-ਅਵਤਾਰ ਸਿੰਘ
ਬੰਗਾ (ਨਵਾਂਸ਼ਹਿਰ) : ਪੰਜਾਬ ‘ਚ ਦੋਆਬਾ ਖੇਤਰ ਦੇ ਜ਼ਿਲਾ ਨਵਾਂਸ਼ਹਿਰ ਦਾ ਕਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ ਪਿੰਡ ਪਠਲਾਵਾ ਪੂਰੀ ਤਰ੍ਹਾਂ ਦਹਿਲਿਆ ਗਿਆ ਸੀ। ਇਸ ਕਾਰਨ ਇਹ ਪਿੰਡ ਕਾਫੀ ਸੁਰਖੀਆਂ ਵਿੱਚ ਵੀ ਰਿਹਾ। ਇਸ ਪਿੰਡ ਦੇ ਸਰਪੰਚ ਹਰਪਾਲ ਸਿੰਘ ਬਚਾਅ ਕਾਰਜਾਂ ‘ਚ ਲੱਗੇ ਹੋਏ ਸਨ ਕਿ ਅਗਲੇ ਦਿਨਾਂ ‘ਚ ਉਨ੍ਹਾਂ ਨੂੰ ਵੀ ਇਸ ਬਿਮਾਰੀ ਨੇ ਘੇਰ ਲਿਆ। ਪਰ ਉਨ੍ਹਾਂ ਹਿੰਮਤ ਨਾ ਹਾਰੀ। ਹੁਣ ਉਹ ਕਰੋਨਾ ਨੂੰ ਹਾਰ ਦੇਣ ਅਰਥਾਤ ਤੰਦਰੁਸਤ ਹੋਣ ਤੋਂ ਬਾਅਦ ਪਿੰਡ ਦੀ ਸੇਵਾ ‘ਚ ਮੁੜ ਜੁਟ ਗਏ ਹਨ। ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ‘ਚੋਂ ਘਰ ਪਰਤਣ ਬਾਅਦ ਅੱਜ ਪਹਿਲੇ ਦਿਨ ਹੀ ਆਪਣੇ ਪਿੰਡ ਵਾਸੀਆਂ ਨਾਲ ਮੋਬਾਇਲ ‘ਤੇ ਰਾਬਤਾ ਕਾਇਮ ਕਰੀ ਰੱਖਿਆ।
ਇਲਾਕੇ ਤੇ ਪਿੰਡ ਦੀ ਖੈਰ ਸੁਖ ਮੰਗਣ ਵਾਲੇ ਸਰਪੰਚ ਹਰਪਾਲ ਸਿੰਘ ਨੇ ਆਪਣੇ ਸਹਿਯੋਗੀ ਪੰਚਾਂ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਪਿੰਡ ਵਾਸੀਆਂ ਦੀ ਖ਼ਬਰ ਸਾਰ ਲਈ। ਪਿੰਡ ਪਠਲਾਵਾ ਦੇ ਵਾਸੀ ਹਰਪ੍ਰੀਤ ਸਿੰਘ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਸਰਪੰਚ ਹਰਪਾਲ ਸਿੰਘ ਦਾ ਫ਼ੋਨ ਆਇਆ ਤੇ ਉਨ੍ਹਾਂ ਪਿੰਡ ‘ਚ ਚੱਲਦੇ ਰਾਹਤ ਕਾਰਜਾਂ ਬਾਰੇ ਵਿਚਾਰਾਂ ਕੀਤੀਆਂ। ਇਸੇ ਤਰ੍ਹਾਂ ਪਿੰਡ ਦੀ ਦਾਣਾ ਮੰਡੀ ‘ਚ ਆੜ੍ਹਤੀ ਅਮਰਪ੍ਰੀਤ ਸਿੰਘ ਲਾਲੀ ਨੂੰ ਫ਼ੋਨ ਕਰਕੇ ਸਰਪੰਚ ਨੇ ਮੰਡੀ ਦੇ ਖਰੀਦ ਤੇ ਹੋਰ ਪ੍ਰਬੰਧਾਂ ਦੀ ਜਾਣਕਾਰੀ ਲਈ ਅਤੇ ਕਿਸੇ ਕਿਸਮ ਦੀ ਸਮੱਸਿਆ ਨੂੰ ਉਨ੍ਹਾਂ ਦੇ ਧਿਆਨ ‘ਚ ਲਿਆਉਣ ਲਈ ਕਿਹਾ।
ਸਰਪੰਚ ਹਰਪਾਲ ਸਿੰਘ ਨੇ ਉਨ੍ਹਾਂ ਦਾ ਇਲਾਜ ਕਰਨ ਵਾਲੀ ਮੈਡੀਕਲ ਟੀਮ ‘ਚ ਸ਼ਾਮਲ ਐਸਐਮਓ ਹਰਵਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ। ਸਰਪੰਚ ਨੇ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਿਆਂ ਕਿਹਾ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਇਸ ਤੋਂ ਬਾਅਦ ਪਿੰਡ ਦੇ ਕਿਸਾਨ ਬਿੱਕਰ ਸਿੰਘ ਸਮੇਤ ਕਈ ਕਿਸਾਨਾਂ ਤੇ ਮਜ਼ਦੂਰੀ ਕਰ ਕੇ ਰੋਟੀ ਕਮਾਉਣ ਵਾਲੇ ਗੁਰਮੇਲ ਸਣੇ ਕਈ ਮਜ਼ਦੂਰਾਂ ਨੂੰ ਵੀ ਫੋਨ ਕਰਕੇ ਉਨ੍ਹਾਂ ਦੇ ਕੰਮ ਕਾਜ ਬਾਰੇ ਜਾਣਕਾਰੀ ਹਾਸਲ ਕੀਤੀ।
ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਕਹਿਣ ਸੀ ਕਿ ਉਨ੍ਹਾਂ ਨੂੰ ਆਪਣਾ ਪਿੰਡ ਜਾਨ ਤੋਂ ਵੀ ਪਿਆਰਾ ਹੈ। ਉਨ੍ਹਾਂ ਨੇ ਕਿਹਾ ਕਿ ਘਰ ‘ਚ 14 ਦਿਨ ਦੇ ਕੁਅਰਾਨਟਾਈਨ (ਇਕਾਂਤਵਾਸ) ਤੋਂ ਬਾਅਦ ਪਿੰਡ ਦੇ ਵਿਕਾਸ ਕਾਰਜਾਂ ਨੂੰ ਦੁਗਣੇ ਹੌਂਸਲੇ ਨਾਲ ਜਾਰੀ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ‘ਚ ਪਿੰਡ ਦਾ ਸਾਥ ਦੇਣ ਲਈ ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਚੇਤੇ ਕਰਾਇਆ ਜਾਂਦਾ ਹੈ ਕਿ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੀ ਜਰਮਨੀ ਤੋਂ ਵਾਇਆ ਇਟਲੀ ਪਿੰਡ ਪਰਤਣ ਮਗਰੋਂ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿੰਡ ਦੇ ਹੋਰ ਲੋਕ ਵੀ ਇਸ ਦੀ ਲਪੇਟ ਵਿੱਚ ਆਉਣ ਕਾਰਨ ਕੁਅਰਾਨਟਾਈਨ (ਇਕਾਂਤਵਾਸ) ਕੀਤੇ ਹੋਏ ਸਨ। ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਗਲੇ 15 ਹੋਰ ਪਿੰਡ ਵੀ ਸੀਲ ਕੀਤੇ ਹੋਏ।
ਸੰਪਰਕ : 7888973676