-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਸੰਨ 2013 ਵਿੱਚ ਜਦ ਸੀ.ਐਨ.ਐਨ.-ਆਈ.ਬੀ.ਐਨ.ਚੈਨਲ ਨੇ ਕਰਵਾਏ ਗਏ ਇੱਕ ਸਰਵੇ ਅਨੁਸਾਰ ਮੁਹੰਮਦ ਰਫ਼ੀ ਨੂੰ ਉਸਦੀ ਮੌਤ ਦੇ 33 ਸਾਲ ਬਾਅਦ ਵੀ ‘ਹਿੰਦੀ ਸਿਨੇਮਾ ਦੀ ਮਹਾਨ ਆਵਾਜ਼ ’ ਦਾ ਖ਼ਿਤਾਬ ਦਿੱਤਾ ਸੀ ਤਾਂ ਰਫ਼ੀ ਦੀ ਆਵਾਜ਼ ਦੇ ਦੀਵਾਨਿਆਂ ਦੇ ਦਿਲ ਖ਼ੁਸ਼ੀ ਨਾਲ ਝੂਮ ਉੱਠੇ ਸਨ ਤੇ ਇਹ ਕੋਈ ਅਤਿਕਥਨੀ ਨਹੀਂ ਹੈ ਕਿ ਅੱਜ ਵੀ ਵੱਖ ਵੱਖ ਟੀ.ਵੀ.ਚੈਨਲਾਂ ‘ਤੇ ਚੱਲਦੇ ਸੰਗੀਤਕ ਮੁਕਾਬਲਿਆਂ ਵਿੱਚ ਮਹਾਨ ਗਾਇਕ ਮੁਹੰਮਦ ਰਫ਼ੀ ਦੇ ਗੀਤ ਪ੍ਰਤੀਯੋਗੀਆਂ ਵੱਲੋਂ ਵੱਡੀ ਸੰਖਿਆ ਵਿੱਚ ਗਾਏ ਜਾਂਦੇ ਹਨ ਜੋ ਇਹ ਸਾਬਿਤ ਕਰਦਾ ਹੈ ਕਿ ਰਫ਼ੀ ਦੀ ਸੁਰੀਲੀ ਤੇ ਮਖ਼ਮਲੀ ਆਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ ਤੇ ਸਦੀਆਂ ਤੱਕ ਰਹੇਗਾ।
ਜ਼ਿਲਾ ਅਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਵਾਸੀ ਅਲੀ ਮੁਹੰਮਦ ਤੇ ਕਰਮ ਬੀਬੀ ਦਾ ਇਹ ਹੋਣਹਾਰ ਫ਼ਰਜ਼ੰਦ 24 ਦਸੰਬਰ,1924 ਨੂੰ ਜਨਮਿਆ ਸੀ ਤੇ ਬਚਪਨ ‘ਚ ਸਾਰਾ ਪਿੰਡ ਉਸਨੂੰ ‘ ਫ਼ੀਕੋ’ ਆਖ਼ ਕੇ ਪੁਕਾਰਿਆ ਕਰਦਾ ਸੀ। ਪਿੰਡ ‘ਚੋਂ ਭਿੱਖਿਆ ਮੰਗਣ ਆਉਂਦੇ ਇੱਕ ਫ਼ਕੀਰ ਦੀ ਸੁਰੀਲੀ ਆਵਾਜ਼ ਦੀ ਨਕਲ ਕਰਕੇ ਮਗਰੇ ਮਗਰ ਗਾਉਂਦਾ ਫ਼ੀਕੋ ਆਪਣੀ ਮਿੱਠੀ ਆਵਾਜ਼ ਨਾਲ ਪਿੰਡ ਵਾਸੀਆਂ ਦੇ ਦਿਲਾਂ ‘ਚ ਆਪਣੀ ਥਾਂ ਬਣਾਉਣ ਲੱਗ ਪਿਆ ਸੀ ਤੇ ਪਸ਼ੂਆਂ ਨੂੰ ਚਾਰਨ ਜਾਂਦਾ ਫ਼ੀਕੋ ਲੰਮੀ ਹੇਕ ਲਾ ਕੇ ਜਦ ਗਾਉਂਦਾ ਸੀ ਤੇ ਸਾਰੀ ਕਾਇਨਾਤ ਵਜਦ ਵਿੱਚ ਆ ਕੇ ਝੂਮ ਉੱਠਦੀ ਸੀ।
