ਕਰੋਨਾਵਾਇਰਸ ਦਾ ਖੌਫ : ਇਸ ਨੂੰ ਛੁਪਾਉਣ ‘ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

TeamGlobalPunjab
7 Min Read

 ਅਵਤਾਰ ਸਿੰਘ

 

ਕਰੋਨਾਵਾਇਰਸ ਦਾ ਖੌਫ ਹਰ ਪਾਸੇ ਜਾਰੀ ਹੈ। ਘਰਾਂ, ਦੁਕਾਨਾਂ, ਮਾਰਕੀਟਾਂ, ਬੱਸ ਅੱਡਿਆਂ, ਹਵਾਈ ਅੱਡਿਆਂ, ਦਫਤਰਾਂ ਸਮੇਤ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨੈਣਾ ਦੇਵੀ ਮੰਦਿਰ, ਚਿੰਤਪੂਰਨੀ, ਵੈਸ਼ਨੋ ਦੇਵੀ ਤੇ ਹੋਰ ਵੱਡੀ ਗਿਣਤੀ ਵਾਲੀਆਂ ਥਾਵਾਂ ‘ਤੇ ਆਉਣ ਵਾਲੇ ਸ਼ਰਧਾਲੂਆਂ ਲਈ ਇਹਤਿਆਤ ਵਰਤਦਿਆਂ ਧਾਰਮਿਕ ਅਸਥਾਨ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਸਨਅਤ ਸਮੇਤ ਮਜ਼ਦੂਰ ਵਰਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜੇ ਕੋਈ ਇਸ ਨੂੰ ਛੁਪਾਓਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਵੀ ਹੋ ਸਕਦੀ ਹੈ।

ਕਰੋਨਾਵਾਇਰਸ ਨਾਲ ਸਿੱਝਣ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜ ਸਭਾ ਵਿੱਚ ਦੱਸਿਆ ਕਿ ਦੇਸ਼ ਭਰ ਵਿੱਚ 54 ਹਜ਼ਾਰ ਲੋਕ ਸਿਹਤ ਅਮਲੇ ਦੀ ਨਿਗਰਾਨੀ ਹੇਠ ਹਨ। ਕਰੋਨਾਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਇਸ ਦੇ ਬਾਵਜੂਦ ਡਾਕਟਰ ਤੇ ਹੋਰ ਸਟਾਫ 24 ਘੰਟੇ ਉਨ੍ਹਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ।

- Advertisement -

ਕਰੋਨਾਵਾਇਰਸ ਨੇ ਲੋਕਾਂ ਵਿਚ ਸਿਹਤ ਦੇ ਨਾਲ ਨਾਲ ਆਰਥਿਕ ਨੁਕਸਾਨ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਥਿਤ ਲੁਧਿਆਣਾ ਦੀਆਂ ਸਨਅਤਾਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ। ਸਨਅਤਾਂ ਨੇ ਉਤਪਾਦਨ 50 ਫ਼ੀਸਦੀ ਘੱਟ ਕਰ ਦਿੱਤਾ ਹੈ ਜਿਸ ਦਾ ਵੱਡਾ ਅਸਰ ਮਜ਼ਦੂਰ ਵਰਗ ’ਤੇ ਪੈ ਰਿਹਾ ਹੈ।

ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ’ਤੇ ਦੋ ਥਾਵਾਂ ’ਤੇ ਮੁਢਲੀ ਜਾਂਚ ਲਈ ਕੈਂਪ ਲਾਏ ਜਾ ਰਹੇ ਹਨ। ਦਰਸ਼ਨੀ ਡਿਉਢੀ ਤੋਂ ਅੰਦਰ ਜਾਣ ਲਈ ਅਤੇ ਲੰਗਰ ਘਰ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਮੰਜੀ ਸਾਹਿਬ ਦੀਵਾਨ ਹਾਲ ਵਿਚ ਮਨੁੱਖਤਾ ਦੀ ਭਲਾਈ ਦੀ ਅਰਦਾਸ ਵਾਸਤੇ ਅਖੰਡ ਪਾਠ ਰੱਖੇ ਗਏ ਹਨ। ਇਹ ਪਾਠ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਿਆਂ ਵਿਚ ਆਰੰਭ ਕਰ ਦਿੱਤੇ ਗਏ ਹਨ।

