ਕਿਸਾਨਾਂ ਦੇ ਪੁੱਤਰ ਜਦੋਂ ਮਾਵਾਂ ਨੂੰ ਮਿਲੇ ; ਕੀ ਰੁਪਿੰਦਰਪਾਲ ਵਿਆਹ ਕਰਵਾਏਗਾ

TeamGlobalPunjab
4 Min Read

-ਅਵਤਾਰ ਸਿੰਘ;

ਜਪਾਨ ਦੀ ਰਾਜਧਾਨੀ ਤੋਂ ਟੋਕੀਓ ਓਲੰਪਿਕ ਵਿਚ ਹਾਕੀ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਘਰੀਂ ਪਹੁੰਚੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਪਿਛੋਕੜ ਵਾਲੇ ਖਿਡਾਰੀਆਂ ਦਾ ਲੋਕਾਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ। ਇਨ੍ਹਾਂ ਮਾਵਾਂ ਦੇ ਪੁੱਤਾਂ ਨੂੰ ਅਸਲੀ ਖੁਸ਼ੀ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਆਪਣੇ ਮੈਡਲ ਆਪਣੀਆਂ ਮਾਵਾਂ ਦੇ ਗਲੇ ਵਿੱਚ ਲਟਕਾ ਦਿੱਤੇ। ਜਲੰਧਰ ਵਿੱਚ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਭਾਰਤੀ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਕੁਮਾਰ ਨੂੰ ਫੁੱਲਾਂ ਨਾਲ ਸਜਾਈ ਗਈ ਇਕ ਜੀਪ ਵਿੱਚ ਲਿਆਂਦਾ ਗਿਆ। ਇਨ੍ਹਾਂ ਨੇ ਹਲਕੇ ਨੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਜਦੋਂ ਇਹ ਖਿਡਾਰੀ ਲੰਘ ਰਹੇ ਸਨ ਤਾਂ ਲੋਕ ਉਨ੍ਹਾਂ ਉਪਰ ਫੁੱਲ ਵਰਸਾ ਰਹੇ ਸੀ। ਇਹ ਦ੍ਰਿਸ਼ ਵੇਖ ਕੇ ਉਨ੍ਹਾਂ ਦੀਆਂ ਮਾਵਾਂ ਤੇ ਪਰਿਵਾਰ ਦਾ ਫ਼ਖ਼ਰ ਨਾਲ ਸਿਰ ਹੋਰ ਉਚਾ ਹੋ ਰਿਹਾ ਸੀ। ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਇਹ ਯੋਧੇ ਜਦੋਂ ਪਿੰਡ ਪਹੁੰਚੇ ਤਾਂ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ। ਸਾਬਕਾ ਓਲੰਪੀਅਨ ਤੇ ਐਮ ਐਲ ਏ ਪਰਗਟ ਸਿੰਘ ਅਤੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਹੋਰ ਸਾਬਕਾ ਓਲੰਪੀਅਨਾਂ ਨੇ ਹਾਕੀ ਟੀਮ ਵੱਲੋਂ ਰਚੇ ਇਤਿਹਾਸ ’ਤੇ ਮਾਣ ਮਹਿਸੂਸ ਕੀਤਾ। ਇਸ ਤੋਂ ਬਾਅਦ ਇਨ੍ਹਾਂ ਨੇ ਮਿੱਠਾਪੁਰ ਦੀ ਆਪਣੀ ਹਾਕੀ ਗਰਾਊਂਡ ਵਿੱਚ ਗਰਾਊਂਡ ਨੂੰ ਸਿਰ ਝੁਕਾ ਕੇ ਸਿਜਦਾ ਕੀਤਾ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਛੇ ਮਹੀਨਿਆਂ ਬਾਅਦ ਮਾਂ ਦੀ ਗੋਦੀ ’ਚ ਸਿਰ ਰੱਖ ਕੇ ਸੁੱਤਾ। ਉਸ ਲਈ ਇਹੀ ਸਕੂਨ ਦੇ ਪਲ ਸਨ ਜਦੋਂ ਉਸ ਨੇ ਮੈਡਲ ਮਾਂ ਦੇ ਗਲੇ ਵਿਚ ਲਟਕਾ ਕੇ ਉਸ ਦੀ ਗੋਦ ਵਿਚ ਸੌਂ ਗਿਆ। ਮਨਪ੍ਰੀਤ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਕਾਂਸੀ ਦਾ ਮੈਡਲ ਕਿਓਂ ਲੈ ਕੇ ਆਏ। ਉਨ੍ਹਾਂ ਨੇ ਤਾਂ ਸੋਨਾ ਜਿੱਤਣਾ ਸੀ।

ਅਜਿਹਾ ਹੀ ਮਾਹੌਲ ਸੀ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਵਿੱਚ ਜਿਥੇ ਟੋਕੀਓ ਵਿੱਚ ਓਲੰਪਿਕ ਖੇਡਾਂ ਦੌਰਾਨ ਹਾਕੀ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁੱਜੇ ਹਾਕੀ ਟੀਮ ਦੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ। ਸ਼ਹਿਰ ਵਾਸੀ ਕਾਫ਼ਲੇ ਵਿੱਚ ਰੁਪਿੰਦਰ ਪਾਲ ਸਿੰਘ ਨੂੰ ਉਸ ਦੇ ਘਰ ਛੱਡ ਕੇ ਆਏ। ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ ਰੁਪਿੰਦਰਪਾਲ ਸਿੰਘ ਨੇ ਦੇਸ਼ ਲਈ ਹੁਣ ਤੱਕ 25 ਕੌਮਾਂਤਰੀ ਮੈਚ ਖੇਡੇ ਹਨ ਅਤੇ ਦੂਜੀ ਵਾਰ ਓਲੰਪਿਕ ਖੇਡ ਕੇ ਘਰ ਆਇਆ ਹੈ। ਸ਼ਾਨਦਾਰ ਜਿੱਤ ਲੈ ਕੇ ਘਰ ਪਰਤਣ ‘ਤੇ ਉਸ ਦੇ ਪਰਿਵਾਰ ਦੀ ਖੁਸ਼ੀ ਦੀਆਂ ਕੋਈ ਹੱਦਾਂ ਨਹੀਂ ਸਨ। ਮਾਂ ਨੇ ਪੁੱਤਰ ਦਾ ਸਿਰ ਚੁੰਮਿਆ ਤੇ ਭਵਿੱਖ ਲਈ ਅਸੀਸਾਂ ਦਿੱਤੀਆਂ। ਰੁਪਿੰਦਰ ਪਾਲ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਭਰਾ ਅਮਰਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਰੁਪਿੰਦਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰੁਪਿੰਦਰਪਾਲ ਦੇ ਬਾਪੂ ਹਰਿੰਦਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਰੁਪਿੰਦਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਉਹ ਵਿਆਹ ਕਰਵਾਏਗਾ ਤੇ ਹੁਣ ਉਹ ਰੁਪਿੰਦਰਪਾਲ ਸਿੰਘ ਨੂੰ ਵਿਆਹ ਕਰਵਾਉਣ ਲਈ ਲਈ ਮਨਾਉਣਗੇ। ਪਰ ਰੁਪਿੰਦਰਪਾਲ ਦਾ ਸੁਪਨਾ ਅਗਲੀ ਵਾਰ ਸੋਨੇ ਦਾ ਤਗ਼ਮਾ ਜਿੱਤਣ ਦਾ ਹੈ। ਉਧਰ ਜ਼ਿਲੇ ਦੇ ਡੀਸੀ ਵਿਮਲ ਕੁਮਾਰ ਸੇਤੀਆ ਨੇ ਐਲਾਨ ਕੀਤਾ ਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਸਨਮਾਨ ਵਿੱਚ ਫ਼ਰੀਦਕੋਟ ਸ਼ਹਿਰ ਦੀ ਇਕ ਸੜਕ ਦਾ ਨਾਂ ਰੁਪਿੰਦਰਪਾਲ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਪੰਜਾਬ ਦੇ ਇਹ ਓਲੰਪਿਕ ਸਿਤਾਰੇ ਦੇਸ਼ ਤੇ ਸੂਬੇ ਲਈ ਮਾਣ ਹਨ। ਆਉਣ ਵਾਲੀ ਪੀੜ੍ਹੀ ਦੀ ਸ਼ਾਨ ਤੇ ਪ੍ਰੇਰਨਾ ਸਰੋਤ ਹਨ।

- Advertisement -

Share this Article
Leave a comment