ਮੌਜੂਦਾ ਸਰਕਾਰ ਵੱਲੋਂ PM ਦੇ ਪੰਜਾਬ ਦੌਰੇ ‘ਚ ਸੁਰੱਖਿਆ ਪ੍ਰਬੰਧਾਂ ‘ਚ ਹੋਈ ਅਣਗਹਿਲੀ : ਅਸ਼ਵਨੀ ਸ਼ਰਮਾ

TeamGlobalPunjab
2 Min Read

ਚੰਡੀਗੜ੍ਹ (ਬਿੰਦੂ ਸਿੰਘ) – ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਗਲੇ ਤਿੰਨ ਚਾਰ ਦਿਨਾਂ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਹੈ ਤੇ ਪੀਐਮ ਦੀ ਸੁਰੱਖਿਆ ‘ਚ ਹੋਈ ਕੁਤਾਹੀ ਨੂੰ ਲੈ ਕੇ ਮੌਜੂਦਾ ਸਰਕਾਰ ਪਹਿਲਾਂ ਹੀ ਡਿੱਗ ਚੁੱਕੀ ਹੈ ।

ਇਸ ਤੋਂ ਪਹਿਲਾਂ ਸਵੇਰੇ ਪੰਜਾਬ ਬੀਜੇਪੀ ਦਾ ਵਫ਼ਦ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਨੁਮਾਇੰਦਗੀ ਹੇਠ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਡੀਜੀਪੀ ਤੇ ਗ੍ਰਹਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ । ਇਸ ਤੋਂ ਇਲਾਵਾ ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਚ ਦੋ ਮੈਂਬਰੀ ਬਣਾਈ ਕਮੇਟੀ ਨੂੰ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਦੱਸਿਆ ਤੇ ਕਿਹਾ ਕਿ ਉਹ ਇਸ ਕਮੇਟੀ ਨੂੰ ਖਾਰਜ ਕਰਦੇ ਹਨ ।

ਇਸਦੇ ਨਾਲ ਹੀ ਦੁਪਹਿਰ ਬਾਅਦ ਹੋਈ ਪ੍ਰੈੱਸ ਪਾਰਟੀ ਦਫ਼ਤਰ ਵਿੱਚ ਕੁਝ ਕੁ ਵੀਡੀਓ ਵੀ ਦਿਖਾਈਆਂ ਗਈਆਂ । ਇਨ੍ਹਾਂ ਵੀਡੀਓ ‘ਚ ਬੀਤੇ ਦਿਨ ਪ੍ਰਧਾਨਮੰਤਰੀ ਦੇ ਫ਼ਿਰੋਜ਼ਪੁਰ ਦੌਰੇ ਨੂੰ ਲੈ ਕੇ ਬੀਜੇਪੀ ਵਰਕਰਾਂ ਦੀਆਂ ਭਰੀਆਂ ਬੱਸਾਂ ਨੂੰ ਪੁਲੀਸ ਵੱਲੋਂ ਰੋਕੇ ਜਾਣ ਤੇ ਬੀਜੇਪੀ ਵਰਕਰਾਂ ਦੇ ਫੱਟੜ ਹੋਣ ਬਾਰੇ ਦੱਸਿਆ  ਗਿਆ । ਇਸ ਦੌਰਾਨ ਸ਼ਰਮਾ ਨੇ ਅੱਜ ਬਰਨਾਲਾ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਬੋਲੇ ਸ਼ਬਦਾਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ।

ਦੱਸ ਦਈਏ ਕਿ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਰ੍ਹਾਂ ਪ੍ਰਧਾਨਮੰਤਰੀ ਸਿਰਫ਼ 500 ਖਾਲੀ ਕੁਰਸੀਆਂ ਅੱਗੇ ਤਾਂ ਨਹੀਂ ਬੋਲ ਸਕਦੇ ਸੀ। ਇਸ ਕਰਕੇ ਉਨ੍ਹਾਂ ਕੋਲ ਸੁਰੱਖਿਆ ਨੂੰ ਬਹਾਨਾ ਬਣਾ ਕੇ ਮੀਡੀਆ ‘ਚ ਬਣੇ ਰਹਿਣ ਦਾ ਤਰੀਕਾ ਹੀ ਬੱਚਿਆ ਸੀ ।

ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ। ਜਿਸ ਵਿੱਚ ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਨੂੰ ਲੈ ਕੇ ਵੀ ਅੰਦਾਜ਼ੇ ਲਾਏ ਜਾ ਰਹੇ ਸਨ । ਪਰ ਜਦੋਂ ਇਸ ਬਾਬਤ ਸ਼ਰਮਾ ਨੂੰ ਪੁੱਛਿਆ ਗਿਆ ਕਿ ਪ੍ਰਧਾਨਮੰਤਰੀ ਮੋਦੀ ਨੇ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਦੇ ਕੀ ਮਾਇਨੇ ਹੋ ਸਕਦੇ ਹਨ । ਇਸ ਬਾਰੇ ਸ਼ਰਮਾ ਨੇ ਸਿਰਫ਼ ਇੰਨਾ ਹੀ ਕਿਹਾ ਕੇ ਪ੍ਰਧਾਨਮੰਤਰੀ ਵੱਲੋਂ ਰਾਸ਼ਟਰਪਤੀ ਨੂੰ ਮਿਲਣਾ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਦੇਣਾ ਹੀ ਹੈ ਅਤੇ ਇਸ ਤੋਂ ਜ਼ਿਆਦਾ ਉਨ੍ਹਾਂ ਦੀ ਜਾਣਕਾਰੀ ‘ਚ ਹੋਰ ਕੁਝ ਵੀ ਨਹੀਂ ।

Share This Article
Leave a Comment