ਅਵਤਾਰ ਸਿੰਘ
ਸੀਨੀਅਰ ਪੱਤਰਕਾਰ
ਪੰਜਾਬ ਦੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂ ਹਰ ਪੰਜ ਸਾਲ ਬਾਅਦ ਚੋਣਾਂ ਸਮੇਂ ਲੋਕਾਂ ਵਿੱਚ ਜਾ ਕੇ ਵਿਕਾਸ ਦੇ ਦਮਗਜੇ ਮਾਰਦੇ ਤੇ ਵਿਕਾਸ ਦੇ ਕੰਮ ਗਿਣਾਉਂਦੇ ਹਨ। ਪਰ ਆਜ਼ਾਦੀ ਦੇ ਸੱਤ ਦਹਾਕੇ ਬੀਤਣ ਤੋਂ ਬਾਅਦ ਵੀ ਪੰਜਾਬ ਵਿੱਚ ਕੁਝ ਪਿੰਡ ਅਜਿਹੇ ਹਨ ਜਿਥੋਂ ਦੇ ਬੱਚੇ ਸਕੂਲ ਜਾਂ ਤਾਂ ਜਾਂਦੇ ਹੀ ਨਹੀਂ ਜਾਂ ਜਿਹੜੇ ਜਾਂਦੇ ਹਨ ਉਹਨਾਂ ਨੂੰ ਸਕੂਲ ਪਹੁੰਚਣ ਲਈ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ।
ਸਰਹੱਦੀ ਪਿੰਡਾਂ ਵਿੱਚ ਵਿਕਾਸ ਦੀਆਂ ਬਹੁਤ ਸਾਰੀਆਂ ਘਾਟਾਂ ਹਨ ਜਿਹਨਾਂ ਵਲ ਇਹ ਆਗੂ ਬਿਲਕੁਲ ਧਿਆਨ ਨਹੀਂ ਦੇ ਰਹੇ। ਇਸੇ ਤਰ੍ਹਾਂ ਦੀ ਤ੍ਰਾਸਦੀ ਝੱਲ ਰਿਹਾ ਹੈ ਸਤਲੁਜ ਪਾਰ ਜ਼ਿਲਾ ਫਿਰੋਜ਼ਪੁਰ ਦਾ ਪਿੰਡ ਕਾਲੂਵਾਲਾ।
ਰਿਪੋਰਟਾਂ ਮੁਤਾਬਿਕ ਇਸ ਪਿੰਡ ਦੇ 14 ਸਾਲਾ ਛੇਵੀਂ ਜਮਾਤ ਵਿੱਚ ਪੜ੍ਹਦੇ ਅਮਨਦੀਪ ਸਿੰਘ ਦੀ ਕਹਾਣੀ ਵੀ ਦਿਲ ਟੁੰਬਵੀਂ ਹੈ ਜਿਸ ਨੂੰ ਆਪਣੇ ਪਿੰਡ ਤੋਂ ਹੱਡ ਚੀਰਵੀਂ ਠੰਢ ਵਿੱਚ 5 ਕਿਲੋਮੀਟਰ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੋਕੇ ਪੜ੍ਹਨ ਜਾਣਾ ਪੈਂਦਾ ਹੈ। ਇਹ ਪੈਂਡਾ ਤੈਅ ਕਰਵਾਉਣ ਵਿੱਚ ਉਸ ਦਾ ਪਿਤਾ ਮੱਦਦ ਕਰਦਾ ਹੈ ਜੋ ਹਰ ਰੋਜ਼ ਉਸ ਨੂੰ ਆਪ ਕਿਸ਼ਤੀ ਰਾਹੀਂ ਸਤਲੁਜ ਪਾਰ ਕਰਵਾਉਂਦਾ ਹੈ ਤੇ ਸਕੂਲ ਤੋਂ ਵਾਪਸ ਆਉਣ ਦੀ ਇੰਤਜ਼ਾਰ ਵੀ ਸਤਲੁਜ ਕੰਢੇ ਬੈਠ ਕੇ ਕਰਦਾ ਰਹਿੰਦਾ ਹੈ।
ਅਮਨਦੀਪ ਦੀ ਪੀੜਾ ਦੀ ਕਹਾਣੀ ਇਥੇ ਹੀ ਨਹੀਂ ਮੁੱਕ ਜਾਂਦੀ। ਕਿਸ਼ਤੀ ਵਿਚੋਂ ਉੱਤਰ ਕੇ ਉਸ ਨੂੰ ਸਕੂਲ ਪਹੁੰਚਣ ਲਈ ਹੋਰ ਪੰਜ ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਇਸ ਤਰ੍ਹਾਂ ਉਸ ਨੂੰ ਰੋਜ਼ ਦੋ ਘੰਟੇ ਸਕੂਲ ਪਹੁੰਚਣ ਅਤੇ ਦੋ ਘੰਟੇ ਘਰ ਪਰਤਣ ਵਿੱਚ ਲੱਗ ਜਾਂਦੇ ਹਨ। ਇਸੇ ਤਰ੍ਹਾਂ ਉਸ ਦੇ ਪਿੰਡ ਦੇ 15 ਹੋਰ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਆਉਣ ਜਾਣ ਲਈ ਜਦੋਜਹਿਦ ਕਰਨੀ ਪੈਂਦੀ ਹੈ। ਧੁੰਦ, ਹੱਡ ਚੀਰਵੀਂ ਠੰਢ ਅਤੇ ਗਰਮੀਆਂ ਵਿੱਚ ਕੜਾਕੇ ਦੀ ਧੁੱਪ ਦੌਰਾਨ ਵੀ ਇਹ ਪਾੜ੍ਹੇ ਸਕੂਲ ਪੁੱਜਣ ਲਈ ਕਾਫੀ ਮੇਹਨਤ ਕਰਦੇ ਹਨ। ਮੀਂਹ ਦੇ ਦਿਨਾਂ ਵਿੱਚ ਤਾਂ ਇਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਸਤਲੁਜ ਵਿੱਚ ਪਾਣੀ ਚੜਨ ਕਾਰਨ ਇਹਨਾਂ ਵਿਦਿਆਰਥੀਆਂ ਨੂੰ ਕਈ ਕਈ ਦਿਨ ਛੁੱਟੀ ਕਰਨੀ ਪੈਂਦੀ ਹੈ ਜਿਸ ਕਾਰਨ ਉਹਨਾਂ ਦੀ ਪੜਾਈ ਦਾ ਕਾਫੀ ਨੁਕਸਾਨ ਹੁੰਦਾ ਹੈ।
ਪਿਛਲੇ ਸਾਲ ਅਗਸਤ ਮਹੀਨੇ ਵਿੱਚ ਹਰੀਕੇ ਵਲੋਂ ਵਧੇਰੇ ਪਾਣੀ ਛੱਡਣ ਕਾਰਨ ਇਹ ਬੱਚੇ ਕਈ ਕਈ ਦਿਨ ਆਪਣੇ ਘਰ ਨਹੀਂ ਜਾ ਸਕੇ। ਉਹ ਸਕੂਲ ਨੇੜੇ ਪਿੰਡਾਂ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਠਹਿਰਦੇ ਰਹੇ।
ਕੁਝ ਦਿਨ ਪਹਿਲਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਰਹੱਦੀ ਜ਼ਿਲੇ ਦੇ ਇਸ ਸਕੂਲ ਦਾ ਦੌਰਾ ਕਰਨ ਸਮੇਂ ਵਿਦਿਆਰਥੀਆਂ ਦੀ ਇਸ ਸਮੱਸਿਆ ਬਾਰੇ ਪਤਾ ਲੱਗਾ। ਉਸ ਨੇ ਆਪ ਕਿਸ਼ਤੀ ਰਾਹੀਂ ਬੱਚਿਆਂ ਦੇ ਪਿੰਡ ਜਾ ਕੇ ਉਹਨਾਂ ਦੇ ਮਾਪਿਆਂ ਤੋਂ ਇਸ ਸਮੱਸਿਆ ਬਾਰੇ ਜਾਣਕਾਰੀ ਹਾਸਿਲ ਕੀਤੀ। ਬੱਚਿਆਂ ਦੇ ਮਾਪਿਆਂ ਦੀ ਵਿਥਿਆ ਸੁਣ ਕੇ ਉਸ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਮਾਪਿਆਂ ਦੀ ਮੰਗ ਸੀ ਕਿ ਜਾਂ ਪੁੱਲ ਉਸਾਰਿਆ ਜਾਵੇ ਜਾਂ ਉਹਨਾਂ ਦੇ ਪਿੰਡ ਸਕੂਲ ਖੋਲ੍ਹਿਆ ਜਾਵੇ। ਭਾਰਤ-ਪਾਕਿਸਤਾਨ ਨੇੜੇ ਵਸੇ ਪਿੰਡ ਗੱਤੀ ਰਾਜੋਕੇ ਇਕੋ ਇਕੋ ਸਰਹੱਦੀ ਪਿੰਡ ਦਾ ਸਕੂਲ ਹੈ ਜਿਥੇ ਕਾਲੂਵਾਲਾ ਸਮੇਤ 14 ਹੋਰ ਪਿੰਡਾਂ ਦੇ ਬੱਚੇ ਪੜ੍ਹਦੇ ਹਨ। ਇਸ ਸਕੂਲ ਵਿਚ 690 ਵਿਦਿਆਰਥੀ ਵਿਦਿਆ ਹਾਸਿਲ ਕਰਦੇ ਹਨ। ਵਿਕਾਸ ਦੀਆਂ ਟਾਹਰਾਂ ਮਾਰਨ ਵਾਲੇ ਨੇਤਾ ਇਹਨਾਂ ਬੱਚਿਆਂ ਦੀ ਫਰਿਆਦ ਕਦੋਂ ਸੁਣਨਗੇ। ਹੁਣ ਸਿੱਖਿਆ ਸਕੱਤਰ ਦੇ ਭਰੋਸੇ ਦਾ ਇੰਤਜ਼ਾਰ ਕਰਨਗੇ।