ਬ੍ਰਾਸੀਲਿਆ : ਬ੍ਰਾਜ਼ੀਲ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬ੍ਰਾਜ਼ੀਲ ਦੇ ਸੂਬੇ ਮਿਨਸ ਗੇਰੈਸ ’ਚ ਇਕ ਝੀਲ ’ਚ ਉਸ ਸਮੇਂ ਇਕ ਵੱਡਾ ਹਾਦਸਾ ਹੋ ਗਿਆ ਜਦੋਂ ਝੀਲ ’ਚ ਝਰਨੇ ਦੇ ਕੋਲ ਮੋਟਰਬੋਟ ’ਤੇ ਸਵਾਰ ਕੁਝ ਲੋਕਾਂ ’ਤੇ ਅਚਾਨਕ ਚੱਟਾਨ ਡਿੱਗ ਗਈ।
ਮਿਸਨ ਗੈਰੇਸ ਫਾਇਰ ਫਾਈਟਰਸ ਦੇ ਕਮਾਂਡਰ ਕਰਨਲ ਐਡਗਾਰਡ ਏਸਟੇਵੋ ਡੀ ਸਿਲਵਾ ਨੇ ਦੱਸਿਆ ਕਿ ਹੁਣ ਤੱਕ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਏਸਟੇਵੋ ਨੇ ਦੱਸਿਆ ਕਿ ਇਹ ਹਾਦਸਾ ਸਾਓ ਜੋਸ ਡਾ ਬਾਰਾ ਅਤੇ ਕੈਪੀਟਲਿਓ ਕਸਬਿਆਂ ਵਿਚ ਹੋਇਆ। ਇਸ ਹਾਦਸੇ ਵਿਚ ਸੈਲਾਨੀਆਂ ਦੀਆਂ 3 ਬੋਟਸ ਚਪੇਟ ਵਿਚ ਆ ਗਈਆਂ।
ਮਿਸਨ ਗੈਰੇਸ ਦੀ ਗਵਰਨਰ ਰੋਮੂ ਜੇਮਾ ਮੁਤਾਬਕ ਭਾਰੀ ਮੀਂਹ ਕਾਰਨ ਕੈਪੀਟੋਲੀਓ ਵਿਚ ਫਰਨਾਸ ਝੀਲ ‘ਚ ਚੱਟਾਨ ਦਾ ਹਿੱਸਾ ਢਹਿ ਗਿਆ। ਜੇਮਾ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਅਸੀਂ ਲੋਕਾਂ ਨੂੰ ਜ਼ਰੂਰੀ ਸੁਰੱਖਿਆ ਤੇ ਸਹਾਇਤਾ ਦੇਣ ਲਈ ਕੰਮ ਕਰਨਾ ਜਾਰੀ ਰੱਖਾਂਗੇ।
ਇਸ ਹਾਦਸੇ ’ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖ਼ਮੀ ਹੋ ਗਏ। ਉਥੇ ਹੀ ਸਥਾਨਕ ਮੀਡੀਆ ਅਨੁਸਾਰ ਘੱਟ ਤੋਂ ਘੱਟ 20 ਲੋਕ ਲਾਪਤਾ ਹੋ ਗਏ ਹਨ। ਉਥੇ ਹੀ ਨੌਂ ਲੋਕਾਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।