ਵਿਆਹ ਤੋਂ ਬਾਅਦ ਦੁਲਹਨ ਦੀ ਵਿਦਾਈ ਵੇਲੇ ਅਜਿਹਾ ਭਾਵੁਕ ਮਾਹੌਲ ਬਣ ਜਾਂਦਾ ਹੈ ਕਿ ਸਭ ਦੀਆਂ ਅੱਖਾਂ ‘ਚ ਹੰਝੂ ਆ ਹੀ ਜਾਂਦੇ ਹਨ। ਉੱਥੇ ਹੀ ਭਰਾ-ਭੈਣ ਦਾ ਰਿਸ਼ਤਾ ਸਭ ਤੋਂ ਪਿਆਰਾ ਹੈ ਚਾਹੇ ਉਹ ਘਰ ‘ਚ ਹਮੇਸ਼ਾ ਲੜਦੇ ਰਹਿੰਦੇ ਹੋਣ ਪਰ ਦੋਵੇ ਇੱਕ ਦੂਸਰੇ ਤੋਂ ਬਿਨਾਂ ਵੀ ਰਹਿ ਨਹੀਂ ਸਕਦੇ ਤੇ ਭੈਣ ਦੀ ਵਿਦਾਈ ਵੇਲੇ ਸਭ ਤੋਂ ਜ਼ਿਆਦਾ ਭਰਾ ਹੀ ਰੋਂਦੇ ਹਨ। ਪਰ ਰੂਸੀ ਰਾਜ ਚੇਚੰਨਿਆ ‘ਚ ਭੈਣ ਦੀ ਵਿਦਾਈ ਨਾਲ ਜੁੜ੍ਹਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਇੱਕ ਭਰਾ ਨੂੰ ਆਪਣੀ ਭੈਣ ਦੀ ਵਿਦਾਈ ਵੇਲੇ ਰੋਣਾ ਮਹਿੰਗਾ ਪੈ ਗਿਆ। ਇਸ ਲਈ ਉਸ ਤੋਂ ਜਨਤਕ ਤੌਰ ‘ਤੇ ਮੁਆਫੀ ਵੀ ਮੰਗਵਾਈ ਗਈ।
ਮੀਡੀਆ ਰਿਪੋਰਟਸ ਦੇ ਮੁਤਾਬਕ ਪਿਛਲੇ ਹਫਤੇ ਭੈਣ ਦੀ ਵਿਦਾਈ ‘ਤੇ ਭਰਾ ਦੇ ਰੋਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਤੇ ਵਿਵਾਦ ਹੋ ਗਿਆ। ਧਰਮਿਕ ਆਗੂ ਰਮਜਾਨ ਕਦੀਰੋਵ ਦੇ ਮੁਤਾਬਕ ਵਿਆਹ ‘ਚ ਰੋ ਕੇ ਮੁੰਡੇ ਨੇ ਚੇਚੰਨਿਆ ਦੀਆਂ ਪਰੰਪਰਾ ਦੀ ਉਲੰਘਣਾ ਕੀਤੀ ਸੀ। ਪਰੰਪਰਾ ਦੇ ਮੁਤਾਬਕ ਉਸ ਨੂੰ ਭੈਣ ਦੇ ਵਿਆਹ ਵਿੱਚ ਸ਼ਾਮਲ ਹੀ ਨਹੀਂ ਹੋਣਾ ਚਾਹੀਦਾ ਸੀ ਪਰ ਉਹ ਗਿਆ ਤੇ ਉੱਥੇ ਜਾ ਕੇ ਰੋਇਆ ਵੀ। ਇਹੀ ਵਜ੍ਹਾ ਹੈ ਕਿ ਉਸ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਿਹਾ ਗਿਆ।
ਲੜਕੇ ਦੀ ਮੁਆਫੀ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਉੱਥੋਂ ਦੇ ਇਤਿਹਾਸਕਾਰ ਮੁਤਾਬਕ, ਵਿਆਹਾਂ ਵਿੱਚ ਲੋਕਾਂ ਵੱਲੋਂ ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨਾ ਠੀਕ ਨਹੀਂ ਮੰਨਿਆ ਜਾਂਦਾ, ਚਾਹੇ ਉਹ ਮਹਿਲਾ ਹੋਵੇ ਜਾਂ ਪੁਰਸ਼। ਇਸ ਲਈ ਜਦੋਂ ਮੁੰਡੇ ਦਾ ਆਪਣੀ ਭੈਣ ਦੇ ਵਿਆਹ ਵਿੱਚ ਰੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਇਸ ਤੋਂ ਲੋਕ ਨਾਰਾਜ਼ ਹੋ ਗਏ।
ਅਸਲ ‘ਚ ਚੇਚੰਨਿਆ ਦੇ ਪੁਰਸ਼ ਦੁਨੀਆ ‘ਚ ਸਭ ਤੋਂ ਮਜਬੂਤ ਤੇ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਸ਼ਾਇਦ ਮੁੰਡੇ ਤੋਂ ਮੁਆਫੀ ਮੰਗਵਾਈ ਗਈ। ਹਾਲਾਂਕਿ ਕੁੱਝ ਲੋਕ ਇਸ ਫੈਸਲੇ ਤੋਂ ਨਾਰਾਜ਼ ਵੀ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭੈਣ ਦੀ ਵਿਦਾਈ ਦੇ ਸਮੇਂ ਹਰ ਕੋਈ ਭਾਵੁਕ ਹੋ ਜਾਂਦਾ ਹੈ। ਅਜਿਹੇ ਵਿੱਚ ਜੇਕਰ ਭਰਾ ਰੋ ਪਿਆ ਤਾਂ ਉਸ ਤੋਂ ਜਨਤਕ ਤੌਰ ਉੱਤੇ ਮਾਫੀ ਮੰਗਵਾਉਣੀ ਠੀਕ ਨਹੀਂ ਹੈ ।
https://www.instagram.com/p/B3Hb5u9iKXI/