ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ
*ਡਾ. ਗੁਰਦੇਵ ਸਿੰਘ
ਬੈਠਾ ਸੋਢੀ ਪਾਤਸਾਹਿੁ ਰਾਮਦਾਸ ਸਤਿਗੁਰੂ ਕਹਾਵੈ। ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿੱਚ ਜੋਤਿ ਜਗਾਵੈ। (ਭਾਈ ਗੁਰਦਾਸ)
ਸੇਵਾ ਸਿਮਰਨ ਦੀ ਮੂਰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਹੋਏ ਹਨ। ਤੀਜੇ ਪਾਤਸ਼ਾਹ ਨੇ ਆਪ ਜੀ ਦੀ ਉਚੀ ਸੁੱਚੀ ਮਹਾਨ ਧਾਰਮਿਕ ਅਵਸਥਾ ਨੂੰ ਦੇਖ ਕੇ ਗੁਰ ਨਾਨਕ ਦੀ ਗੱਦੀ ਬਖਸ਼ਿਸ਼ ਕੀਤੀ। ਗੁਰਗੱਦੀ ਦੀ ਜ਼ਿੰਮੇਦਾਰੀ ਸੰਭਾਲਦਿਆਂ ਆਪ ਨੇ ਰਾਮਦਾਸ ਸਰੋਵਰ ਸਮੇਤ ਅਨੇਕ ਮਹਾਨ ਕਾਰਜ ਕੀਤੇ।
ਗੁਰੂ ਰਾਮਦਾਸ ਜੀ ਨੇ 24 ਸਤੰਬਰ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਦਇਆ ਦੀ ਕੁਖੋਂ ਪਿਤਾ ਹਰੀਦਾਸ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਆਪ ਦਾ ਬਚਪਨ ਦਾ ਨਾਮ ਜੇਠਾ ਸੀ। ਛੇ ਕੁ ਵਰਿਆਂ ਦੀ ਆਯੂ ਵਿੱਚ ਹੀ ਪਹਿਲਾਂ ਮਾਤਾ ਤੇ ਫਿਰ ਪਿਤਾ ਦੇ ਅਕਾਲ ਚਲਾਣਾ ਕਰ ਗਏ। ਫਿਰ ਆਪ ਆਪਣੀ ਦੇ ਨਾਨੀ ਜੀ ਕੋਲ, ਨਾਨਕੇ ਪਿੰਡ ਬਾਸਰਕੇ ਆ ਗਏ ਜਿਥੇ ਆਪ ਦਾ ਬਚਪਨ ਗੁਜਰਿਆ। 12 ਕੁ ਵਰਿਆਂ ਦੀ ਆਯੂ ਵਿੱਚ ਆਪ ਗੋਇੰਦਵਾਲ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗਏ। ਗੁਰੂ ਦਰਸ਼ਨ ਕਰਦਿਆਂ ਹੀ ਆਪ ਗੁਰੂ ਦੇ ਹੀ ਹੋ ਗਏ। ਬਸ ਫਿਰ ਕੀ ਸੀ ਆਪ ਗੁਰੂ ਦੀ ਸੇਵਾ ਵਿੱਚ ਤਨੋ ਮਨੋ ਅਜਿਹੇ ਜੁੜੇ ਕਿ ਤੀਜੇ ਪਾਤਸ਼ਾਹ ਆਪ ਜੀ ਦੇ ਸੇਵਾ-ਪ੍ਰੇਮ ਦੇ ਬੰਧਨ ਵਿੱਚ ਬੰਨ ਗਏ।
ਸਿੱਖ ਹਵਾਲਿਆਂ ਵਿੱਚ ਗੁਰੂ ਰਾਮਦਾਸ ਜੀ ਦੀ ਸੇਵਾ ਭਾਵਨਾ ਨਾਲ ਸਬੰਧਤ ਅਨੇਕ ਸਾਖੀਆਂ ਪ੍ਰਚਲਿਤ ਹਨ: ਇੱਕ ਵਾਰ ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਇੱਕ ਥੜ੍ਹਾ ਬਣਾਉਣ ਲਈ ਕਿਹਾ। ਦੋਵਾਂ ਨੇ ਹੀ ਥੜ੍ਹਾ ਬਣਾ ਦਿੱਤਾ। ਗੁਰੂ ਜੀ ਨੇ ਕਿਹਾ ਇਸ ਨੂੰ ਢਾਹ ਦੇਵੋ ਅਤੇ ਇਸ ਨੂੰ ਦੁਬਾਰਾ ਬਣਾਵੋ। ਦੁਬਾਰਾ ਥੜਾ ਬਣ ਜਾਣ ‘ਤੇ ਗੁਰੂ ਜੀ ਨੇ ਫਿਰ ਥੜ੍ਹਾ ਢਾਉਣ ਲਈ ਕਹਿ ਦਿੱਤਾ। ਚੌਥੀ ਵਾਰ ਥੜ੍ਹਾ ਬਣਾਉਣ ’ਤੇ ਭਾਈ ਰਾਮਾ ਜੀ ਤਾਂ ਖਿਝ ਗਏ, ਪਰ ਭਾਈ ਜੇਠਾ ਜੀ ਗੁਰੂ ਦਾ ਹੁਕਮ ਮਨ ਕੇ ਥੜ੍ਹਾ ਬਣਾ ਦਿੰਦੇ ਤੇ ਗੁਰੂ ਦੇ ਕਹਿਣ ‘ਤੇ ਢਾਹ ਵੀ ਦਿੰਦੇ। ਸੱਤਵੀਂ ਵਾਰ ਥੜ੍ਹਾ ਬਣਾਉਣ ’ਤੇ ਜਦੋਂ ਗੁਰੂ ਅਮਰਦਾਸ ਜੀ ਨੇ ਫਿਰ ਕਿਹਾ ਕਿ ਚੰਗਾ ਨਹੀਂ ਬਣਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਬੇਨਤੀ ਕੀਤੀ, ਮੈਂ ਭੁੱਲਣਹਾਰ ਹਾਂ, ਤੁਸੀਂ ਕਿਰਪਾਲੂ ਹੋ। ਵਾਰ-ਵਾਰ ਭੁੱਲਾਂ ਬਖ਼ਸ਼ ਦਿੰਦੇ ਹੋ। ਹੁਣ ਤੁਸੀਂ ਆਪ ਹੀ ਕਿਰਪਾ ਕਰੋ। ਗੁਰੂ ਜੀ ਮੁਸਕਰਾਏ ਤੇ ਭਾਈ ਜੇਠਾ ਜੀ ਨੂੰ ਗੱਲਵਕੜੀ ਲਿਆ ਅਤੇ ਦੀਨ ਦੁਨੀਆਂ ਦੀਆ ਪਾਤਸ਼ਾਹੀਆਂ ਬਖਸ਼ ਦਿੱਤੀਆਂ। ਤੀਜੇ ਪਾਤਸ਼ਾਹ ਨੇ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਆਪ ਨੂੰ ਗੁਰਿਆਈ ਸੌਂਪੀ।
ਗੁਰੂ ਰਾਮਦਾਸ ਜੀ ਨੇ ਆਪਣੇ ਗੁਰਿਆਈ ਕਾਲ ਵਿੱਚ ਚੱਕ ਰਾਮਦਾਸ ਪੁਰ ਦੀ ਨੀਂਹ ਰੱਖੀ ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ। ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ ਜਿਥੇ ਇਸ਼ਨਾਨ ਕਰਦਿਆਂ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ।
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 625)
ਅੱਜ ਸੰਸਾਰ ਭਰ ਵਿੱਚ ਸਿੱਖਾਂ ਦਾ ਸਭ ਤੋਂ ਪਾਵਨ ਅਸਥਾਨ ਇਸੇ ਸਰੋਵਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੇ ਰੂਪ ਵਿੱਚ ਸੁਸ਼ੋਭਿਤ ਹੈ। ਗੁਰੂ ਰਾਮਦਾਸ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਨਾਲ ਹੋਇਆ ਤੇ ਆਪ ਜੀ ਦੇ ਗ੍ਰਹਿ ਤਿੰਨ ਸਪੁੱਤਰ ਪ੍ਰਿਥੀਚੰਦ, ਮਹਾਦੇਵ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ। 1581ਈਸਵੀ ਵਿੱਚ ਆਪ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੀ ਗੁਰਗੱਦੀ ਬਖਸ਼ਿਸ਼ ਕੀਤੀ।
ਸਹਿਣਸ਼ੀਲਤਾ, ਨਿਮਰਤਾ ਤੇ ਸੇਵਾ-ਭਾਵਨਾ ਦੀ ਮੂਰਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਗੁਰਿਆਈ ਕਾਲ ਵਿੱਚ ਅਨੇਕ ਮਹਾਨ ਕਾਰਜ ਕੀਤੇ ਅਤੇ ਮਾਨਵਤਾ ਦਾ ਕਲਿਆਣ ਕੀਤਾ। ਸੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਦੇ ਪਾਵਨ ਅਵਸਰ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ।