Home / ਓਪੀਨੀਅਨ / ਅਣਗਹਿਲੀ, ਲਾਪ੍ਰਵਾਹੀ ਅਤੇ ਲਹੂ ਪੀਣੀਆਂ ਸੜਕਾਂ ਕਾਰਨ ਵਾਪਰਦੇ ਨੇ ਹਾਦਸੇ

ਅਣਗਹਿਲੀ, ਲਾਪ੍ਰਵਾਹੀ ਅਤੇ ਲਹੂ ਪੀਣੀਆਂ ਸੜਕਾਂ ਕਾਰਨ ਵਾਪਰਦੇ ਨੇ ਹਾਦਸੇ

ਅਵਤਾਰ ਸਿੰਘ

ਨਿਊਜ਼ ਡੈਸਕ : ਪੰਜਾਬ ਵਿੱਚ ਸ਼ਨਿਚਰਵਾਰ ਨੂੰ ਵਾਪਰੇ ਦੋ ਦਰਦਨਾਕ ਹਾਦਸਿਆਂ ਨੇ ਚਾਰ ਜੀਆਂ ਦੀ ਜਾਨ ਲੈ ਲਈ। ਇਨ੍ਹਾਂ ਹਾਦਸਿਆਂ ਵਿੱਚ ਜ਼ਿਲਾ ਮੋਹਾਲੀ ਦੀ ਤਹਿਸੀਲ ਖਰੜ ਵਿੱਚ ਇਕ ਤਿੰਨ ਮੰਜ਼ਿਲ ਇਮਾਰਤ ਡਿੱਗਣ ਕਾਰਨ ਇਕ ਜੇਸੀਬੀ ਅਪਰੇਟਰ ਦੀ ਮੌਤ ਹੋ ਗਈ ਅਤੇ ਤਿੰਨ ਮਜ਼ਦੂਰ ਜ਼ਖਮੀ ਹੋ ਗਏ। ਦੂਜਾ ਦਰਦਨਾਕ ਹਾਦਸਾ ਤਰਨ ਤਾਰਨ ਨੇੜਲੇ ਪਿੰਡ ਡਾਲੇਕੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਵਾਪਰਿਆ ਜਿਸ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋਣ ਅਤੇ 20 ਤੋਂ ਵੱਧ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਇਨ੍ਹਾਂ ਦੋਵਾਂ ਹਾਦਸਿਆਂ ਦੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੈਜਿਸਟਰੇਟੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਸਭ ਨੂੰ ਪਤਾ ਹੈ ਕਿ ਇਹ ਇਕ ਰਸਮੀ ਕਾਰਵਾਈ ਹੁੰਦੀ ਹੈ। ਗੋਂਗਲੂਆਂ ਤੋਂ ਮਿੱਟੀ ਤਾਂ ਝਾੜਨੀ ਹੀ ਪੈਂਦੀ ਹੈ ਨਾ। ਖਰੜ ਵਿੱਚ ਵਾਪਰੇ ਇਸ ਤਰ੍ਹਾਂ ਦੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਜ਼ੀਰਕਪੁਰ ਨੇੜੇ ਪੀਰ ਮੁਛੱਲਾ ਵਿਚ ਵੀ ਇਕ ਬਹੁ-ਮੰਜ਼ਿਲ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ ਸੀ ਉਸ ਦੀ ਵੀ ਸ਼ਾਇਦ ਜਾਂਚ ਚਲ ਰਹੀ ਹੈ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਨੇਮਾਂ ਵਿੱਚ ਸਖਤੀ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਸੜਕੀ ਹਾਦਸੇ ਵੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਹੀ ਵਾਪਰਦੇ ਰਹਿੰਦੇ ਹਨ।

 

ਹਰ ਰੋਜ਼ ਮੀਡੀਆ ਵਿਚ ਕੋਈ ਨਾ ਕੋਈ ਐਕਸੀਡੈਂਟ ਨਾਲ ਹੋਈਆਂ ਮੌਤਾਂ ਦਾ ਜਿਕਰ ਹੁੰਦਾ ਹੈ। ਸਾਡੇ ਦੇਸ਼ ਦੀਆਂ ਸੜਕਾਂ ਹੀ ਕਿਉਂ ਬੇਗੁਨਾਹ ਲੋਕਾਂ ਦਾ ਖੂਨ ਪੀ ਰਹੀਆਂ ਹਨ, ਕੌਣ ਜ਼ਿੰਮੇਵਾਰ ਹੈ ਇਨ੍ਹਾਂ ਮੌਤਾਂ ਦਾ? ਵਿਦੇਸ਼ਾਂ ਵਿੱਚ ਹਾਦਸੇ ਘੱਟ ਕਿਉਂ ਹੁੰਦੇ ਹਨ? ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੀ ਬਾਕੀ ਜ਼ਿੰਦਗੀ ਕਿਵੇਂ ਬਤੀਤ ਹੂੰਦੀ ਹੈ? ਇਹ ਉਹੋ ਹੀ ਜਾਣਦੇ ਹਨ। ਟੱਬਰਾਂ ਦੇ ਟੱਬਰ ਖਤਮ ਹੋ ਜਾਂਦੇ ਹਨ। ਸਾਡਾ ਸੋਚਣਾ ਬਣਦਾ ਹੈ ਨਾ ਕਿ ਉਪਰਲੇ ਰਬ ਦਾ ‘ਭਾਣਾ’ ਜਾਂ ‘ਏਨੀ ਹੀ ਲਿਖੀ ਸੀ’ ਮੰਨ ਕੇ ਆਪਣੇ ਦਿਲ ਨੂੰ ਧਰਵਾਸ ਦਈ ਜਾਣਾ।

 

ਵਿਸ਼ਵ ਦਾ ਸਭ ਤੋਂ ਪਹਿਲਾ ਹਾਦਸਾ ਇੰਗਲੈਂਡ ਵਿਚ 1896 ਨੂੰ ਦਰਜ ਕੀਤਾ ਗਿਆ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਇਕ 44 ਸਾਲਾ ਔਰਤ ਆਪਣੀ ਬੇਟੀ ਨਾਲ ਨਾਟਕ ਵੇਖਣ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਜਾ ਰਹੀ ਕਾਰ ਨੇ ਦੋਹਾਂ ਨੂੰ ਕੁਚਲ ਦਿੱਤਾ। ਭਾਰਤ ਵਿੱਚ ਹਾਦਸਿਆਂ ਨੂੰ ਰੋਕਣ ਵਾਸਤੇ 1955 ਵਿਚ ਪਹਿਲਾ ਟਰੈਫਿਕ ਸਿਗਨਲ ਮੁੰਬਈ ਵਿਚ ਲਾਇਆ ਗਿਆ। ਸੰਸਾਰ ਦੇ ਸਾਰੇ ਦੇਸ਼ਾਂ ਵਿਚ ਖੱਬੇ ਹੱਥ ਚੱਲਣ ਦਾ ਨਿਯਮ ਨਹੀਂ ਹੈ। ਸੰਸਾਰ ਦੇ ਦੋ ਤਿਹਾਈ 163 ਦੇਸਾਂ ਵਿੱਚ ਸੱਜੇ ਹੱਥ ਜਦ ਕਿ 76 ਦੇਸ਼ਾਂ ਵਿਚ ਖੱਬੇ ਹੱਥ ਟ੍ਰੈਫ਼ਿਕ ਚਲਦੀ ਹੈ, ਇਨ੍ਹਾਂ ਵਿਚੋਂ ਜਿਆਦਾਤਰ ਬਰਤਾਨੀਆ ਸਾਮਰਾਜ ਦੀਆਂ ਬਸਤੀਆਂ ਰਹੇ ਹਨ। ਅਮਰੀਕਾ ਵਿਚ ਸੱਜੇ ਪਾਸੇ ਗੱਡੀਆਂ ਨੂੰ ਚਲਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਖੱਬੇ ਹੱਥ ਚਲਣ ਲਈ ਇਸ ਲਈ ਬਣਿਆ ਕਿਉਕਿ ਘੋੜ ਸਵਾਰਾਂ ਲਈ ਖੱਬੇ ਪਾਸਿਉਂ ਚੜਨਾ ਸੌਖਾ ਹੁੰਦਾ ਹੈ, ਤਾਂ ਕਿ ਉਨਾਂ ਦਾ ਸੱਜਾ ਹੱਥ ਤਲਵਾਰ ਚਲਾਉਣ ਲਈ ਰਹਿ ਸਕੇ।

 

ਹਾਦਸਿਆਂ ਵਿਚ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਅਕਾਲੀ ਮੰਤਰੀ ਕੈਪਟਨ ਕੰਵਲਜੀਤ ਸਿੰਘ, ਹਾਕੀ ਉਲੰਪੀਅਨ ਸੁਰਜੀਤ ਸਿੰਘ, ਕਬੱਡੀ ਖਿਡਾਰੀ ਹਰਜੀਤ ਸਿੰਘ ਬਰਾੜ, ਕੁਝ ਸਾਲ ਪਹਿਲਾਂ ਦਰਜਨ ਤੋਂ ਵੱਧ ਅਧਿਆਪਕ ਮਾਰੇ ਗਏ। ਦੇਸ਼ ਵਿੱਚ ਕੁਲ 219 ਨੈਸ਼ਨਲ ਹਾਈਵੇ ਹਨ ਤੇ 65579 ਕਿਲੋਮੀਟਰ ਲੰਬਾਈ ਹੈ। ਅੰਦਾਜ਼ਨ ਹਰ ਸਾਲ ਸੰਸਾਰ ਵਿਚ ਸਾਢੇ ਬਾਰਾਂ ਲੱਖ ਤੋਂ ਵੱਧ ਲੋਕ ਹਾਦਸਿਆਂ ਵਿਚ ਮਰਦੇ ਤੇ ਪੰਜ ਕਰੋੜ ਤੋਂ ਵੱਧ ਜਖ਼ਮੀ ਹੁੰਦੇ ਹਨ। ਭਾਰਤ ਵਿੱਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ, ਜਿਨ੍ਹਾਂ ਵਿੱਚ ਔਸਤ 2 ਲੱਖ ਲੋਕ ਮਰਦੇ ਤੇ ਸਾਡੇ ਚਾਰ ਲੱਖ ਜਖ਼ਮੀ ਹੁੰਦੇ ਹਨ ਤੇ ਅੰਗਹੀਣ ਵਰਗੀ ਜ਼ਿੰਦਗੀ ਜਿਉਂਦੇ ਹਨ। ਪੰਜਾਬ ਵਿਚ ਰੋਜਾਨਾ ਔਸਤ 15-16 ਮੌਤਾਂ ਤੇ 17-18 ਜਖ਼ਮੀ ਹੁੰਦੇ ਹਨ। ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦਾ ਲਗਭਗ 26 ਫੀਸਦੀ ਹਿੱਸਾ ਦੋ ਪਹੀਆ ਵਾਹਨਾਂ ਦਾ ਹੁੰਦਾ ਹੈ। 70 ਫੀਸਦੀ ਮੌਤਾਂ ਹੈਲਮਟ ਨਾ ਪਾਉਣ ਕਰਕੇ ਹੁੰਦੀਆਂ। ਭਾਰਤ ਸਰਕਾਰ ਨੇ 2016 ਵਿੱਚ ਰੋਡ ਸੇਫਟੀ ਬਿਲ ਪਾਸ ਕਰਕੇ 20 ਗੁਣਾ ਜੁਰਮਾਨਾ ਵਧਾਇਆ। ਜੇ ਤੁਸੀਂ ਵਾਹਨ ਚਲਾਉਣ ਰਹੇ ਹੋ ਤੇ ਤੁਹਾਡੇ ਨਾਂ ‘ਤੇ ਨਹੀਂ, ਪਰ ਹਾਦਸਾ ਹੋ ਜਾਂਦਾ ਤਾਂ 3 ਸਾਲ ਦੀ ਸਜਾ ਹੋ ਸਕਦੀ।ਇਸ ਦੇ ਕਾਰਣ ਓਵਰ ਸਪੀਡ, ਓਵਰ ਲੋਡ ਗੱਡੀਆਂ, ਓਵਰ ਟੇਕਿੰਗ,ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ, ਡਰਾਉਣੇ ਹਾਰਨ, ਨਬਾਲਗਾਂ ਵਲੋਂ ਡਰਾਈਵਿੰਗ, ਲਗਾਤਾਰ ਗੱਡੀਆਂ ਚਲਾਉਣ ਕਾਰਣ ਨੀਂਦਰਾ, ਜਿਆਦਾ ਧੁੰਦ ਵਿਚ ਤੇਜ ਵਾਹਨ ਚਲਾਉਣੇ ਹਨ। ਡਿਵਾਈਡਰ ਠੀਕ ਨਹੀਂ ਬਣਾਏ ਜਾਂਦੇ, ਸੜਕਾਂ ਵਿਚ ਟੋਏ, ਟ੍ਰੈਫਿਕ ਲਾਈਟਾਂ ਦਾ ਪ੍ਰੰਬਧ ਨਹੀਂ, ਰਿਫਲੈਕਟਰ ਦੀ ਘਾਟ ਟ੍ਰੈਫਿਕ ਚਿੰਨ੍ਹਾਂ ਦੀ ਜਾਣਕਾਰੀ ਨਾ ਹੋਣਾ।