ਸ਼ਰਧਾਲੂਆਂ ਨੂੰ ਅੰਦਰ ਜਾਣ ਤੋਂ ਪਹਿਲਾਂ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਅਤੇ ਕਿਸੇ ਥਾਂ ਨੂੰ ਛੂਹਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਦੂਰੀ ਬਣਾਉਣ ਲਈ ਦਰਸ਼ਨੀ ਡਿਉਢੀ ਤੋਂ ਅੱਗੇ ਪੁਲ ਉੱਪਰ ਯਾਤਰੂਆਂ ਦੇ ਅੰਦਰ ਜਾਣ ਵਾਸਤੇ ਤਿੰਨ ਕਤਾਰਾਂ ਬਣਾ ਦਿੱਤੀਆਂ ਗਈਆਂ ਹਨ। ਰੇਲਿੰਗ, ਦਰਵਾਜ਼ੇ ਤੇ ਹੋਰ ਹੱਥ ਲੱਗਣ ਵਾਲੀਆਂ ਥਾਵਾਂ ਨੂੰ ਕੀਟਾਣੂ ਮੁਕਤ ਕਰਨਾ ਸ਼ੁਰੂ ਕਰ ਦਿੱਤਾ। ਲੰਗਰ ਘਰ ਵਿਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਵਿਚ ਦਾਖ਼ਲ ਹੋਣ ਸਮੇਂ ਸੰਗਤ ਨੂੰ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਮੁਹੱਈਆ ਕੀਤਾ ਜਾਵੇਗਾ। ਦਰਸ਼ਨੀ ਡਿਉਢੀ ਅਤੇ ਕੜਾਹ ਪ੍ਰਸਾਦਿ ਦੇ ਕਾਊਂਟਰ ਕੋਲ ਵੀ ਸੈਨੇਟਾਈਜ਼ਰ ਮੁਹੱਈਆ ਕੀਤਾ ਜਾਵੇਗਾ।

ਰਿਪੋਰਟਾਂ ਮੁਤਾਬਿਕ ਜਨੇਵਾ ਵਿਚ ਵਿਸ਼ਵ ਸਿਹਤ ਸੰਗਠਨ ਦੇ ਹੈੱਡਕੁਆਰਟਰ ’ਤੇ ਕੋਵਿਡ-2019 (ਕਰੋਨਾਵਾਇਰਸ) ਦੇ ਦੋ ਕੇਸ ਮਿਲੇ ਹਨ। ਸੰਗਠਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਲਮੀ ਪੱਧਰ ’ਤੇ ਹੁਣ ਤਕ 1.80 ਲੱਖ ਲੋਕ ਕਰੋਨਾਵਾਇਰਸ ਮਹਾਮਾਰੀ ਦੀ ਮਾਰ ਹੇਠ ਆ ਚੁੱਕੇ ਹਨ ਜਦੋਂਕਿ 145 ਮੁਲਕਾਂ ’ਚ ਸੱਤ ਹਜ਼ਾਰ ਤੋਂ ਵੱਧ ਲੋਕਾਂ ਨੂੰ ਇਸ ਲਾਗ ਕਰ ਕੇ ਜਾਨ ਤੋਂ ਹੱਥ ਧੋਣਾ ਪਿਆ ਹੈ। ਇਰਾਨ ਵਿੱਚ 135 ਮੌਤਾਂ ਨਾਲ ਕੁੱਲ ਗਿਣਤੀ 988 ਹੋ ਗਈ ਹੈ ਜਦੋਂਕਿ 16 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਇਸ ਦੀ ਮਾਰ ਹੇਠ ਹਨ। ਫਰਾਂਸ ਨੇ ਕਰੋਨਾਵਾਇਰਸ ਕਰਕੇ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕੋਵਿਡ-19 ਖ਼ਿਲਾਫ਼ ਲੜਾਈ ਨੂੰ ‘ਜੰਗ’ ਕਰਾਰ ਦਿੱਤਾ ਹੈ। ਸ੍ਰੀਲੰਕਾ ਨੇ ਮੁਲਕ ਵਿੱਚ ਆਉਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ’ਤੇ ਰੋਕ ਲਾ ਦਿੱਤੀ ਹੈ। ਸ੍ਰੀਲੰਕਾ ਵਿੱਚ ਹੁਣ ਤਕ 29 ਕੇਸ ਮਿਲੇ ਹਨ।

ਫੌਜ ਨੇ ਪੀੜਤਾਂ ਨੂੰ ਵੱਖ ਰੱਖਣ ਲਈ ਬਣਾਏ ਸੈਂਟਰਾਂ ਨੂੰ ਆਪਣੀ ਨਿਗਰਾਨੀ ਅਧੀਨ ਲੈ ਲਿਆ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਨੇ ਕਰੋਨਾਵਾਇਰਸ ਕਰਕੇ ਆਪਣੀ ਭਾਰਤ ਫੇਰੀ ਰੱਦ ਕਰ ਦਿੱਤੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਇਸ ਹਫ਼ਤੇ ਹੋਣ ਵਾਲੀਆਂ ਆਪਣੀਆਂ ਦੋ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਹਨ, ਯੂਐੱਨ ਤਰਜਮਾਨ ਸਟੀਫ਼ਨ ਡੁਜਾਰਿਕ ਨੇ ਇਸ ਦੀ ਪੁਸ਼ਟੀ ਕੀਤੀ ਹੈ।

- Advertisement -

ਡਬਲਿਊਐੱਚਓ ਦੇ ਤਰਜਮਾਨ ਕ੍ਰਿਸਚੀਅਨ ਲਿੰਡਮੇਅਰ ਅਨੁਸਾਰ ਦੋ ਸਟਾਫ਼ ਮੈਂਬਰਾਂ ਵਿੱਚ ਕੋਵਿਡ-2019 ਦੇ ਲੱਛਣ ਮਿਲੇ ਹਨ। ਉਹ ਵੀਰਵਾਰ ਤੇ ਸ਼ੁੱਕਰਵਾਰ ਨੂੰ ਆਪਣੇ ਘਰ ਗਏ ਸਨ। ਉਨ੍ਹਾਂ ਨੂੰ ਹੋਰਨਾਂ ਨਾਲੋਂ ਵੱਖਰਾ ਰੱਖਿਆ ਗਿਆ ਹੈ। ਟੈਸਟਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ ਸਵਿਟਜ਼ਰਲੈਂਡ ਵਿੱਚ ਪਿਛਲੇ 24 ਘੰਟਿਆਂ ’ਚ ਕਰੋਨਾਵਾਇਰਸ ਲਾਗ ਨਾਲ ਪੀੜਤਾਂ ਦੀ ਗਿਣਤੀ ਲਗਪਗ ਇਕ ਹਜ਼ਾਰ ਦੇ ਕਰੀਬ ਵਧ ਕੇ 2200 ਹੋ ਗਈ ਹੈ। ਹੁਣ ਤਕ ਦੇਸ਼ ਭਰ ਵਿੱਚ 14 ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਕੈਨੇਡਾ ਨੇ ਗੈਰ-ਨਾਗਰਿਕਾਂ ਲਈ ਆਪਣੇ ਮੁਲਕ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।

ਇਸੇ ਤਰ੍ਹਾਂ ਇਸ ਦਾ ਖੌਫ ਵਧਦਾ ਜਾ ਰਿਹਾ ਹੈ। ਕੁਝ ਲੋਕ ਵੱਖਰੇ ਰਹਿਣ ਦੇ ਡਰ ਕਾਰਨ ਇਸ ਬਿਮਾਰੀ ਨੂੰ ਛੁਪਾ ਰਹੇ ਹਨ। ਪਰ ਇਸ ਨੂੰ ਛੁਪਾਉਣ ‘ਤੇ ਪੀੜਤ ਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਵੀ ਹੋ ਸਕਦੀ ਹੈ।

ਆਈਪੀਸੀ ਦੀ ਧਾਰਾ 269 ਅਨੁਸਾਰ ਜਦੋਂ ਕੋਈ ਅਜਿਹੀ ਲਾਪਰਵਾਹੀ ਕਰਦਾ ਹੈ ਜੋ ਜਾਨਲੇਵਾ ਬਿਮਾਰੀ ਦੇ ਸੰਕਰਮ ਨੂੰ ਫੈਲਾ ਸਕਦੀ ਹੈ। ਇਸ ਕਾਰਨ ਛੇ ਮਹੀਨੇ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਆਈਪੀਸੀ ਦੀ ਧਾਰਾ 270 ਉਸ ਵੇਲੇ ਲਗਦੀ ਹੈ ਜਦੋਂ ਕੋਈ ਅਜਿਹਾ ਘਾਤਕ ਕੰਮ ਕਰਦਾ ਹੈ ਜੋ ਜਾਨਲੇਵਾ ਬਿਮਾਰੀ ਦੇ ਸੰਕਰਮ ਨੂੰ ਫੈਲਾ ਸਕਦਾ ਹੈ। ਇਸਦੇ ਤਹਿਤ ਦੋ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਕਾਨੂੰਨੀ ਪਹਿਲੂ : ਹਰਿਆਣਾ ਸਰਕਾਰ ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਬਿਮਾਰੀ ਕਾਨੂੰਨ 1897 ਦੇ ਤਹਿਤ ‘ਹਰਿਆਣਾ ਮਹਾਂਮਾਰੀ ਰੋਗ’ ਐਲਾਨਿਆ ਹੈ। ਇਸ ਦੇ ਤਹਿਤ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਆਈਪੀਐਸ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

ਯੂ ਪੀ ਸਰਕਾਰ ਨੇ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਐਫ਼ਆਈਆਰ ਦਾ ਸਹਾਰਾ ਲਿਆ। ਕੋਰੋਨਾਵਾਇਰਸ ਕੋਵਿਡ -2019 ਦੇ ਫੈਲਣ ਤੋਂ ਰੋਕਣ ਲਈ ਕਰਨਾਟਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ 123 ਸਾਲ ਪੁਰਾਣੇ ਕਾਨੂੰਨ ਦੀਆਂ ਧਾਰਾਵਾਂ ਨੂੰ ਲਾਗੂ ਕੀਤਾ ਹੈ।

ਮਹਾਂਮਾਰੀ ਬਿਮਾਰੀ ਕਾਨੂੰਨ,1897 ਤਹਿਤ ਅਧਿਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ, ਆਵਾਜਾਈ ਨੂੰ ਰੋਕਣ, ਕਿਸੇ ਵੀ ਮਰੀਜ਼ ਨੂੰ ਘਰ ਜਾਂ ਹਸਪਤਾਲ ਵਿੱਚ ਵੱਖਰਾ ਰੱਖਣ ਲਈ ਵਰਤਿਆ ਜਾਂਦਾ ਹੈ।

Share this Article
Leave a comment