ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤਾਂ ਉੱਥੇ ਹੀ ਸਿਆਸੀ ਗਤੀਵਿਧੀਆਂ ਵੀ ਇਸ ਨੂੰ ਲੈ ਕੇ ਤੇਜ਼ ਹੁੰਦੀਆਂ ਜਾ ਰਹੀਆਂ ਹਨ ਇਸ ਮਸਲੇ ‘ਤੇ ਲਗਾਤਾਰ ਕੈਪਟਨ ਸਰਕਾਰ ਵੀ ਘਿਰਦੀ ਆ ਰਹੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਜਿਸ ਵਕਤ ਕਾਨੂੰਨ ਬਣਾਉਣ ਤੋਂ ਪਹਿਲਾਂ ਮੁੱਖ ਮੰਤਰੀਆਂ ਦੀ ਹਾਈਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਉਸ ਕਮੇਟੀ ਦਾ ਹਿੱਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਨ। ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਿਆ ਹੈ । ਚੀਮਾ ਦਾ ਕਹਿਣਾ ਹੈ ਕਿ ਨਿਖੇਧੀ ਕਰਨ ਵਾਲੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਹ ਉਸ ਮੀਟਿੰਗ ਦਾ ਹਿੱਸਾ ਹੀ ਨਹੀਂ ਸਨ । ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਅੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਸੀ ਪਰ ਦੋਸ਼ ਹੈ ਕਿ ਰਾਜਪਾਲਾਂ ਵੱਲੋਂ ਉਹ ਮਤਾ ਰਾਸ਼ਟਰਪਤੀ ਤਕ ਨਹੀਂ ਪਹੁੰਚਾਇਆ ਗਿਆ।
ਇਸ ਮਸਲੇ ਤੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ ਹੈ । ਅਰੋੜਾ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਸੀ ਤਾਂ ਜਲਦੀ ਤੋਂ ਜਲਦੀ ਸੈਸ਼ਨ ਬੁਲਾ ਕੇ ਇਕ ਵਾਰ ਫਿਰ ਤੋਂ ਮਤਾ ਪਾਸ ਕਿਉਂ ਨਹੀਂ ਕੀਤਾ ਗਿਆ।