ਮੁੰਬਈ : ਕਹਿੰਦੇ ਨੇ ਇਨਸਾਨ ਲਈ ਦੌੜ ਲਗਾਉਣ ਬਹੁਤ ਹੀ ਲਾਹੇਬੰਦ ਹੁੰਦਾ ਹੈ ਇਸ ਨਾਲ ਇਨਸਾਨ ਦੇ ਸਰੀਰ ਵਿੱਚ ਨਾ ਸਿਰਫ ਚੁਸ਼ਤੀ ਆਉਂਦੀ ਹੈ ਬਲਕਿ ਤੰਦਰੁਸਤ ਵੀ ਰਹਿੰਦਾ ਹੈ। ਪਰ ਅੱਜ ਇੱਥੇ ਟਾਟਾ ਮੁੰਬਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡਾ ਭਾਣਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਇਸ ਦੌੜ ਵਿੱਚ ਸ਼ਾਮਲ ਇੱਕ 64 ਸਾਲ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਹੋਰਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਰਿਪੋਰਟਾਂ ਮੁਤਾਬਿਕ ਇਸ ਵਿਅਕਤੀ ਦਾ ਨਾਮ ਗਜਾਨਨ ਮੱਲਾਜਾਲਕਰ ਦੱਸਿਆ ਜਾ ਰਿਹਾ ਹੈ ਅਤੇ ਦੌੜ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਜਦੋਂ ਉਹ ਸੀਨੀਅਰ ਸਿਟੀਜਨ ਵਾਲੀ ਕੈਟਾਗਿਰੀ ਵਿੱਚ ਦੌੜ ਲਗਾਉਂਦੇ ਲਗਾਉਂਦੇ 4 ਕਿੱਲੋਮੀਟਰ ਦੂਰ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਦੌਰਾ ਪੈ ਗਿਆ।
ਦੱਸਣਯੋਗ ਹੈ ਕਿ ਛੇ ਭਾਗਾਂ ‘ਚ ਹੋਈ ਇਸ ਦੌੜ ‘ਚ ਲਗਭਗ 55 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਕੁੱਲ 13 ਵਿਅਕਤੀਆਂ ਨੂੰ ਹਸਪਤਾਲ ਜਾਣਾ ਪਿਆ। ਜਿਨ੍ਹਾਂ ਵਿੱਚੋਂ 10 ਨੂੰ ਇਲਾਜ਼ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਅਤੇ ਦੋ ਵਿਅਕਤੀ ਅਜੇ ਵੀ ਹਸਪਤਾਲ ‘ਚ ਦੱਸੇ ਜਾ ਰਹੇ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।