ਵਿਸ਼ਵ ਸਿਹਤ ਸੰਗਠਨ ਨੇ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਦਿੱਤੀ ਚਿਤਾਵਨੀ

TeamGlobalPunjab
3 Min Read

ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਖਤਰੇ ਦੇ ਵਿਚਕਾਰ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹਨਾਂ ਦੇਸ਼ਾਂ ਨੂੰ ਆਪਣੀ ਸਿਹਤ ਸੰਭਾਲ ਸਮਰੱਥਾ ਨੂੰ ਵਧਾਉਣ ਦੀ ਅਪੀਲ ਕੀਤੀ ਹੈ, ਨਾਲ ਹੀ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਤੋਂ ਬਚਣ ਲਈ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਦੇ ਅੰਤ ਵਿਚ ਦੱਖਣੀ ਅਫਰੀਕਾ ਵਿਚ ਇਸ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ‘ਵੈਰੀਐਂਟ ਆਫ ਕੰਸਰਨ’ ਦੀ ਸ਼੍ਰੇਣੀ ‘ਚ ਰੱਖਿਆ ਹੈ। ਹਾਲਾਂਕਿ ਵਿਗਿਆਨੀ ਅਜੇ ਵੀ ਇਹ ਸਥਾਪਿਤ ਕਰਨ ਲਈ ਡਾਟਾ ਇਕੱਤਰ ਕਰ ਰਹੇ ਹਨ ਕਿ ਓਮੀਕਰੋਨ ਕਿੰਨੀ ਛੂਤਕਾਰੀ ਹੈ ਤੇ ਇਸ ਨਾਲ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਕਿੰਨੀ ਹੈ।

ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਵਿਚ ਇਸ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਘੱਟੋ-ਘੱਟ 30 ਦੇਸ਼ਾਂ ਵਿਚ ਦਸਤਕ ਦੇ ਚੁੱਕਾ ਹੈ।

ਕਈ ਸਰਕਾਰਾਂ ਨੇ ਇਸ ਨੂੰ ਦੇਖਦੇ ਹੋਏ ਯਾਤਰਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਦੇ ਸੱਤ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ।

- Advertisement -

ਪੱਛਮੀ ਪ੍ਰਸ਼ਾਂਤ ਲਈ ਡਬਲਯੂਐਚਓ ਦੇ ਖੇਤਰੀ ਨਿਰਦੇਸ਼ਕ, ਤਾਕੇਸ਼ੀ ਕਸਾਈ ਨੇ ਇਕ ਵਰਚੁਅਲ ਮੀਡੀਆ ਬ੍ਰੀਫਿੰਗ ਵਿਚ ਕਿਹਾ, “ਹਰੇਕ ਦੇਸ਼ ਤੇ ਹਰੇਕ ਭਾਈਚਾਰੇ ਨੂੰ ਕੇਸਾਂ ਵਿਚ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ। ਕਸਾਈ ਨੇ ਕਿਹਾ, ‘ਲੋਕਾਂ ਨੂੰ ਸਿਰਫ਼ ਸਰਹੱਦੀ ਉਪਾਵਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ, ਇਹ ਸੰਭਾਵੀ ਤੌਰ ‘ਤੇ ਉੱਚ ਪ੍ਰਸਾਰਣ ਸਮਰੱਥਾ ਵਾਲੀਆਂ ਇਨ੍ਹਾਂ ਕਿਸਮਾਂ ਲਈ ਤਿਆਰ ਰਹਿਣਾ ਵੀ ਸਭ ਤੋਂ ਮਹੱਤਵਪੂਰਨ ਹੈ। ਹੁਣ ਤਕ ਉਪਲਬਧ ਜਾਣਕਾਰੀ ਦਰਸਾਉਂਦੀ ਹੈ ਕਿ ਸਾਨੂੰ ਆਪਣੀ ਪਹੁੰਚ ਬਦਲਣ ਦੀ ਲੋੜ ਨਹੀਂ ਹੈ। ਕਸਾਈ ਨੇ ਕਿਹਾ ਕਿ ਦੇਸ਼ਾਂ ਨੂੰ ਡੈਲਟਾ ਵੇਰੀਐਂਟ ਨਾਲ ਨਜਿੱਠਣ ਦੌਰਾਨ ਸਿੱਖੇ ਸਬਕ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਕਮਜ਼ੋਰ ਸਮੂਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਮਾਸਕ ਪਾਉਣ ਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੇ ਰੋਕਥਾਮ ਉਪਾਵਾਂ ਨੂੰ ਲਾਗੂ ਕਰਨ ਦੀ ਵੀ ਅਪੀਲ ਕੀਤੀ।

ਧਿਆਨਦੇਣਯੋਗ ਗੱਲ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ‘ਤੇ ਪਾਬੰਦੀ ਦੇ ਬਾਵਜੂਦ, ਆਸਟ੍ਰੇਲੀਆ ਦੇ ਨਾਲ-ਨਾਲ ਅਮਰੀਕਾ ਦੇ ਪੰਜ ਸੂਬਿਆਂ ਵਿਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ ।

Share this Article
Leave a comment