 

ਪੰਜਾਬ ਵਿੱਚ 315 ਖਤਰਨਾਕ ਐਂਟਰੀ ਪੁਇੰਟ ਜਿਨ੍ਹਾਂ ‘ਤੇ ਲੋੜੀਂਦੇ ਪ੍ਰਬੰਧ ਨਹੀਂ। ਸ਼ਰਾਬ ਪੀ ਕੇ ਵਾਹਨ ਡਰਾਈਵ ਕਰਨ ਤੋਂ ਰੋਕਣ ਲਈ ਟਰੈਫਿਕ ਪੁਲੀਸ ਕੋਲ ਐਲਕੋਮੀਟਰ ਨਹੀਂ। ਚੰਡੀਗੜ੍ਹ ਵਿੱਚ ਕੁਝ ਸਖਤੀ ਹੈ। 77:5 ਫ਼ੀਸਦ ਹਾਦਸੇ ਵਾਹਨ ਚਾਲਕਾਂ ਦੀ ਲਾਪਰਵਾਹੀ ਨਾਲ ਹੁੰਦੇ ਹਨ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਪਾਸਿਓਂ ਰਾਹ ਮਿਲਦਾ ਉਧਰੋਂ ਹੀ ਵਾਹਨ ਨੂੰ ਓਵਰਟੇਕਿੰਗ ਕਰਕੇ ਅੱਗੇ ਕੱਢਣ ਦੀ ਕੋਸ਼ਿਸ ਕਰਦੇ ਹਨ,ਜਦ ਇਕ ਦਮ ਅੱਗੇ ਚਲ ਰਹੇ ਵਾਹਨ ਨੂੰ ਬਰੇਕ ਲਾਉਣੀ ਪੈਂਦੀ ਹੈ ਤਾਂ ਪਿਛੇ ਤੇਜ ਸਪੀਡ ਵਿਚ ਆ ਰਹੇ ਵਾਹਨ ਦੇ ਡਰਾਇਵਰ ਕੋਲੋਂ ਕੰਟਰੋਲ ਨਹੀਂ ਹੁੰਦਾ ਤਾਂ ਉਸ ਸਮੇਂ ਹਾਦਸਾ ਵਾਪਰ ਜਾਂਦਾ ਹੈ। 10:5 ਫ਼ੀਸਦ ਸੜਕਾਂ ਦੀ ਖਰਾਬ ਹਾਲਤ,1:6% ਵਾਹਨ ਪੁਰਾਣੇ,1% ਮੌਸਮ, 2:4% ਪੈਦਲ ਰਾਹੀ,1:3% ਸਾਇਕਲ ਚਾਲਕ ਤੇ ਹੋਰ ਕਾਰਨ ਜਿਵੇਂ ਅਣਰਜਿਸਟਰਡ ਵਾਹਨ(ਆਪੇ ਬਣਾਏ ਜੁਗਾੜੀ ਵਾਹਨ)।

