Home / ਓਪੀਨੀਅਨ / ਕਿਸਾਨਾਂ ਲਈ ਕਿੰਨੂ ਦੀ ਖੇਤੀ ਵਾਸਤੇ ਅਹਿਮ ਨੁਕਤੇ

ਕਿਸਾਨਾਂ ਲਈ ਕਿੰਨੂ ਦੀ ਖੇਤੀ ਵਾਸਤੇ ਅਹਿਮ ਨੁਕਤੇ

-ਜੇ.ਐਸ. ਬਰਾੜ;

ਪੰਜਾਬ ਵਿੱਚ ਇਸ ਵੇਲੇ ਫਲਾਂ ਹੇਠ 93.5 ਹਜ਼ਾਰ ਹੈਕਟਰ ਰਕਬਾ ਹੈ ਜਿਸ ਵਿੱਚੋ ਤਕਰੀਬਨ 60 ਫ਼ੀਸਦੀ ਰਕਬਾ ਸਿਰਫ਼ ਨਿੰਬੂ ਜਾਤੀ ਦੇ ਫ਼ਲਾਂ ਹੇਠ ਹੈ।ਅਜੋਕੇ ਸਮੇਂ ਚ’ ਕਿੰਨ, ਪੰਜਾਬ ਵਿੱਚ ਰਕਬੇ ਅਤੇ ਪੈਦਾਵਾਰ ਅਨੁਸਾਰ ਸਭ ਤੋਂ ਮੋਹਰੀ ਫਲ ਹੈ ਪਰ ਇਸ ਦੀ ਚੰਗੀ ਪੈਦਾਵਾਰ ਲਈ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿੰਨੂ ਦੇ ਬੂਟਿਆ ਉੱਪਰ ਬਹੁਤ ਜ਼ਿਆਦਾ ਫ਼ਲ ਪੈਂਦਾ ਹੈ ਅਤੇ ਫ਼ਲ ਲੱਗਣ ਤੋਂ ਫ਼ਲਾਂ ਦੀ ਤੁੜਾਈ ਤੱਕ ਤਕਰੀਬਨ 10 ਮਹੀਨੇ ਤੱਕ ਬੂਟੇ ਉੱਪਰ ਰਹਿੰਦਾ ਹੈ ਇਸ ਲਈ ਇਸ ਸਮੇਂ ਦੌਰਾਨ ਬਾਗਾਂ ਦੀ ਸੁਚੱਜੀ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸਰਦੀ ਰੁੱਤ ਵਿੱਚ ਜਿਥੇ ਕਿੰਨੂ ਦੇ ਫ਼ਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਉਥੇ ਅਗਲੇ ਸਾਲ ਦੀ ਚੰਗੇਰੀ ਫ਼ਸਲ ਲਈ ਬੂਟਿਆਂ ਦੀ ਖ਼ਾਦ-ਖ਼ੁਰਾਕ ਪਉਣ, ਸੁੱਕੀਆਂ, ਬਿਮਾਰੀਗ੍ਰਸਤ ਅਤੇ ਅਣਚਾਹੀਆਂ ਟਹਿਣੀਆਂ ਦੀ ਕਾਂਟ-ਛਾਂਟ ਕਰਨ ਦੇ ਨਾਲ-ਨਾਲ ਬਾਗਾਂ ਦੀ ਸਾਫ਼-ਸਫ਼ਾਈ ਕੀਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਖਾਸ ਕਰਕੇ ਪਿਛਲੇ ਦੋ ਸਾਲ ਤੋਂ ਪੰਜਾਬ ਦੇ ਦੱਖਣ ਪੱਛਮੀ ਜਿਲਿਆਂ ਅਤੇ ਨਾਲ ਲਗਦੇ ਰਾਜਸਥਾਨ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੀ ਸਮੱਸਿਆ ਪੇਸ਼ ਆ ਰਹੀ ਹੈ। ਇਸ ਸਮੱਸਿਆ ਨਾਲ ਗ੍ਰਸਤ ਬੂਟੇ ਕੁਮਲਾਅ ਕੇ ਕੁਝ ਕੁ ਦਿਨਾਂ ਵਿੱਚ ਹੀ ਸੁੱਕ ਜਾਂਦੇ ਹਨ। ਇਸ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੇ ਕਾਰਨ ਘੋਖਣ ਦੇ ਨਾਲ-ਨਾਲ ਅਜਿਹੇ ਬੂਟਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਦੇ ਬਿਲਕੁਲ ਸਹੀ ਕਾਰਨਾਂ ਦਾ ਕਾਰਨਾਂ ਦਾ ਵਿਗਿਆਨਕ ਪੱਖਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਪਰ ਮੁਢਲੀ ਖੋਜ ਤੋਂ ਪਤਾ ਲਗਾਇਆ ਗਿਆ ਹੈ ਕਿ ਇਸ ਸਮੱਸਿਆ ਪਿੱਛੇ ਜੀਵਿਕ, ਵਾਤਾਵਰਨਿਕ ਜਾਂ ਮਿੱਟੀ ਦੀ ਸਿਹਤ ਸਬੰਧੀ ਕਾਰਨਾਂ ਕਰਕੇ ਬੂਟਿਆਂ ਦੀਆਂ ਜੜ੍ਹਾਂ ਅਤੇ ਛਤਰੀ ਦੇ ਅਨੁਪਾਤ ਦਾ ਅਸੰਤੁਲਨ ਹੋ ਜਾਣਾ ਹੁੰਦਾ ਹੈ। ਇਸ ਤਰਾਂ ਕਮਜ਼ੋਰ ਹੋ ਰਹੇ ਬੂਟਿਆਂ ਦੀਆਂ ਖੁਰਾਕ ਅਤੇ ਪਾਣੀ ਲੈਣ ਵਾਲੀਆਂ ਜੜ੍ਹਾਂ ਉਪਰ ਉਲੀ ਰੋਗਾਂ ਦਾ ਹਮਲਾ ਹੋਣ ਕਰਕੇ ਬਰੀਕ ਜੜ੍ਹਾਂ (ਜਾਲੇ) ਗਲ ਜਾਂਦੀਆਂ ਹਨ। ਹਾਲਾਂਕਿ ਇਸ ਤਰੀਕੇ ਨਾਲ ਬੂਟੇ ਸੁੱਕਣ ਦੀ ਪ੍ਰਵਿਰਤੀ ਹਰ ਸਾਲ ਇੱਕਾ-ਦੁੱਕਾ ਥਾਵਾਂ ਤੇ ਕਿਸੇ-ਕਿਸੇ ਬੂਟੇ ਵਿਚ ਮਿਲਦੀ ਸੀ ਪਰ ਲੰਘੇ ਵਰੇ ਇਸ ਸਮੱਸਿਆ ਨੇ ਉਪਰੋਕਤ ਖੇਤਰਾਂ ਵਿਚ ਕਾਫ਼ੀ ਗੰਭੀਰ ਰੂਪ ਧਾਰਿਆ ਅਤੇ ਕਈ ਬਾਗਾਂ ਵਿਚ 1-10 ਪ੍ਰਤੀਸ਼ਤ ਬੂਟੇ ਸੁੱਕ ਗਏ ਜਾਂ ਕੁਮਲਾਅ ਗਏ। ਇਸ ਲਈ ਇਸ ਸਮੱਸਿਆਂ ਦੇ ਸ਼ਿਕਾਰ ਹੋਣ ਵਾਲੇ ਬੂਟਿਆਂ ਦੀ ਅਗੇਤੀ ਪਛਾਣ ਕਰਕੇ ਤੁਰੰਤ ਉਪਰਾਲੇ ਸ਼ੁਰੂ ਕਰਨੇ ਬਹੁਤ ਜ਼ਰੂਰੀ ਹਨ।

ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਗਰਮੀਆਂ ਦੇ ਮਹੀਨਿਆਂ ਦੌਰਾਨ ਤਾਪਮਾਨ ਵਿੱਚ ਵਾਧਾ ਅਤੇ ਹਵਾ ਵਿੱਚਲੀ ਨਮੀ ਘਟਨ ਨਾਲ ਬੂਟਿਆਂ ਵਿਚੋਂ ਪਾਣੀ ਦਾ ਨਿਕਾਸ ਬਹੁਤ ਤੇਜੀ ਨਾਲ ਹੁੰਦਾ ਹੈ ਪਰ ਕਈ ਬੂਟਿਆਂ ਦੀਆਂ ਜੜ੍ਹਾਂ ਉਲੀ ਰੋਗਾਂ ਦੇ ਹਮਲੇ ਨਾਲ ਨੁਕਸਾਨੀਆਂ ਹੋਣ ਕਾਰਨ, ਉਨੀ ਮਾਤਰਾ ਵਿੱਚ ਬੂਟੇ ਨੂੰ ਲੋੜੀਂਦਾ ਪਾਣੀ ਅਤੇ ਖੁਰਾਕੀ ਤੱਤ ਨਹੀ ਮੁਹੱਈਆ ਕਰਵਾ ਸਕਦੀਆਂ, ਅਜਿਹੇ ਵਿੱਚ ਪਾਣੀ ਦੀ ਘਾਟ ਨਾਲ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਕਈ ਖੇਤਰਾਂ ਵਿੱਚ ਜਮੀਨ ਵਿਚਲੇ ਖਾਰੇ ਤੱਤ, ਬੂਟਿਆਂ ਉਪਰ ਫ਼ਾਈਟਪਥੋਰਾ ਨਾਂ ਦੀ ਉੱਲੀ ਦੇ ਹਮਲੇ ਅਤੇ ਅਣਗੌਲੇ ਬਾਗਾਂ ਵਿੱਚ ਨੀਮਾਟੋਡ ਦੀ ਸਮੱਸਿਆ ਵੀ ਤੰਦਰੁਸਤ ਬੂਟਿਆ ਦੇ ਸੁਕਣ ਦਾ ਕਾਰਨ ਬਣਦੇ ਹਨ। ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਬਾਗਾਂ ਵਿੱਚ ਲੋੜੋਂ ਜ਼ਿਆਦਾ ਨਮੀ ਨਾਲ ਵੀ ਬੂਟੇ ਪ੍ਰਭਾਵਿਤ ਹੋ ਸਕਦੇ ਹਨ।

ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕਣ ਦੀ ਸੰਭਾਵਨਾ ਵਾਲੇ ਬੂਟਿਆਂ ਦੀ ਅਗੇਤੀ ਪਛਾਣ ਅਤੇ ਲੱਛਣ 1. ਪ੍ਰਭਾਵਿਤ ਬੂਟਿਆਂ ਉਪਰ ਬਹੁਤ ਜ਼ਿਆਦਾ ਫ਼ੁਲ-ਫ਼ਲਾਕਾ ਅਉਣਾ । 2. ਬੂਟਿਆਂ ਦੇ ਪੱਤਿਆਂ ਵਿੱਚ ਚਮਕ ਘਟ ਜਾਣਾ ਜਾਂ ਚਮਕ ਦਾ ਖਤਮ ਹੋ ਜਾਣਾ । 3. ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਦਾ ਉੱਪਰ ਵੱਲ ਨੂੰ ਮੁੜ ਜਾਣਾ । 4. ਬੂਟਿਆਂ ਦੇ ਪਤਿਆਂ ਦਾ ਕੁਮਲਾਉਣਾ ਸ਼ੁਰੂ ਹੋ ਜਾਣਾ ਅਤੇ ਹੌਲੀ-ਹੌਲੀ ਕਮਲਾਉਣ ਦੀ ਦਰ ਵਧ ਜਾਣਾ । 5. ਅਜਿਹੇ ਬੂਟਿਆਂ ਉਪਰ ਫ਼ਲਾਂ ਦਾ ਅਕਾਰ ਛੋਟਾ ਰਹਿ ਜਾਣਾਂ ਅਤੇ ਫ਼ਲਾਂ ਦਾ ਪੋਲਾ ਪੈ ਜਾਣਾ । 6. ਬੂਟਿਆਂ ਦੇ ਪੱਤਿਆਂ ਦਾ ਪੂਰੀ ਤਰਾਂ ਕੁਮਲਾਅ ਜਾਣਾ ਕੁਝ ਕੁ ਦਿਨਾ ਵਿੱਚ ਪੂਰੇ ਬੂਟੇ ਦਾ ਬਿਲਕੁਲ ਸੁੱਕ ਜਾਣਾ । ਬੂਟਿਆਂ ਨੂੰ ਸੁਕਣ ਤੋਂ ਬਚਾਉਣ ਲਈ ਉਪਰਾਲੇ: ੳ. ਬਾਗਾਂ ਵਿੱਚਲੀ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਸੰਤੁਲਣ ਬਣਾਈ ਰੱਖੋ ਕਿੰਨੂ ਦੇ ਬਾਗਾਂ ਦੀ ਜ਼ਮੀਨ ਵਿਚਲੇ ਖੁਰਾਕੀ ਤੱਤਾਂ ਦਾ ਸੰਤੁਲਣ ਬਣਾਈ ਰੱਖਣਾਂ ਬਹੁਤ ਜ਼ਰੂਰੀ ਹੁੰਦਾ ਹੈ ਆਮ ਤੌਰ ਤੇ ਜ਼ਿਆਦਾਤਰ ਬਾਗਬਾਨ, ਮੁੱਖ ਤੱਤਾਂ ਵਿੱਚੋਂ ਸਿਰਫ਼ ਨਾਈਟਰੋਜਨ ਅਤੇ ਫ਼ਾਸਫ਼ੋਰਸ ਅਤੇ ਲਘੂ ਤੱਤਾਂ ਵਿੱਚੋਂ ਜਿੰਕ ਅਤੇ ਮੈਗਨੀਜ਼ ਵੱਲ ਹੀ ਤਵੱਜੋਂ ਦਿੰਦੇ ਹਨ ਜਦੋਂਕਿ ਪੌਦਿਆਂ ਨੂੰ ਕੁਦਰਤ ਵੱਲੋਂ ਮਿਲਣ ਵਾਲੇ ਕਾਰਬਨ, ਹਾਈਡਰੋਜਨ ਅਤੇ ਆਕਸੀਜ਼ਨ ਤੋਂ ਇਲਾਵਾ ਹੋਰ ਵੀ 14 ਤੱਤਾਂ ਦੀ ਜਰੂਰਤ ਹੁੰਦੀ ਹੈ ਜੋ ਕਿ ਭਰਪੂਰ ਮਾਤਰਾ ਵਿੱਚ ਦੇਸੀ ਰੂੜੀ ਵਾਲੀ ਖ਼ਾਦ ਅਤੇ ਹੋਰਨਾਂ ਦੇਸੀ ਖਾਦਾਂ ਵਿੱਚ ਮਿਲਦੇ ਹਨ । ਪਿਛਲੇ ਕਈ ਸਾਲਾਂ ਤੋਂ ਬਾਗਾਂ ਵਿੱਚ ਦੇਸੀ ਖਾਦਾਂ ਦੀ ਉਪਲੱਬਧਤਾ ਦੀ ਘਾਟ ਕਾਰਨ, ਪੂਰੀ ਮਾਤਰਾ ਵਿੱਚ ਇਹ ਖਾਦਾਂ ਨਹੀ ਪੈ ਰਹੀਆਂ ਅਤੇ ਲਗਾਤਾਰ ਉਪਰੋਕਤ ਰਸਾਇਣਕ ਖਾਦਾਂ ਪੈਣ ਨਾਲ ਬਾਗਾਂ ਦੀ ਜ਼ਮੀਨ ਅਤੇ ਬੂਟਿਆਂ ਵਿੱਚ ਖੁਰਾਕੀ ਤੱਤਾਂ ਦਾ ਅਸੰਤੁਲਣ ਪੈਦਾ ਹੋ ਰਿਹਾ ਹੈ । ਸੋ, ਇਹ ਜ਼ਰੂਰੀ ਹੈ ਕਿ ਬਾਗਬਾਨ ਵੀਰ ਹੁਣ ਬੂਟਿਆਂ ਨੂੰ ਦੇਸੀ ਖਾਦਾਂ ਜਾਂ ਰਸਾਇਣਕ ਖਾਦਾਂ ਪਉਣ ਤੋਂ ਪਹਿਲਾਂ-ਪਹਿਲਾਂ ਆਪਣੇ ਬਾਗਾਂ ਦੀ ਮਿੱਟੀ ਦੀ ਪਰਖ ਕਰਵਾਉਣ । ਮਿੱਟੀ ਦੀ ਪਰਖ ਲਈ ਨਮੂਨਾਂ ਲੈਣ ਵੇਲੇ ਧਿਆਨ ਰੱਖਣਾ ਹੈ ਕਿ ਨਮੂਨਾਂ ਬੂਟਿਆਂ ਦੇ ਛਤਰੀ ਦੇ ਬਿਲਕੁਲ ਵਿਚਕਾਰੋਂ (ਬੂਟੇ ਦੇ ਮੁੱਖ ਤਣੇ ਅਤੇ ਛਤਰੀ ਦੇ ਬਾਹਰੀ ਘੇਰੇ ਦੇ ਵਿੱਚਕਾਰ) ਲਿਆ ਜਾਵੇ ਕਿਉਂਕਿ ਇਥੇ ਹੀ ਖੁਰਾਕ ਲੈਣ ਵਾਲੀਆਂ ਜੜ੍ਹਾਂ ਦੀ ਬਹੁਤਾਤ ਹੁੰਦੀ ਹੈ ਅਤੇ ਖਾਦਾਂ ਵੀ ਇਸ ਖੇਤਰ ਵਿੱਚ ਇਕਸਾਰ ਪਾਈਆਂ ਜਾਂਦੀਆਂ ਹਨ । ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਰਸਾਇਣਕ ਖਾਦਾਂ ਦੀ ਮਾਤਰਾ ਵਧਾਈ-ਘਟਾਈ ਜਾ ਸਕਦੀ ਹੈ । ਮਿੱਟੀ ਪਰਖ ਲਈ ਸਿਟਰਸ ਅਸਟੇਟ ਬਾਦਲ, ਅਬੋਹਰ, ਟਾਹਲੀਵਾਲ ਜੱਟਾਂ (ਅਬੋਹਰ ਬਿਲਟ) ਅਤੇ ਸਿਟਰਸ ਅਸਟੇਟ ਭੁੰਗਾ ਅਤੇ ਹੁਸ਼ਿਆਰਪੁਰ (ਹੁਸ਼ਿਆਰਪੁਰ ਬਿਲਟ) ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਅ. ਬਾਗਾਂ ਵਿੱਚ ਖਾਰੇ ਤੱਤਾਂ ਦੇ ਮਾਰੂ ਅਸਰ ਘਟਾਉਣ ਲਈ ਜ਼ਰੂਰੀ ਕਦਮ ਅਬੋਹਰ ਅਤੇ ਆਸ-ਪਾਸ ਦੇ ਕਈ ਖੇਤਰਾਂ ਵਿੱਚ ਜ਼ਮੀਨੀ-ਪਾਣੀ ਜ਼ਮੀਨ ਦੀ ਸਤਹਿ ਦੇ ਨੇੜੇ ਹੋਣ ਅਤੇ ਉਪਰੀ ਸਤਹਿ ਵਿੱਚ ਖਾਰੇ ਤੱਤਾਂ ਦੀ ਮਾਤਰਾ ਵਧੇਰੇ ਹੋਣ ਕਾਰਨ ਕਿੰਨੂ ਦੇ ਬੂਟਿਆਂ ਉਪਰ ਬਹੁਤ ਮਾੜਾ ਅਸਰ ਹੁੰਦਾ ਹੈ । ਅਜਿਹੇ ਹਲਾਤਾਂ ਵਿੱਚ ਬੂਟੇ ਜ਼ਮੀਨ ਵਿਚਲੇ ਖੁਰਾਕੀ ਤੱਤ ਪੂਰੀ ਮਾਤਰਾ ਵਿੱਚ ਲੈਣ ਲਈ ਅਸਮਰਥ ਹੋ ਜਾਂਦਾ ਹੈ ਅਤੇ ਬੂਟੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਹੋ ਜਾਂਦੀ ਹੈ । ਪੱਤਿਆਂ ਉੱਪਰ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਨੋਕਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ । ਮਾੜੇ ਤੱਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਦੇਸੀ ਖਾਦਾਂ ਪੂਰੀ ਮਾਤਰਾ ਵਿੱਚ ਪਾਉ, ਸੁਚੱਜਾ ਪਾਣੀ ਪ੍ਰਬੰਧ ਕਰੋ, ਮਿੱਟੀ ਦੀ ਪਰਖ ਕਰਵਾ ਕੇ ਸਲਫ਼ਰ ਜਾਂ ਹੋਰ ਰਸਾਇਣਕ ਉਪਚਾਰ ਕਰੋ, ਜਮੀਨੀ ਪਾਣੀ ਦੀ ਵਰਤੋਂ ਤੋਂ ਬਿਲਕੁਲ ਪਰਹੇਜ ਕਰੋ । ੲ. ਪ੍ਰਭਾਵਿਤ ਬੂਟਿਆਂ ਦੀ ਪਛਾਣ ਅਤੇ ਬਚਾਅ ਲਈ ਉਪਰਾਲੇ 1. ਜਿਨ੍ਹਾਂ ਪ੍ਰਭਾਵਿਤ ਬੂਟਿਆਂ ਬੂਟਿਆਂ ਦੇ ਪੱਤਿਆਂ ਵਿਚ ਚਮਕ ਘਟ ਰਹੀ ਹੋਵੇ ਜਾਂ ਹਲਕੇ ਕੁਮਲਾਉਣ ਵਾਲੇ ਲੱਛਣ ਦਿਖਾਈ ਦੇਣ ਉਹਨਾ ਬੂਟਿਆਂ ਦੀ ਛਤਰੀ ਦੀ ਉਪਰੋਂ ਹਲਕੀ ਛੰਗਾਈ ਕਰ ਦਿਉ ਅਤੇ ਫ਼ਲਾਂ ਨੂੰ ਵੀ ਵਿਰਲਾ ਕਰ ਦਿਉ । 2. ਜ਼ਿਆਦਾ ਫ਼ਲ ਲੱਗੇ ਬੂਟਿਆਂ ਦਾ ਫ਼ਲ ਵਿਰਲਾ ਕਰ ਦਿਉ ਅਤੇ ਬੂਟਿਆਂ ਉਪਰੋਂ ਲੋਡ ਘਟਾ ਦਿਉ । 3. ਜ਼ਿਆਦਾ ਕੁਮਲਾਅ ਰਹੇ ਬੂਟਿਆਂ ਨੂੰ ਉਹਨਾਂ ਦੇ ਕੁਮਲਾਉਣ ਦੀ ਦਰ ਦੇਖਦੇ ਹੋਏ ਉਹਨਾਂ ਦਾ 20-50 ਪ੍ਰਤੀਸ਼ਤ ਤੱਕ ਪਤਰਾਲ ਘਟਾ ਦਿਉ । 4. ਬਾਗਾਂ ਦੀ ਵਹਾਈ ਘੱਟ ਤੋਂ ਘੱਟ ਕਰੋ ਅਤੇ ਕਦੇ ਵੀ ਬੂਟਿਆਂ ਦੀ ਛਤਰੀ ਹੇਠ ਡੂੰਘੀ ਵਹਾਈ ਨਾ ਕਰੋ । ਜ਼ਿਆਦਾ ਅਤੇ ਡੂੰਘੀ ਵਹਾਈ ਨਾਲ ਬੂਟਿਆਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਬੂਟਿਆਂ ਦੀਆਂ ਜੜ੍ਹਾਂ ਅਤੇ ਛਤਰੀ ਦੇ ਅਨੁਪਾਤ ਦਾ ਸੰਤੁਲਣ ਵਿਗੜ ਜਾਂਦਾ ਹੈ । 