਅ ਲਈ ਝੋਨੇ ਅਤੇ ਬਾਸਮਤੀ ਦਾ ਬੀਜ ਸੋਧ:

ਪੰਜਾਬ ਪ੍ਰਾਂਤ ਵਿੱਚ ਇਹ ਸਮਾਂ ਝੋਨੇ ਅਤੇ ਬਾਸਮਤੀ ਦੀ ਪਨੀਰੀ ਲਈ ਬਹੁਤ ਹੀ ਢੁੱਕਵਾਂ ਹੈ ਅਤੇ ਪਨੀਰੀ ਦਾ ਪੁੰਗਾਰਾ ਵਧੀਆ ਕਰਨ ਲਈ ਬੀਜ ਸੋਧ ਕਰਨਾ ਬਹੁਤ ਜਰੂਰੀ ਹੈ, ਬੀਜ ਸੋਧ ਨਾਲ ਬੀਜ ਰਾਂਹੀ ਫੈੇਲਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਿਵੱਚ ਮਦਦ ਵੀ ਮਿਲਦੀ ਹੈ।
ਝੋਨੇ ਵਿੱਚ ਬੀਜ ਸੋਧ ਦੀ ਵਿਧੀ:

• ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ । ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ।
• ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ।
• ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਲਉ।
• ਚੁਣੇ ਹੋਏ ਅਤੇ ਛਾਵੇਂ ਸੁਕਾਏ ਬੀਜ ਨੂੰ ਬੀਜਣ ਤੋਂ ਪਹਿਲਾਂ 24 ਗ੍ਰਾਮ ਸਪਰਿੰਟ 75 ਡਬਲਯੂ ਐੱਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) 8 ਕਿਲੋ ਬੀਜ ਲਈ (3 ਗ੍ਰਾਮ ਸਪਰਿੰਟ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ) 80-100 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਸੋਧ ਲਓ।
• ਉੱਲੀਨਾਸ਼ਕ ਦੀ ਵਰਤੋਂ ਕਰਨ ਵੇਲੇ ਹੱਥਾਂ ਤੇ ਦਸਤਾਨਿਆਂ ਦੀ ਵਰਤੋਂ ਜਰੂਰ ਕਰੋ।
ਬਾਸਮਤੀ: ਬੀਜ ਅਤੇ ਪਨੀਰੀ ਦੀ ਸੋਧ

ਬਾਸਮਤੀ ਦੀ ਫ਼ਸਲ ਤੇ ਮੁਢ ਗਲਣ (ਝੰਡਾ ਰੋਗ) ਦੀ ਬਿਮਾਰੀ ਦਾ ਹਮਲਾ ਹੁੰਦਾ ਹੈ।ਇਹ ਇੱਕ ਉੱਲੀ ਦਾ ਰੋਗ ਹੈ, ਇਸ ਨਾਲ ਬਿਮਾਰ ਪਨੀਰੀ ਵਾਲੇ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਤੋਂ ਉੱਪਰ ਵੱਲ ਮੁਰਝਾਅ ਕੇ ਸੁੱਕ ਜਾਂਦੇ ਹਨ।ਬਿਮਾਰੀ ਵਾਲੇ ਬੂਟੇ ਦੂਜਿਆਂ ਨਾਲੋਂ ਉੱਚੇ ਹੁੰਦੇ ਹਨ ਅਤੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜਾਂ ਬਣਾ ਲੈਂਦੇ ਹਨ।ਪੋਦੇ ਦੇ ਤਜ਼ੇ ਦੇ ਬਾਹਰਲੇ ਪੱਤਿਆਂ ਤੇ ਚਿੱਟੀ ਜ਼ਾਂ ਗੁਲਾਬੀ ਉੱਲੀ ਨਜ਼ਰ ਆਉਂਦੀ ਹੈ।
ਇਹ ਬਿਮਾਰੀ ਬੀਜ ਅਤੇ ਜ਼ਮੀਨ ਦੋਵਾਂ ਰਾਂਹੀ ਫੈਲਦੀ ਹੈ।
• ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜ਼ੀਆਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ।ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟ੍ਰਾਈਕੋਡਰਮਾ ਹਰਜ਼ੀਆਨਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਲਵੋ।
• ਟ੍ਰਾਈਕੋਡਰਮਾ ਹਰਜ਼ੀਆਨਮ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ ਜਾਂ ਜ਼ਿਲੇੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਬੀਜ ਸੋਧ ਦੇ ਫਾਇਦੇ:
• ਬਿਮਾਈ ਜਾਂ ਕੀੜੇ ਦੀ ਰੋਕਥਾਮ ਦਾ ਅਗੇਤਾ ਪ੍ਰਬੰਧਨ ਹੋ ਜਾਂਦਾ ਹੈ।
• ਬਹੁਤ ਘੱਟ ਮਾਤਰਾ ਵਿੱਚ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੀ ਵਰਤੋਂ ਹੁੰਦੀ ਹੈ, ਇਸ ਲਈ ਵਾਤਾਵਰਨ ਪ੍ਰਦੂਸ਼ਿਤ ਨਹੀ ਹੁੰਦਾ।
• ਕੀੜਿਆਂ ਜਾਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦਾ ਇੱਕ ਹਿੱਸਾ ਹੈ।
• ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਦਾ ਆਸਾਨ ਅਤੇ ਸੌਖਾ ਤਰੀਕਾ ਹੈ।
• ਬੀਜ ਸੋਧ ਕਰਨ ਤੇ ਬਹੁਤ ਘੱਟ ਖਰਚ ਆਉਂਦਾ ਹੈ।

- Advertisement -

ਬੀਜ ਸੋਧ ਵੇਲੇ ਧਿਆਨ ਦੇਣ ਯੋਗ ਗੱਲਾਂ:
1) ਸ਼ਿਰਫ ਸ਼ਿਫਾਰਸ ਕੀਤੇ ਹੋਏ ਉੱਲੀਨਾਸ਼ਕ ਹੀ ਵਰਤੋਂ ।
2) ਬੀਜ ਸੋਧ ਸਮੇ ਉੱਲੀਨਾਸ਼ਕ ਦੀ ਸਹੀ ਮਾਤਰਾ ਦਾ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਜਰੂਰੀ ਹੈ, ਬਹੁਤ ਜ਼ਿਆਦਾ ਜਾਂ ਬਹੁਤ ਘੱਟ ਮਾਤਰਾ ਨਾਲ ਢੁੱਕਵੇਂ ਨਤੀਜੇ ਨਹੀਂ ਮਿਲਦੇ।
3) ਬਹੁਤ ਜ਼ਿਆਦਾ ਨਮੀ ਵਾਲੇ ਬੀਜ ਦੀ ਸੋਧ ਤੋ ਗੁਰੇਜ ਕਰੋ।
4) ਸੋਧਿਆ ਹੋਇਆ ਬੀਜ ਮਨੁੱਖਾਂ ਜਾਂ ਜਾਨਵਰਾਂ ਦੇ ਭੋਜਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

Share this Article
Leave a comment