ਸੰਨ 1935 ਵਿੱਚ ਰਫ਼ੀ ਦਾ ਪਰਿਵਾਰ ਲਾਹੌਰ ਦੇ ਭਾਟੀ ਗੇਟ ਇਲਾਕੇ ‘ਚ ਆ ਵੱਸਿਆ ਤੇ ਰਫ਼ੀ ਨੇ ਇੱਥੇ ਸੰਗੀਤ ਦੇ ਉਸਤਾਦਾਂ ਅਬਦੁਲ ਵਹੀਦ ਖ਼ਾਂ,ਜੀਵਨ ਲਾਲ ਮੱਟੂ ਅਤੇ ਫ਼ਿਰੋਜ਼ ਨਿਜ਼ਾਮੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਰਿਆਜ਼ ਦੀ ਭੱਠੀ ‘ਚ ਆਪਣੇ ਸੁਰਾਂ ਨੂੰ ਪਕਾਇਆ ਤੇ ਮਹਿਜ਼ ਤੇਰ੍ਹਾਂ ਸਾਲ ਦੀ ਉਮਰ ਵਿੱਚ ਹੀ ਉਸ ਜ਼ਮਾਨੇ ਦੇ ਨਾਮਵਰ ਗਾਇਕ ਜਨਾਬ ਕੇ.ਐਲ.ਸਹਿਗਲ ਦੀ ਸਟੇਜ ਤੋਂ ਗੀਤ ਪੇਸ਼ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ।
ਸੰਨ 1944 ਵਿੱਚ ਪੰਜਾਾਬੀ ਫ਼ਿਲਮ ‘ ਗੁਲ ਬਲੋਚ ’ ਲਈ ਸੰਗੀਤਕਾਰ ਸ਼ਾਮ ਸੁੰਦਰ ਨੇ ਮੁਹੰਮਦ ਰਫ਼ੀ ਨੂੰ ਜ਼ੀਨਤ ਬੇਗ਼ਮ ਨਾਲ ‘‘ ਸੋਹਣੀਏ ਨੀ ਹੀਰੀਏ ਨੀ ’’ ਨਾਮਕ ਗੀਤ ਗਾਉਣ ਦਾ ਮੌਕਾ ਦਿੱਤਾ ਤੇ ਭਾਰਤੀ ਸਿਨੇਮਾ ਦੀ ਝੋਲ੍ਹੀ ਵਿੱਚ ਇੱਕ ਨਾਯਾਬ ਹੀਰਾ ਪਾ ਦਿੱਤਾ ਜਿਸ ਦੀ ਚਮਕ ਸਦੀਆਂ ਤੱਕ ਬਰਕਰਾਰ ਰਹਿਣ ਵਾਲੀ ਸੀ। ਉਸੇ ਸਾਲ ਰਫ਼ੀ ਨੂੰ ਆਲ ਇੰਡੀਆ ਰੇਡੀਓ ‘ਤੇ ਵੀ ਗਾਉਣ ਦਾ ਸੱਦਾ ਮਿਲਿਆ ਤੇ ਅਗਲੇ ਸਾਲ ਉਸਨੇ ਫ਼ਿਲਮ ‘ ਗਾਂਵ ਕੀ ਗੋਰੀ ’ ਲਈ ਗੀਤ ਗਾ ਕੇ ਹਿੰਦੀ ਫ਼ਿਲਮਾਂ ਲਈ ਪਿੱਠਵਰਤੀ ਗਾਇਕ ਵਜੋਂ ਵੀ ਆਪਣਾ ਕੈਰੀਅਰ ਅਰੰਭ ਕਰ ਦਿੱਤਾ ਸੀ। ਇਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਾ ਵੇਖਣ ਵਾਲੇ ਰਫ਼ੀ ਨੇ ਸਾਢੇ ਸੱਤ ਹਜ਼ਾਰ ਦੇ ਕਰੀਬ ਗੀਤ ਗਾਏ ਸਨ ਜੋ ਕਿ ਹਿੰਦੀ ਤੋਂ ਇਲਾਵਾ ਪੰਜਾਬੀ,ਗੁਜਰਾਤੀ,ਮਰਾਠੀ,ਉੜੀਆ,ਆਸਾਮੀ,ਬੰਗਾਲੀ,ਤਾਮਿਲ,ਤੇਲਗੂ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਸਨ।
ਉੱਘੇ ਸੰਗੀਤਕਾਰ ਨੌਸ਼ਾਦ ਨਾਲ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਮੁਹੰਮਦ ਰਫ਼ੀ ਨੇ ਕੋਰਸ ਵਿਚਲੇ ਇੱਕ ਗਾਇਕ ਵਜੋਂ ਆਵਾਜ਼ ਦਿੱਤੀ ਸੀ ਪਰ ਬਾਅਦ ਵਿੱਚ ਨੌਸ਼ਾਦ ਜਿਹੇ ਜੌਹਰੀ ਨੇ ਰਫ਼ੀ ਜਿਹੇ ਕੀਮਤੀ ਹੀਰੇ ਨੂੰ ਪਛਾਣ ਕੇ,ਤਰਾਸ਼ ਕੇ ਕੁਝ ਇਸ ਤਰ੍ਹਾਂ ਦੁਨੀਆਂ ਦੇ ਰੂਬਰੂ ਕੀਤਾ ਕਿ ਲੋਕਾਂ ਨੇ ਦੰਦਾਂ ਥੱਲੇ ਜੀਭ ਦੱਬ ਲਈ। ਫ਼ਿਲਮ ‘ ਅਨਮੋਲ ਘੜੀ ’ ਜੋ ਕਿ ਸੰਨ 1945 ਵਿੱਚ ਰਿਲੀਜ਼ ਹੋਈ ਸੀ ,ਵਿੱਚ ਨੌਸ਼ਾਦ ਨਾਲ ਬਤੌਰ ਸੁਤੰਤਰ ਗਾਇਕ ਸ਼ੁਰੂਆਤ ਕਰਨ ਵਾਲੇ ਰਫ਼ੀ ਨੇ ਫ਼ਿਲਮ ‘ ਬੈਜੂ ਬਾਵਰਾ’ ਦੇ ਸ਼ਾਹਕਾਰ ਗੀਤਾਂ ਸਣੇ ਕੁਲ 149 ਗੀਤ ਨੌਸ਼ਾਦ ਦੀ ਛਤਰ-ਛਾਇਆ ਵਿੱਚ ਗਾਏ ਸਨ ਜਿਨ੍ਹਾ ਵਿੱਚੋਂ 81 ਗੀਤ ਸੋਲੋ ਸਨ। ਮਹਾਨ ਸੰਗੀਤਕਾਰ ਐਸ.ਡੀ.ਬਰਮਨ ਨਾਲ ਕੰਮ ਕਰਦਿਆਂ ਰਫ਼ੀ ਨੇ 37 ਫ਼ਿਲਮਾਂ ਕੀਤੀਆਂ ਸਨ ਤੇ ਸ਼ੰਕਰ-ਜੈ ਕਿਸ਼ਨ ਦੀ ਜੋੜੀ ਨਾਲ ਕੰਮ ਕਰਦਿਆਂ ਉਸਨੇ ਆਪਣੇ ਕੁੱਲ ਛੇ ਫ਼ਿਲਮ ਫ਼ੇਅਰ ਐਵਾਰਡਾਂ ਵਿੱਚੋਂ ਤਿੰਨ ਐਵਾਰਡ ਹਾਸਿਲ ਕੀਤੇ ਸਨ। ਸੰਗੀਤਕਾਰ ਰਵੀ ਦੀ ਫਿਲਮ ‘ ਚੌਦਵੀਂ ਕਾ ਚਾਂਦ ’ ਦੇ ਯਾਦਗਾਰੀ ਗੀਤਾਂ ਲਈ ਮੁਹੰਮਦ ਰਫ਼ੀ ਨੂੰ ਉਸਦੇ ਕੈਰੀਅਰ ਦਾ ਪਹਿਲਾ ਫ਼ਿਲਮ ਫ਼ੇਅਰ ਐਵਾਰਡ ਪ੍ਰਦਾਨ ਕੀਤਾ ਗਿਆ ਸੀ ਤੇ ਸੰਨ 1968 ਵਿੱਚ ਰਵੀ ਸਾਹਿਬ ਦੀ ਹੀ ਫ਼ਿਲਮ ‘ਨੀਲ ਕਮਲ’ ਵਿਚਲਾ ਅਮਰ ਗੀਤ ‘ ਬਾਬੁਲ ਕੀ ਦੁਆਂਏ ਲੇਤੀ ਜਾ ’’ ਲਈ ਰਫ਼ੀ ਨੂੰ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ ਤੇ ਜ਼ਿਕਰਯੋਗ ਹੈ ਕਿ ਇਸ ਗੀਤ ਦੀ ਰਿਕਾਰਡਿੰਗ ਸਮੇਂ ਰਫ਼ੀ ਸਾਹਿਬ ਖ਼ੁਦ ਇੰਨੇ ਭਾਵੁਕ ਹੋ ਗਏ ਸਨ ਕਿ ਫੁੱਟ ਫੁੱਟ ਕੇ ਰੋ ਪਏ ਸਨ।
ਉਪਰੋਕਤ ਤੋਂ ਇਲਾਵਾ ਮਦਨ ਮੋਹਨ,ਲਕਸ਼ਮੀਕਾਂਤ ਪਿਆਰੇ ਲਾਲ, ਆਰ.ਡੀ.ਬਰਮਨ,ਊਸ਼ਾ ਖ਼ੰਨਾ,ਓ.ਪੀ.ਨੱਈਅਰ,ਕਲਿਆਣ ਜੀ ਆਨੰਦ ਜੀ ਅਤੇ ਦਰਜਨਾਂ ਹੋਰ ਸੰਗੀਤਕਾਰਾਂ ਦੇ ਸੰਗੀਤ ਨਿਰਦੇਸ਼ਨ ਹੇਠ ਭਾਵਪੂਰਤ ਗੀਤ ਗਾਉਣ ਵਾਲੇ ਮੁਹੰਮਦ ਰਫ਼ੀ ਦੀ ਮਾਖ਼ਿਉਂ ਮਿੱਠੀ ਆਵਾਜ਼ ਨਾਲ ਲਬਰੇਜ਼ ਹਜ਼ਾਰਾਂ ਗੀਤਾਂ ਵਿੱਚੋਂ ਚੰਦ ਗੀਤ- ‘‘ ਕਰ ਚਲੇ ਹਮ ਫ਼ਿਦਾ, ਬੇਖ਼ੁਦੀ ਮੇਂ ਸਨਮ, ਏਕ ਤੇਰਾ ਪਿਆਰ ਹਮ ਕੋ ਦੋ ਜਹਾਂ ਸੇ ਪਿਆਰਾ ਹੈ, ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਯੇ ਦੁਨੀਆ ਯੇ ਮਹਿਫ਼ਲ ਮੇਰੇ ਕਾਮ ਕੀ ਨਹੀਂ, ਓ ਦੁਨੀਆ ਕੇ ਰਖਵਾਲੇ, ਸੁਖ ਕੇ ਸਭ ਸਾਥੀ ਦੁਖ ਮੇਂ ਨਾ ਕੋਈ, ਸਰ ਜੋ ਤੇਰਾ ਚਕਰਾਏ, ਤੁਮ ਜੋ ਮਿਲ ਗਏ ਹੋ, ਚੌਦਵੀਂ ਕਾ ਚਾਂਦ ਹੋ, ਮੈ ਜੱਟ ਯਮਲਾ ਪਗਲਾ ਦੀਵਾਨਾ, ਤੇਰੀ ਗਲੀਉਂ ਮੇ ਨਾ ਰੱਖੇਂਗੇ ਕਦਮ ’’ ਆਦਿ ਪ੍ਰਮੁੱਖ ਹਨ।
