ਨਵੀਂ ਦਿੱਲੀ : ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨ ਗਾਜ਼ੀਪੁਰ ਸਰਹੱਦ ਖਾਲੀ ਕਰਕੇ ਘਰ ਪਰਤ ਰਹੇ ਹਨ। ਕਿਸਾਨ 3 ਖੇਤੀ ਕਾਨੂੰਨਾਂ ਨੂੰ ਲੈ ਕੇ 1 ਸਾਲ ਤੋਂ ਧਰਨੇ ‘ਤੇ ਬੈਠੇ ਸਨ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਹੁਣ ਇਕ ਨਵਾਂ ਪੋਸਟਰ ਜਾਰੀ ਕੀਤਾ ਹੈ।
ਇਸ ਪੋਸਟਰ ’ਚ ਉਨ੍ਹਾਂ ਨੇ ਕਿਸਾਨਾਂ ਦੀ ਘਰ ਵਾਪਸੀ ਦਾ ਸੰਦੇਸ਼ ਦਿੱਤਾ ਹੈ। ਪੋਸਟਰ ’ਚ ਗਾਜ਼ੀਪੁਰ ਬਾਰਡਰ ਤੋਂ ਚੱਲਣ ਦਾ ਪੂਰਾ ਰੂਟ ਦਿੱਤਾ ਗਿਆ ਹੈ। ਕਿਸਾਨਾਂ ਦਾ ਕਾਫ਼ਲਾ ਮੋਦੀਨਗਰ, ਮੇਰਠ, ਖਤੌਲੀ, ਮਸੂਦਪੁਰ, ਸੌਰਮ ਚੌਪਾਲ ਅਤੇ ਉਸ ਤੋਂ ਬਾਅਦ ਕਿਸਾਨ ਭਵਨ ਸਿਸੌਲੀ ਪਹੁੰਚ ਕੇ ਸਮਾਪਤ ਹੋ ਜਾਵੇਗਾ। ਘਰ ਪਰਤਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਗਾਜ਼ੀਪੁਰ ਸਰਹੱਦ ਅਤੇ ਇੱਥੇ ਮਿਲੇ ਲੋਕਾਂ ਨੂੰ ਯਾਦ ਕਰਨਗੇ। ਟਿਕੈਤ ਬਾਰਡਰ ‘ਤੇ ਜਿਸ ਅਸਥਾਈ ਝੌਂਪੜੀ ‘ਚ ਰਹਿੰਦੇ ਸੀ, ਉਨ੍ਹਾਂ ਉਸ ‘ਤੇ ਮੱਥਾ ਟੇਕਿਆ ਅਤੇ ਕਿਹਾ ਕਿ ਮੈਂ ਇਸ ਨੂੰ ਵੀ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ।