ਬਰਨਬੀ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿਖੇ ਵੀਰਵਾਰ ਨੂੰ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਜਿਥੇ 16 ਮਹੀਨੇ ਦੇ ਇੱਕ ਬੱਚੇ ਨੂੰ ਤਪਦੀ ਗਰਮੀ ‘ਚ ਕਾਰ ਵਿੱਚ ਬੰਦ ਛੱਡ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਬਰਨਬੀ ਦੇ ਫਾਇਰ ਚੀਫ ਡੇਵ ਅਨੁਸਾਰ ਫਾਇਰਫਾਈਟਰਾਂ ਨੂੰ ਸ਼ਾਮ ਦੇ 5:20 ‘ਤੇ ਰਿਪੋਰਟ ਮਿਲੀ ਕਿ 5600-ਬਲਾਕ ਦੇ ਨੇੜ੍ਹੇ ਇੱਕ ਬੱਚਾ ਕਾਰ ਵਿੱਚ ਬੰਦ ਹੈ।
ਬਰਨਬੀ ਆਰਸੀਐਮਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਹਾਇਤਾ ਲਈ ਟੀਮ ਉਥੇ ਪਹੁੰਚੀ ਤਾਂ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਸੀ। ਟੀਮ ਵੱਲੋਂ ਬੱਚੇ ਨੂੰ ਸ਼ੁਰੂਆਤੀ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਹਸਪਤਾਲ ਪਹੁੰਚਦਿਆਂ ਬੱਚੇ ਨੇ ਦਮ ਤੋੜ ਦਿੱਤਾ। ਗਲੋਬਲ ਨਿਊਜ਼ ਕੈਨੇਡਾ ਵੱਲੋਂ ਦਿਤੀ ਜਾਣਕਾਰੀ ਅਨੁਸਾਰ ਬੱਚਾ 9 ਘੰਟੇ ਤੋਂ ਕਾਰ ਵਿੱਚ ਬੰਦ ਸੀ।
ਪੁਲਿਸ ਅਨੁਸਾਰ ਬੱਚੇ ਦੇ ਮਾਪੇ ਘਟਨਾ ਸਥਾਨ ‘ਤੇ ਮੌਜੂਦ ਸਨ ‘ਤੇ ਦੋਵੇਂ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਸਨ। ਬਰਨਬੀ ਦੇ ਆਰਸੀਐਮਪੀ ਅਫਸਰ ਨੇ ਕਿਹਾ ਇਹ ਘਟਨਾ ਬਹੁਤ ਦੁਖਦਾਈ ਸੀ। ਉਸ ਦ੍ਰਿਸ਼ ਨੂੰ ਦੇਖ ਕੇ ਦਿਲ ਟੁੱਟ ਗਿਆ ਜਦੋਂ ਮਾਪੇ ਆਪਣੇ ਬੱਚੇ ਨੂੰ ਉਸ ਹਾਲਤ ‘ਚ ਦੇਖ ਰਹੇ ਸਨ ਕਿੰਝ ਉਹ ਸਥਿਤੀ ਦਾ ਸਾਹਮਣਾ ਕਰ ਰਹੇ ਸਨ ‘ਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸੋਚ ਵ ਨਹੀਂ ਸਕਦੀ ਕਿ ਮੈਂ ਇਸ ਸਥਿਤੀ ਦਾ ਸਾਹਮਣਾ ਕਿਵੇਂ ਕਰਦੀ।
ਬੀ.ਸੀ. ਕੋਰੋਨਰਸ ਸਰਵਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ‘ਚ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਉਥੇ ਹੀ ਪੁਲਿਸ ਨੇ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਣ ਵਾਲੇ ਵਾਧੇ ਨੂੰ ਧਿਆਨ ‘ਚ ਰੱਖਦਿਾਂ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