 

ਹਾਦਸਿਆਂ ਤੋਂ ਬਚਾਅ ਕਰਨ ਲਈ ਤੇਜ ਰਫਤਾਰ ‘ਤੇ ਰੋਕ, ਸ਼ਰਾਬ ਦੀ ਵਰਤੋਂ ‘ਤੇ ਰੋਕ, ਸੀਟ ਬੈਲਟ ਬੰਨਣੀ, ਵੱਡੀਆਂ ਸਿੰਗਲ ਸੜਕਾਂ ਨੂੰ ਘਟੋ ਘੱਟ ਡਬਲ ਕੀਤਾ ਜਾਵੇ, ਸੜਕਾਂ ਵਿਚਲੇ ਟੋਏ ਜਾਂ ਖੱਡੇ ਨਾਲੋਂ ਨਾਲ ਭਰੇ ਜਾਣ, ਡਰਾਇਵੰਗ ਸਮੇਂ ਮੋਬਾਇਲ ‘ਤੇ ਪਾਬੰਦੀ, ਪਿੱਛੇ ਆ ਰਹੇ ਵਾਹਨ ਦੇ ਡਰਾਇਵਰ ਨੂੰ ਅਗਲੇ ਵਾਹਨ ਤੋਂ ਏਨੀ ਕੁ ਵਿੱਥ ਰਖਣੀ ਚਾਹਿਦੀ ਕਿ ਉਹ ਇਕਦਮ ਕੰਟਰੋਲ ਕਰ ਸਕੇ ਤੇ ਉਸਨੂੰ ਟ੍ਰੈਫਿਕ ਦੇ ਸਾਰੇ ਚਿੰਨ੍ਹਾਂ ਦੀ ਜਾਣਕਾਰੀ ਹੋਣੀ ਚਾਹਿਦੀ।ਮੈਡੀਕਲ ਕਿੱਟ ਹੋਣੀ ਚਾਹੀਦੀ। ਸੋ ਆਉ ਹਰ ਇਕ ਦੀ ਜਿੰਦਗੀ ਨੂੰ ਕੀਮਤੀ ਸਮਝਦੇ ਹੋਏ ਹਾਦਸਿਆਂ ਨੂੰ ਰੋਕਣ ਲਈ ਖਾਸ ਤੌਰ ਨੌਜਵਾਨ ਵਰਗ ਨੂੰ ਜਾਗ੍ਰਿਤ ਕਰੀਏ, ਮਰਨ ਵਾਲੇ ਜਿਆਦਾਤਰ 18 ਤੋਂ 40 ਸਾਲ ਦੀ ਉਮਰ ਵਾਲੇ ਹੁੰਦੇ ਹਨ।

Check Also

ਖਾਲਸਾ ਦੇ ਸਸਕਾਰ ਨੂੰ ਜਾਤੀ ਮਸਲਾ ਬਣਾਉਣਾ ਗਲਤ

ਮਾਲਵਿੰਦਰ ਸਿੰਘ ਮਾਲੀ ਚੰਡੀਗੜ: ਦੇਸ਼ ਪੰਜਾਬ ਵਿਚਾਰ ਮੰਚ ਖਾਲਸਾ ਪੰਥ ਦੇ ਸਿਰਮੌਰ ਕੀਰਤਨੀਏ ਤੇ ਰਾਗੀ …

Leave a Reply

Your email address will not be published. Required fields are marked *