5. ਕਮਜ਼ੋਰ ਹੋ ਕੇ ਕੁਮਲਾਅ ਰਹੇ ਬੂਟਿਆਂ ਦੀਆਂ ਜੜ੍ਹਾਂ ਤੇ ਉਲੀ ਦਾ ਹਮਲਾ ਹੋ ਜਾਂਦਾ ਹੈ ਇਸ ਲਈ ਇਹਨਾਂ ਬੂਟਿਆਂ ਦੀਆਂ ਜੜ੍ਹਾਂ ਨੂੰ ਉਲੀ ਰੋਗਾਂ ਤੋਂ ਬਚਾਉਣ ਲਈ ਉਪਰਾਲੇ ਕਰੋ ।ਯੂਨੀਵਰਸਿਟੀ ਵੱਲੋਂ ਕਿੰਨੂ ਦੇ ਬਾਗਾਂ ਲਈ ਸਿਫ਼ਾਰਿਸ਼ ਕੀਤੀਆਂ ਜ਼ਮੀਨ ਵਿੱਚ ਪਉਣ ਵਾਲੀਆਂ ਦਵਾਈਆਂ ਪਉਣ ਸਮੇ ਧਿਆਂਨ ਰੱਖੋ ਕਿ ਇਹ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਣ । ਯੂਨੀਵਰਸਿਟੀ ਵੱਲੋਂ ਇਸ ਦੀ ਰੋਕਥਾਂਮ ਲਈ ਬਹੁਤ ਸਾਰੇ ਉਪਯੋਗੀ ਰਸਾਇਣਾਂ ਦੀ ਵੀ ਵਰਤੋਂ ਦੇ ਤਜ਼ਰਬੇ ਕੀਤੇ ਜਾ ਰਹੇ ਹਨ ਇਹਨਾ ਬਾਬਤ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਵਿਗਿਆਨੀਆਂ ਨਾਲ ਪੀ.ਏ.ਯੂ. ਲੁਧਿਆਣਾ ਜਾਂ ਅਬੋਹਰ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਸੋ, ਬਾਗਬਾਨ ਵੀਰੋ, ਅਉਣ ਵਾਲੇ ਸਮੇ ਕਿੰਨੂ ਦੇ ਬਾਗਾਂ ਦੀ ਜ਼ਮੀਨ ਵਿਚਲੇ ਖੁਰਾਕੀ ਤੱਤਾਂ ਦੀ ਪਰਖ ਲਈ ਮਿੱਟੀ ਦੀ ਪਰਖ ਕਰਵਾ ਕੇ ਖਾਦ-ਖੁਰਾਕ ਪਾਉ, ਬੂਟਿਆਂ ਦੀ ਸੁਚੱਜੇ ਤਰੀਕੇ ਨਾਲ ਕਾਂਟ-ਛਾਂਟ ਕਰੋ ਅਤੇ ਕਾਂਟ-ਛਾਂਟ ਨਾਲ ਨਿਕਲੀ ਸੋਕ ਨੂੰ ਬਾਗਾਂ ਵਿੱਚ ਜਾਂ ਇਸ ਦੇ ਆਲੇ-ਦੁਆਲੇ ਨਾ ਰੱਖੋ। ਬਿਲਕੁਲ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕ ਜਾਣ ਵਾਲੇ ਸੰਭਾਵੀ ਬੂਟਿਆਂ ਦੀ ਅਗਾਊਂ ਪਹਿਚਾਣ ਕਰਕੇ ਤੁਰੰਤ ਉਪਰਾਲੇ ਸ਼ੁਰੂ ਕਰੋ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *