Home / ਓਪੀਨੀਅਨ / ਉਸ ਬੰਦੇ ਦਾ ਕੌਡੀ ਨਾ ਮੁੱਲ ਪੈਂਦਾ,ਜਿਹੜਾ ਸਮੇਂ ਦੀ ਰਮਜ਼ ਪਛਾਣਦਾ ਨਹੀਂ!

ਉਸ ਬੰਦੇ ਦਾ ਕੌਡੀ ਨਾ ਮੁੱਲ ਪੈਂਦਾ,ਜਿਹੜਾ ਸਮੇਂ ਦੀ ਰਮਜ਼ ਪਛਾਣਦਾ ਨਹੀਂ!

ਸੁਬੇਗ ਸਿੰਘ, ਸੰਗਰੂਰ:

ਅਗਰ ਇਹ ਮੰਨ ਲਿਆ ਜਾਵੇ,ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਤੇ ਲਾਜਵਾਬ ਸ਼ੈਅ ਵਕਤ ਹੈ,ਤਾਂ ਇਹ ਕੋਈ ਅੱਤਕਥਨੀ ਵੀ ਨਹੀਂ ਹੋਵੇਗੀ।ਕਿਉਂਕਿ,ਮਨੁੱਖ ਦੇ ਹੱਥ ਚੋਂ ਇੱਕ ਵਾਰ ਲੰਘਿਆ ਸਮਾਂ,ਕਦੇ ਉਹਦੇ ਕੋਲ ਮੁੜਕੇ ਨਹੀਂ ਆਉਂਦਾ।ਇਸੇ ਲਈ ਤਾਂ,ਦੁਨੀਆਂ ਦਾ ਕੋਈ ਵੀ ਅਮੀਰ ਤੋਂ ਅਮੀਰ ਆਦਮੀ,ਇਸ ਸਮੇਂ ਨੂੰ ਨਾ ਹੀ ਖਰੀਦ ਸਕਿਆ ਹੈ ਅਤੇ ਨਾ ਹੀ ਇਸ ਦੀ ਚਾਲ ਨੂੰ ਮੱਠੀ ਜਾਂ ਤੇਜ ਹੀ ਕਰ ਸਕਿਆ ਹੈ,ਜਿਹੜਾ ਆਪਣੀ ਮਸਤ ਚਾਲ ਨਾਲ,ਬੇਪ੍ਰਵਾਹ ਹੋ ਕੇ ਤੁਰਦਾ ਰਹਿੰਦਾ ਹੈ।

ਜਿਸ ਤਰ੍ਹਾਂ,ਕੋਈ ਵੀ ਮਨੁੱਖ ਆਪਣੇ ਬਚਪਨ ਅਤੇ ਜਵਾਨੀ ਨੂੰ ਲੱਖ ਯਤਨ ਕਰਨ ਦੇ ਬਾਵਜੂਦ ਵੀ ਵਾਪਸ ਨਹੀਂ ਲਿਆ ਸਕਦਾ।ਇਸੇ ਤਰ੍ਹਾਂ,ਕੋਈ ਵੀ ਵਿਅਕਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ,ਵਕਤ ਨੂੰ ਕਿਸੇ ਵੀ ਕੀਮਤ ਤੇ ਖਰੀਦ ਨਹੀਂ ਸਕਦਾ।ਕਿਉਂਕਿ ਵਕਤ ਦੀ ਕੀਮਤ,ਅੱਜ ਤੱਕ,ਨਾ ਹੀ ਕੋਈ ਅਦਾ ਹੀ ਕਰ ਸਕਿਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਚ ਹੀ,ਸ਼ਾਇਦ ਕੋਈ ਅਦਾ ਕਰ ਹੀ ਸਕੇਗਾ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ,
ਵਕਤ ਬੜਾ ਬਲਵਾਨ ਹੁੰਦਾ ਹੈ!

ਅਸਲ ਵਿੱਚ, ਵਕਤ ਸੱਚਮੁੱਚ ਹੀ ਬੜਾ ਬਲਵਾਨ ਹੁੰਦਾ ਹੈ।
ਭਾਵੇਂ ਇਸ ਵਕਤ ਨੂੰ,ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸਨੂੰ ਪੁੱਠਾ ਗੇੜ ਹੀ ਦਿੱਤਾ ਜਾ ਸਕਦਾ ਹੈ।ਪਰ ਇੱਕ ਗੱਲ ਤਾਂ, ਜਰੂਰ ਹੈ,ਕਿ ਇਸ ਵਕਤ ਦਾ ਸਹੀ ਉਪਯੋਗ ਕਰਕੇ,ਮਾਲਾਮਾਲ ਜਰੂਰ ਹੋਇਆ ਜਾ ਸਕਦਾ ਹੈ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ,
ਇੱਕ ਵਾਰ ਪੁਲਾਂ ਹੇਠੋਂ ਲੰਘਿਆ ਪਾਣੀ ਅਤੇ ਬੀਤਿਆ ਹੋਇਆ ਵਕਤ,ਦੁਬਾਰਾ ਜਿੰਦਗੀ ਚ ਨਹੀਂ ਆਉਂਦੇ!

ਬਾਅਦ ਵਿੱਚ ਤਾਂ ਪਛਤਾਵਾ ਹੀ ਪੱਲ੍ਹੇ ਰਹਿ ਜਾਂਦਾ ਹੈ।
ਭਾਵੇਂ ਹਰ ਮਨੁੱਖ ਦੇ ਕੋਲ, ਸਮਾਂ ਸੀਮਤ ਹੁੰਦਾ ਹੈ।ਪਰ ਇੱਕ ਗੱਲ ਜਰੂਰ ਹੈ,ਕਿ ਇਸ ਸਮੇਂ ਦਾ ਸਦ ਉਪਯੋਗ ਕਰਕੇ ਮਾਲਾਮਾਲ ਅਤੇ ਇਸ ਸਮੇਂ ਨੂੰ ਅਜਾਈਂ ਗੁਆ ਕੇ,ਬਰਬਾਦ ਜਰੂਰ ਕੀਤਾ ਜਾ ਸਕਦਾ ਹੈ।ਹੁਣ ਇਹ ਗੱਲ ਤਾਂ, ਹਰ ਮਨੁੱਖ ਤੇ ਆਪਣੇ ਤੇ ਨਿਰਭਰ ਕਰਦੀ ਹੈ,ਕਿ ਉਹਨੇ ਸਮੇਂ ਦਾ ਪ੍ਰਯੋਗ ਕਿਵੇਂ ਕਰਨਾ ਹੈ।

ਭਾਵੇਂ ,ਕਿਸੇ ਕਾਮਯਾਬ ਮਨੁੱਖ ਦੇ ਕੋਲ,ਦੂਸਰਿਆਂ ਜਿੰਨਾ ਹੀ ਸਮਾਂ ਹੁੰਦਾ ਹੈ।ਪਰ ਜਿੰਦਗੀ ਦੇ ਹਰ ਖੇਤਰ ਚ ਫੇਲ ਹੋਣ ਵਾਲੇ ਵਿਅਕਤੀ,ਆਪਣੀ ਤਕਦੀਰ ਨੂੰ ਕੋਸਣ ਤੋਂ ਸਿਵਾਏ ਕੁੱਝ ਨਹੀਂ ਕਰਦੇ।ਜਦੋਂਕਿ ਕਾਮਯਾਬ ਵਿਅਕਤੀ ਦੀ ਚੰਗੀ ਕਿਸਮਤ ਦੀਆਂ ਟਾਅਰਾਂ ਮਾਰਦੇ ਰਹਿੰਦੇ ਹਨ।ਪਰ ਅਜਿਹੇ ਲੋਕ,ਇਸ ਗੱਲ ਨੂੰ ਉੱਕਾ ਹੀ ਨਕਾਰ ਦਿੰਦੇ ਹਨ,ਕਿ ਕਾਮਯਾਬ ਲੋਕਾਂ ਨੇ,ਅਸਲ ਵਿੱਚ ਆਪਣੇ ਸਮੇਂ ਦਾ ਸਦ ਉਪਯੋਗ ਕੀਤਾ ਹੈ।ਜਦੋਂਕਿ,ਬਰਬਾਦ ਹੋਣ ਵਾਲੇ ਲੋਕਾਂ ਨੇ ਆਪਣਾ ਕੀਮਤੀ ਸਮਾਂ ਬਰਬਾਦ ਹੀ ਕੀਤਾ ਹੈ।ਬੱਸ,ਦੋਵਾਂ ਚ ਇਹੋ ਹੀ ਤਾਂ ਮੁੱਖ ਫਰਕ ਹੁੰਦਾ ਹੈ।
ਇਸੇ ਲਈ ਤਾਂ ਵਕਤ ਦੇ ਸਹੀ ਉਪਯੋਗ ਕਰਨ ਦੇ ਸਵੰਧ ਚ,ਇੱਕ ਕਹਾਵਤ ਬੜੀ ਮਸ਼ਹੂਰ ਹੈ,ਕਿ,
ਵਕਤੋਂ ਖੁੰਝੀ ਡੂੰਮਣੀ,ਗਾਵੈ ਆਲ ਪਤਾਲ!

ਕਹਿਣ ਤੋਂ ਭਾਵ ਇਹ ਹੈ,ਕਿ ਹਰ ਚੀਜ,ਵਕਤ ਦੇ ਨਾਲ ਹੀ ਚੰਗੀ ਲੱਗਦੀ ਹੈ।ਜਿੰਦਗੀ ਚ ਕੀਤਾ ਗਿਆ,ਕੋਈ ਵੀ ਬੇ ਵਕਤਾ ਕੰਮ ਮਨੁੱਖ ਨੂੰ ਖੁਸ਼ੀ ਦੀ ਵਜਾਏ ਤਕਲੀਫ ਹੀ ਦਿੰਦਾ ਹੈ।ਇਸ ਲਈ,ਇਸ ਵਕਤ ਨੂੰ ਐਵੇਂ ਨਹੀਂ ਗਵਾ ਦੇਣਾ ਚਾਹੀਦਾ।
ਜਿੰਦਗੀ ਦੇ ਸਫਰ ਦੇ ਦੌਰ ਚ,ਹਰ ਕੰਮ ਕਰਨ ਦਾ ਕੋਈ ਨਾ ਕੋਈ ਵਕਤ ਹੁੰਦਾ ਹੈ।ਇਹੋ ਕਾਰਨ ਹੈ,ਕਿ ਕਿਸੇ ਮਰਗਤ ਵਾਲੇ ਘਰ ਜਾ ਕੇ,ਅਗਰ ਕੋਈ ਹੱਸਣਾ ਸ਼ੁਰੂ ਕਰ ਦੇਵੇ, ਤਾਂ ਲੋਕਾਂ ਨੂੰ ਬੜਾ ਬੁਰਾ ਲੱਗਦਾ ਹੈ।ਇਸਦੇ ਉਲਟ,ਅਗਰ ਕੋਈ ਖੁਸ਼ੀ ਦੇ ਮੌਕੇ,ਰੋਣਾ ਸ਼ੁਰੂ ਕਰ ਦੇਵੇ,ਤਾਂ ਵੀ ਇਸਨੂੰ ਬਦਸ਼ਗਨੀ ਹੀ ਸਮਝਿਆ ਜਾਂਦਾ।ਸੋ ਹਰ ਚੀਜ ਦਾ ਕੋਈ ਵਕਤ ਹੁੰਦਾ ਹੈ।ਇਸੇ ਲਈ ਤਾਂ ਕਹਿੰਦੇ ਹਨ,ਕਿ,
ਵੇਲੇ ਦਾ ਰਾਗ,ਕੁਵੇਲੇ ਦੀਆਂ ਟੱਕਰਾਂ!

ਜੋ ਕਿ,ਅਟੱਲ ਸਚਾਈ ਹੈ।
ਅਜੋਕੇ ਦੌਰ ਚ ਤਾਂ,ਸਮੇਂ ਦੇ ਇੱਕ 2 ਪਲ ਦੀ ਬੜੀ ਕੀਮਤ ਹੁੰਦੀ ਹੈ।ਕਿਉਂਕਿ ਅਜੋਕੇ ਦੌਰ ਚ ਤਾਂ,ਸਮੇਂ ਦੇ ਇੱਕ ਸੈਕਿੰਡ ਦੇ ਹਜਾਰ ਹਿੱਸੇ ਦੇ ਫਰਕ ਨਾਲ ਵੀ,ਮਨੁੱਖ ਦੀ ਦੁਨੀਆਂ ਬਦਲ ਜਾਂਦੀ ਹੈ।ਇਸ ਲਈ,ਆਪਣੀ ਕਾਮਯਾਬੀ ਦੇ ਲਈ,ਸਮੇਂ ਦੀ ਕਦਰ ਕਰਨੀ ਹਰ ਮਨੁੱਖ ਦਾ ਫਰਜ ਬਣਦਾ ਹੈ।ਕਿਉਂਕਿ ਹੁਣ ਤਾਂ ਪਲ 2 ਤੇ,ਮਨੁੱਖ ਦੀ ਦੁਨੀਆਂ ਹੀ ਬਦਲ ਜਾਂਦੀ ਹੈ।ਕਿਉਂਕਿ ਸਮਾਂ ਕਦੇ ਕਿਸੇ ਦਾ ਇੰਤਜ਼ਾਰ ਵੀ ਤਾਂ ਨਹੀਂ ਕਰਦਾ।
ਮੁੱਕਦੀ ਗੱਲ ਤਾਂ ਇਹ ਹੈ,ਕਿ ਸਮਾਂ ਐਨਾ ਬਲਵਾਨ ਹੈ,ਕਿ ਜਿਹੜਾ ਮਨੁੱਖ,ਸਮੇਂ ਦੀ ਕਦਰ ਕਰਦਾ ਹੈ,ਉਹਨੂੰ ਰੰਕ ਤੋਂ ਰਾਜਾ ਅਤੇ ਜਿਹੜਾ ਕਦਰ ਨਹੀਂ ਕਰਦਾ,ਉਹਨੂੰ ਰਾਜੇ ਤੋਂ ਰੰਕ ਵੀ ਬਣਾ ਦਿੰਦਾ ਹੈ।ਬੱਸ ਇਹੋ ਤਾਂ,ਸਮੇਂ ਦੀ ਕਰਾਮਾਤ ਹੁੰਦੀ ਹੈ।ਮਨੁੱਖ ਨੂੰ,ਆਪਣੀ ਮਾੜੀ ਤਕਦੀਰ ਅਤੇ ਵਕਤ ਦੀ ਘਾਟ ਦਾ ਰੋਣਾ ਰੋਣ ਦੀ ਵਜਾਏ,ਸਿਰਫ ਇੱਕ ਗੱਲ ਪੱਲੇ,ਜਰੂਰ ਬੰਨ੍ਹ ਲੈਣੀ ਚਾਹੀਦੀ ਹੈ,ਕਿ ਵਕਤ ਦਾ ਸਦ ਉਪਯੋਗ ਕੀਤਿਆਂ ਹੀ ਕਾਮਯਾਬੀ ਨਸ਼ੀਬ ਹੋਣੀ ਹੈ।ਫੋਕੀਆਂ ਗੱਲਾਂ ਨਾਲ,ਕਦੇ ਮਨੁੱਖ ਦੇ ਨਸੀਬ ਨਹੀਂ ਬਦਲਦੇ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ, ਜਿਹੜਾ ਬੰਦਾ ਵਕਤ ਦੀ ਰਮਜ ਨੂੰ ਨਹੀਂ ਪਛਾਣਦਾ, ਉਹਦਾ ਜਿੰਦਗੀ ਚ ਕੌਡੀ ਜਿੰਨਾ ਵੀ ਮੁੱਲ ਨਹੀਂ ਪੈਂਦਾ!

Check Also

ਮਾਨ ਅਤੇ ਕਿਸਾਨ ਆਗੂਆਂ ’ਚ ਪਈ ਜੱਫ਼ੀ

ਜਗਤਾਰ ਸਿੰਘ ਸਿੱਧੂ ਐਡੀਟਰ; ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਿਚਕਾਰ ਅੱਜ ਚੰਡੀਗੜ੍ਹ …

Leave a Reply

Your email address will not be published.