ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?

Prabhjot Kaur
12 Min Read

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜਨ ਬਾਰੇ। ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਪੜਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਕਿਤਾਬਾਂ ਪੜਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਕਿਤਾਬਾਂ ਪੜਨ ਲੱਗਿਆਂ ਬਿਲਕੁਲ ਵੱਖ ਹਿੱਸਿਆਂ ਵਿਚ ਹਰਕਤ ਹੁੰਦੀ ਹੈ।

ਜਦੋਂ ਕੋਈ ਰੋਮਾਂਚਕ ਨਾਵਲ ਪੜਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇਕ ਪਾਸਾ ਆਪਣੇ ਆਪ ਹੀ ਪੜੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇਕ ਪਾਤਰ ਹੋਵੇ।

ਮਿਸਾਲ ਵਜੋਂ, ‘‘ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲਿਆ’’, ਪੜਦੇ ਸਾਰ ਪੜਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।

ਬਿਲਕੁਲ ਇੰਝ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ ਕੇ ਸੁਣਾਏ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀਕੋਡਿੰਗ ਕਰਨ ਵਿਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।

- Advertisement -

ਰੋਮਾਂਚਕ ਨਾਵਲ ਵਿਚ ਪੜੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਕਿਤਾਬਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।

ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਨਾਲ ਦਿਮਾਗ਼ ਦੇ ਵੱਖ ਹਿੱਸੇ ਵਿਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਨਾਲ ਵੱਖਰੇ ਹਿੱਸੇ ਵਿਚ ਲਹੂ ਦਾ ਵਹਾਓ ਵੱਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤਾਬਾਂ ਪੜਨ ਦਾ ਮਤਲਬ ਹੈ ਦਿਮਾਗ਼ ਦੀ ਤਗੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।

ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ :-

ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਕਿਤਾਬਾਂ ਪੜੀਆਂ ਗਈਆਂ, ਓਨਾ ਹੀ ਉਨਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਏਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤਕ ਦਿਮਾਗ਼ ਚੁਸਤ ਦਰੁਸਤ ਤੇ ਤੰਦਰੁਸਤ ਰੱਖਣ ਲਈ ਕਿਤਾਬਾਂ ਹਰ ਹਾਲ ਪੜਨੀਆਂ ਚਾਹੀਦੀਆਂ ਹਨ।

ਈ-ਕਿਤਾਬਾਂ (ਕਿੰਡਲ) :-
ਅੱਜ ਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜਨਾ ਚਾਹੁੰਦੇ ਹਨ। ਜਿਨਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿਖ ਸਕਦੇ ਹਨ। ਈ-ਕਿਤਾਬਾਂ ਨੂੰ ਪੜਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ। ਏਸੇ ਲਈ ਈ-ਕਿਤਾਬਾਂ ਪੜਦਿਆਂ ਅੱਖਾਂ ਦੀ ਛੇਤੀ ਥਕਾਵਟ ਹੋ ਜਾਂਦੀ ਹੈ।

- Advertisement -

ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ ‘ਸਪੇਸ਼ੀਅਲ ਨੈਵੀਗੇਬਿਲਟੀ’ ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿਚ ਮਾਹਿਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ ’ਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜਨੀ ਹੈ, ਵਰਗੀ ਗੱਲ ਈ-ਕਿਤਾਬ ਵਿਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜਦਿਆਂ ਉਸਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬ ਪੜਦਿਆਂ ਲੈਂਦਾ ਹੈ, ਓਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿਚ ਈ-ਕਿਤਾਬ ਪੜਦਿਆਂ ਨਹੀਂ ਦਿਸਦਾ।

ਕੁੱਝ ਈ-ਕਿਤਾਬਾਂ ਵਿਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਨ ਦਾ ਇਹਸਾਸ ਉਨਾਂ ਨੂੰ ਅਸਲ ਕਾਗਜ਼ ਦੀਆਂ ਕਿਤਾਬਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਓਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ ਜਿੰਨੀ ਕਾਗਜ਼ ਦੀਆਂ ਕਿਤਾਬਾਂ ਨਾਲ ਹੰੁਦੀ ਲੱਭੀ ਗਈ ਹੈ।
ਕਿਤਾਬਾਂ ਪੜਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵੱਧਦੀ ਹੈ?

ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਏਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁੱਝ ਅੰਦਾਜ਼ੇ ਲਾਉਣ ਲੱਗ ਪੈਂਦਾ ਹੈ। ਇਨਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇਕ ਕ੍ਰਮ ਵਿਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜਿਆ ਜਾਵੇ, ਓਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।

ਏਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਿਤਾਬਾਂ ਵਿੱਚੋਂ ਪੜ ਕੇ ਸੁਣਾਈਆਂ ਜਾਣ। ਇੰਜ ਉਨਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਾਸ਼ਤ ਦਾ ਸੈਂਟਰ ਵੀ ਵੱਡਾ ਹੋ ਜਾਂਦਾ ਹੈ। ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਕਿਤਾਬਾਂ ਪੜਨ ਨਾਲ ਬੱਚਿਆਂ ਦੇ ਧਿਆਨ ਲਾਉਣ ਵਿਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।

ਕੀ ਦਿਮਾਗ਼ ਦੀ ਬਣਤਰ ਵਿਚ ਵੀ ਫ਼ਰਕ ਪੈਂਦਾ ਹੈ?

ਕੁੱਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਕਿਤਾਬਾਂ ਨਹੀਂ ਸਨ ਪੜਦੇ। ਉਨਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜਨ ਵਿਚ ਰੁਚੀ ਪੈਦਾ ਹੋ ਗਈ ਤਾਂ ਉਨਾਂ ਦੇ ਪਹਿਲੇ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫਰਕ ਲੱਭਿਆ ਗਿਆ।

ਨਤੀਜੇ ਸਨ, ਕਿ 83 ਫੀਸਦੀ ਦੇ ਦਿਮਾਗ਼ਾਂ ਦੇ ‘ਵਾਈਟ ਮੈਟਰ’ ਵਿਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ ‘ਲੈਂਗੂਏਜ ਜ਼ੋਨ’ ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿਚ ਸਾਂਝ ਗੰਢਣ ਵਿਚ ਆਸਾਨੀ ਹੋ ਗਈ।

ਇੰਝ ਸਪਸ਼ਟ ਹੋ ਗਿਆ ਕਿ ਕਿਤਾਬਾਂ ਪੜਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿਚ ਮਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।

ਸਹਿਨਸ਼ੀਲਤਾ ਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ :-
ਜਿੰਨੀਆਂ ਵੱਧ ਕਿਤਾਬਾਂ ਪੜਦੇ ਰਹੋ ਓਨਾ ਹੀ ਦਿਮਾਗ਼ ਹੌਲੀ-ਹੌਲੀ ਸਹਿਨਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ।

ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁੱਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਕਿਤਾਬਾਂ ਪੜਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ।

ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਕਿਤਾਬਾਂ ਪੜਨ ਨਾਲ ਕਿਸੇ ਦੀ ਸ਼ਖ਼ਸੀਅਤ ਵਿਚ ਦਿਸ ਸਕਦੇ ਹਨ। ਇਸ ਤਰਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।

ਅੱਜ ਦੀ ਪੀੜੀ ਕਿਤਾਬਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਨਸ਼ੀਲਤਾ ਘੱਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ। ਜੇ ਸਮਾਜ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿਚ ਪੜਨ ਦੀ ਰੁਚੀ ਵਧਾਉਣੀ ਪੈਣੀ ਹੈ।

ਉਸ ਵਾਸਤੇ ਕੀ ਕੀਤਾ ਜਾਵੇ?
1. ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਕਿਤਾਬਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨਾਂ ਨੂੰ ਕਹਾਣੀਆਂ ਪੜ ਕੇ ਸੁਣਾਉਣੀਆਂ ਚਾਹੀਦੀਆਂ ਹਨ।
2. ਬੱਚੇ ਨੂੰ ਇਨਾਮ ਦੇਣ ਸਮੇਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
3. ਸਕੂਲਾਂ ਵਿਚ ਬੱਚਿਆਂ ਨੂੰ ਹਰ ਹਫ਼ਤੇ ਵਿਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ ਕੇ ਉਨਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
4. ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
5. ਬਸਾਂ, ਗੱਡੀਆਂ ਵਿਚ ਇਕ ਖ਼ਾਨਾ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਕਿਤਾਬਾਂ ਪੜੀਆਂ ਜਾ ਸਕਣ।
6. ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿਚ ਕਿਤਾਬਾਂ ਰਖਣੀਆਂ ਚਾਹੀਦੀਆਂ ਹਨ ਤਾਂ ਜੋ ਚਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿਚ ਆ ਸਕਣ।
7. ਜਨਮ ਦਿਨ ਤੇ ਵਿਆਹਾਂ ਦੇ ਸਮਾਗ਼ਮਾਂ ਵਿਚ ਵੀ ਵਧੀਆ ਕਿਤਾਬਾਂ ਹੀ ਸੁਗ਼ਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
8. ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਕਿਤਾਬਾਂ ਬਜ਼ਾਰ ਵਿਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨਾਂ ਨੂੰ ਜੱਫੀ ਵਿਚ ਲੈ ਕੇ ਫਿਰਦਾ ਰਹੇ।
9. ਬੱਚਿਆਂ ਦੇ ਕਮਰੇ ਵਿਚ ਛੋਟੀ ਅਲਮਾਰੀ ਵਿਚ ਕਿਤਾਬਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।

ਜੇ ਕਿਤਾਬਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ.ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁੱਝ ਸਮਾਂ ਕਿਤਾਬਾਂ ਪੜਨ ਵੱਲ ਵੀ ਲਾਉਣਾ ਚਾਹੀਦਾ ਹੈ। ਇਕ ਵਿਦਵਾਨ ਨੇ ਕਿਹਾ ਸੀ ਕਿ ‘‘ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ’’। ਸਚਮੁਚ ਉਮੀਦ ਦੀ ਕਿਰਨ ਜਗਾਉਣ ਵਾਲੀ ਕਿਤਾਬ ਨਾ ਸਿਰਫ਼ ਦਿਮਾਗ਼ ਅੰਦਰਲੇ ਹਨੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿਚ ਵੀ ਮਦਦ ਕਰਦੀ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

Share this Article
Leave a comment