ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਇਕ ਵੱਡਾ ਦਾਅਵਾ ਕੀਤਾ ਹੈ। ਹਨੀ ਫੱਤਣਵਾਲਾ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਹਾਈਕਮਾਂਡ ਨੇ ਉਹਨਾਂ ਨੂੰ ਵਿਧਾਨ ਸਭਾ ਚੋਣ ਦੇ ਉਮੀਦਵਾਰ ਵਜੋਂ ਟਿਕਟ ਨਾ ਦਿੱਤੀ ਤਾਂ ਇਸ ਵਾਰ ਵੀ ਕਾਂਗਰਸ ਨੂੰ ਹਲਕਾ ਮੁਕਤਸਰ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੁੱਕਰਵਾਰ ਨੂੰ ਫੱਤਣਵਾਲਾ ਨਿਵਾਸ ਵਿਖੇ ਵਿਸ਼ਾਲ ਵਰਕਰਾਂ ਦੇ ਇਕੱਠ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਨੀ ਫੱਤਣਵਾਲਾ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਉਹਨਾਂ ਨੂੰ ਜਰਨਲ ਸੈਕਟਰੀ ਬਣਾਉਣ ਸਮੇਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ ਪੰਜਾਬ ਪੱਧਰ ਦੀ ਚੇਅਰਮੈਨੀ ਦੇਣ ਦੀ ਗੱਲ ਕਹੀ ਗਈ ਸੀ। ਪਰ ਸਮਾਂ ਲੰਘਦਾ ਗਿਆ ਤੇ ਉਨ੍ਹਾਂ ਨੇ ਆਪਣੇ ਮੂੰਹ ਚੇਅਰਮੈਨੀ ਦਾ ਟਿਕਟ ਮੰਗਣ ਦੀ ਗੱਲ ਨਹੀਂ ਕੀਤੀ।
ਪਰ ਇਹ ਦੁੱਖ ਦੀ ਗੱਲ ਹੈ ਕਿ ਕਿਸੇ ਵੇਲੇ ਕਾਂਗਰਸੀ ਕਹਿਲਾਇਆ ਜਾਣ ਵਾਲਾ ਮੁਕਤਸਰ ਹਲਕਾ ਅੱਜ ਕਾਂਗਰਸ ਨਾਲੋਂ ਟੁੱਟ ਚੁੱਕਿਆ। ਆਖਰ ਮਜਬੂਰ ਹੋ ਕੇ ਅੱਜ ਉਹਨਾਂ ਨੂੰ ਵਿਧਾਨ ਸਭਾ ਚੋਣ ਦੇ ਉਮੀਦਵਾਰ ਵਜੋਂ ਟਿਕਟ ਮੰਗਣ ਦਾ ਦਾਅਵਾ ਕਰਨਾ ਪਿਆ। ਹਨੀ ਫੱਤਣਵਾਲਾ ਦੇ ਅਨੁਸਾਰ ਫੱਤਣਵਾਲਾ ਪਰਿਵਾਰ ਦਾ ਪਿਛੋਕੜ ਅਕਾਲੀ ਰਿਹਾ। ਜਿਸ ਕਾਰਨ ਅਕਾਲੀ ਦਲ, ਕਾਂਗਰਸ ਦੀ ਵੋਟ ਤੋਂ ਇਲਾਵਾ ਫੱਤਣਵਾਲਾ ਪਰਿਵਾਰ ਦੇ ਸਮਰਥਕਾਂ ਦੀ ਵੋਟ ਵੀ ਉਹਨਾਂ ਨੂੰ ਹੀ ਪਵੇਗੀ।
ਹਨੀ ਫੱਤਣਵਾਲਾ ਨੇ ਕਾਂਗਰਸ ਦੇ ਮੌਜੂਦਾ ਹਾਲਾਤ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਾਈ ਲੈਵਲ ਤੇ ਜੋ ਤਮਾਸ਼ਾ ਹੋਇਆ, ਉਸ ਨੂੰ ਤਾਂ ਕੰਟਰੋਲ ਕਰ ਲਿਆ ਗਿਆ, ਪਰ ਹਲਕਾ ਲੈਵਲ ਤੇ ਦਸ ਦਸ ਉਮੀਦਵਾਰ ਦਾਅਵੇਦਾਰ ਬਣੇ ਹੋਏ ਨੇ। ਅੰਤ ਵਿੱਚ ਉਨ੍ਹਾਂ ਨੇ ਸਮੁੱਚੀ ਕਾਂਗਰਸ ਅਤੇ ਹਾਈਕਮਾਂਡ ਤੇ ਲਿਡਰਸਿਪ ਤੋਂ ਵਿਧਾਨਸਭਾ ਚੋਣ ਦੀ ਟਿਕਟ ਯੂਥ ਦੇ ਕੋਟੇ ਵਿੱਚੋਂ ਉਨਾਂ ਨੂੰ ਦੇਣ ਦੀ ਮੰਗ ਕੀਤੀ ਹੈ।