ਅੰੰਮ੍ਰਿਤਸਰ :ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਕੋਸ਼ਿਸ਼ ਕਰਨ ਕਰਕੇ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋਏ ਨੌਜਵਾਨ ਦਾ ਪੁਲਿਸ ਵਲੋਂ ਅੱਜ ਪੋਸਟਮਾਰਟਮ ਕਰਨ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਸ਼੍ਰੀ ਦੁਰਗਿਆਨਾ ਤੀਰਥ ਦੇ ਸ਼ਿਵਪੁਰੀ ਧਾਮ ਵਿਖੇ ਲਿਆਂਦਾ ਗਿਆ ਤੇ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਸਸਕਾਰ ਕਰ ਦਿੱਤਾ ਗਿਆ।
ਪੋਸਟਮਾਰਟਮ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸੱਟਾਂ ਲੋਹੇ ਦੀ ਵਸਤੂ ਜਾਂ ਸਖ਼ਤ ਚੀਜ਼ ਕਾਰਨ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜਿੱਥੇ ਕੋਈ ਸੱਟ ਨਾ ਲੱਗੀ ਹੋਵੇ। ਮ੍ਰਿਤਕ ਦੀ ਛਾਤੀ, ਲੱਤਾਂ ਤੇ ਬਾਹਾਂ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਲਾਸ਼ ਦਾ ਬੁੱਧਵਾਰ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਗਿਆ। ਇਸ ਦੌਰਾਨ ਮ੍ਰਿਤਕ ਦੀ ਉਂਗਲੀ ਕੱਟ ਕੇ ਸੁਰੱਖਿਅਤ ਰੱਖ ਲਈ ਗਈ। ਇਸ ਉਂਗਲ ਨੂੰ ਫਿਲੌਰ ਦੀ ਫੋਰੈਂਸਿਕ ਲੈਬ ਵਿਚ ਭੇਜਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਉਂਗਲੀ ਰਾਹੀਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ DNA ਟੈਸਟ ਲਈ ਛਾਤੀ ਵਿੱਚੋਂ ਹੱਡੀ ਵੀ ਲਈ ਗਈ ਹੈ।