ਮੁਹੰਮਦ ਰਫ਼ੀ ਸਾਹਿਬ ਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਬਸ਼ੀਰਾਂ ਬੀਬੀ ਨਾਲ ਹੋ ਗਈ ਸੀ ਜਿਸਦੇ ਮਾਪੇ ਸੰਨ 1947 ਦੇ ਫ਼ਸਾਦਾਂ ਵਿੱਚ ਕਤਲ ਕਰ ਦਿੱਤੇ ਗਏ ਤੇ ਫ਼ਿਰ ਬੀਬੀ ਬਸ਼ੀਰਾਂ ਆਪਣੇ ਰਿਸ਼ਤੇਦਾਰਾਂ ਨਾਲ ਪਾਕਿਸਤਾਨ ਚਲੇ ਗਈ ਪਰ ਰਫ਼ੀ ਸਾਹਿਬ ਆਪਣੇ ਪਰਿਵਾਰ ਸਣੇ ਹਿੰਦੁਸਤਾਨ ‘ਚ ਹੀ ਰਹਿ ਗਏ। ਬਾਅਦ ਵਿੱਚ ਰਫ਼ੀ ਸਾਹਿਬ ਦਾ ਨਿਕਾਹ ਬੀਬੀ ਬਿਲਕੀਸ ਬਾਨੋ ਨਾਲ ਹੋਇਆ। ਰਫ਼ੀ ਸਾਹਿਬ ਦੇ ਚਾਰ ਪੁੱਤਰ ਤੇ ਤਿੰਨ ਧੀਆਂ ਸਨ ਜਿਨ੍ਹਾ ਵਿੱਚੋਂ ਪੁੱਤਰ ਸ਼ਹਿਦ ਰਫ਼ੀ ਅਤੇ ਨੂੰਹ ਯਾਸਮੀਨ ਰਫੀ ਜਨਾਬ ਮੁਹੰਮਦ ਰਫ਼ੀ ਬਾਰੇ ਬਾਕਮਾਲ ਕਿਤਾਬਾਂ ਲਿਖ ਚੁੱਕੇ ਹਨ। ‘ਪਦਮ ਸ੍ਰੀ’ ਜਿਹੇ ਵੱਕਾਰੀ ਪੁਰਸਕਾਰ ਸਣੇ ਅਨੇਕਾਂ ਇਨਾਮਾਂ-ਸਨਮਾਨਾਂ ਨਾਲ ਸਨਮਾਨਿਤ ਇਸ ਅਜ਼ੀਮ ਗਾਇਕ ਦਾ 31 ਜੁਲਾਈ,1980 ਨੂੰ ਰਾਤ 10 ਵੱਜ ਕੇ 35 ਮਿੰਟ ‘ਤੇ ਦਿਲ ਦਾ ਦੌਰਾ ਪੈਣ ਨਾਲ ਇੰਤਕਾਲ ਹੋ ਗਿਆ ਸੀ। ਉਸਨੂੰ ਸ਼ਰਧਾਂਜਲੀ ਅਰਪਣ ਕਰਦਾ ਜਨਾਬ ਨੌਸ਼ਾਦ ਸਾਹਿਬ ਦਾ ਸ਼ੇਅਰ ਅੱਜ ਵੀ ਕਾਬਿਲੇ ਤਾਰੀਫ਼ ਹੈ:
ਕਹਿਤਾ ਹੈ ਕੋਈ ਦਿਲ ਗਿਆ,ਦਿਲਬਰ ਚਲਾ ਗਿਆ।
ਸਾਹਿਲ ਪੁਕਾਰਤਾ ਹੈ ਸਮੰਦਰ ਚਲਾ ਗਿਆ।
ਲੇਕਿਨ ਜੋ ਬਾਤ ਸੱਚ ਹੈ,ਵੋ ਕਹਿਤਾ ਨਹੀਂ ਕੋਈ
ਦੁਨੀਆ ਸੇ ਮੌਸੀਕੀ ਕਾ ਪਯੰਬਰ ਚਲਾ ਗਿਆ।