ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੂਬੇ ਵਿੱਚ 250 ਤੋਂ ਪਾਰ ਹੋ ਚੁੱਕੀ ਹੈ । ਇਸ ਨੂੰ ਦੇਖਦਿਆਂ ਅਜ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੀ ਸੂਬਾ-ਕਮੇਟੀ ਵੱਲੋਂ ਸਰਬਸੰਮਤੀ ਨਾਲ ਕਿਸਾਨਾਂ ਨੂੰ ਵਿਸੇਸ਼ ਅਪੀਲ ਕੀਤੀ ਗਈ ਹੈ । ਦਰਅਸਲ ਹੁਣ ਕਣਕ ਦੀ ਵਾਢੀ ਦਾ ਸੀਜਨ ਜੋਰਾਂ ਸੋਰਾਂ ਤੇ ਚਲ ਰਿਹਾ ਹੈ । ਇਸ ਨੂੰ ਲੈ ਕੇ ਯੂਨੀਅਨ ਨੇ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਇਸ ਵਾਰ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅੱਗ ਦੇ ਧੂੰਏ ਤੋਂ ਸਾਹ-ਪ੍ਰਣਾਲੀ ਦੀਆਂ ਬਿਮਾਰੀਆਂ ਵਿੱਚ ਵਾਧਾ ਹੋਵੇਗਾ ਅਤੇ ਅਜਿਹੇ ਵਿਅਕਤੀਆਂ ‘ਤੇ ਕਰੋਨਾ-ਵਾਇਰਸ ਦੇ ਹਮਲੇ ਦਾ ਡਰ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨਾੜ ਨਾ ਫੂਕਣ ਅਤੇ ਇਸਦੀ ਸਾਂਭ-ਸੰਭਾਲ ਲਈ ਕੁੱਝ ਆਰਥਿਕ ਬੋਝ ਕਿਸਾਨੀ ਨੂੰ ਝੱਲਣਾ ਪਵੇਗਾ, ਪਰ ਮਨੁੱਖਤਾ ਦੇ ਭਲੇ ਲਈ ਅਜਿਹਾ ਕਰਨਾ ਜਰੂਰੀ ਹੈ, ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ।
ਇਸ ਮੌਕੇ ਆਗੂਆਂ ਨੇ ਝੋਨੇ ਦੀ ਲਵਾਈ ਸਬੰਧੀ ਤਰੀਕ ਤੈਅ ਕਰਨ ਦੀ ਪਾਬੰਦੀ ਖਤਮ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਕਮੀ ਪੈ ਸਕਦੀ ਹੈ। ਇਸ ਕਰਕੇ ਸਰਕਾਰ ਕਿਸਾਨਾਂ ‘ਤੇ ਪਾਬੰਦੀ ਦੀਆਂ ਸ਼ਰਤਾਂ ਨਾ ਮੜ੍ਹੇ।