ਪਟਿਆਲਾ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ਼ ਟੀਕਾਕਰਨ ਦਾ ਅਭਿਆਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਟਿਆਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਡੋਜ਼ ਲੈਣ ਤੋਂ ਬਾਅਦ ਉਸ ਦਾ ਬੈਨੀਫਿਸ਼ਰੀ ‘ਤੇ ਰਿਐਕਸ਼ਨ ਦੇਖਣ ਨੂੰ ਮਿਲਿਆ। ਦਰਅਸਲ ਇੱਕ ਪੁਲਿਸ ਮੁਲਾਜ਼ਮ ਦੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਦਵਾਈ ਦਾ ਟੀਕਾ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਉਸ ਪੁਲਿਸ ਮੁਲਾਜ਼ਮ ਦੇ ਮੂੰਹ ਦੇ ਇੱਕ ਹਿੱਸੇ ‘ਤੇ ਲਕਵੇ ਦੀ ਮਾਰ ਦੇਖਣ ਨੂੰ ਮਿਲੀ।
ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਮੁਤਾਬਕ ਵਿਅਕਤੀ ਦੇ ਟੀਕਾ ਸ਼ੁੱਕਰਵਾਰ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਲਗਾਇਆ ਗਿਆ ਸੀ। ਪੁਲਿਸ ਮੁਲਾਜ਼ਮ ਦੀ ਉਮਰ 50 ਸਾਲ ਹੈ। ਟੀਕੇ ਦੇ ਦੋ ਦਿਨਾਂ ਬਾਅਦ ਵਿਅਕਤੀ ਦੀ ਸਿਹਤ ਵਿਗੜਨ ਲੱਗੀ। ਜਦੋਂ ਜਾਂਚ ਕੀਤੀ ਗਈ ਤਾਂ Adverse event following immunization (AEFI) ਕਹਿੰਦੇ ਹਨ, ਦੀ ਬਿਮਾਰੀ ਸਾਹਮਣੇ ਆਈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਪਟਿਆਲਾ ਜ਼ਿਲ੍ਹੇ ਵਿੱਚ AEFI ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਸਮਾਣਾ ਵਿੱਚ ਵੀ ਇੱਕ ਫ਼ਰੰਟ ਲਾਈਨ ਵਰਕਰ ਦੇ ਜਦੋਂ ਟੀਕਾ ਲਾਇਆ ਗਿਆ ਤਾਂ ਉਸ ਨੂੰ ਤੁਰੰਤ ਦੌਰੇ ਪੈਣ ਲੱਗੇ ਸਨ।