ਇੰਡੋਨੇਸੀਆ ਦੇ ਪੱਛਮੀ ਕੇਂਦਰੀ ਸੁਮਾਤਰਾ ਦੇ ਜੰਗਲਾਂ ‘ਚ ਦੁਨੀਆ ਦਾ ਸਭ ਤੋਂ ਵੱਡਾ ਖਿੜਿਆ ਹੋਇਆ ਫੁੱਲ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਫੁੱਲ ਚਾਰ ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਫੁੱਲ ਦਾ ਨਾਮ ਰੇਫਲਿਸਿਆ ਹੈ ਤੇ ਇਹ ਹੁਣ ਤੱਕ ਦੇ ਰਿਫਲੈਕਸੀਆ ਫੁੱਲਾਂ ‘ਚ ਸਭ ਤੋਂ ਵੱਡਾ ਹੈ। ਆਕਾਰ ਦੇ ਹਿਸਾਬ ਨਾਲ ਇਸ ਫੁੱਲ ਨੇ ਪਿੱਛਲੇ ਦਰਜ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਸਾਲ 2017 ‘ਚ ਵਿਗਿਆਨੀਆਂ ਨੂੰ ਇਸੇ ਜੰਗਲ ‘ਚ 3 ਫੁੱਟ ਚੌੜੇ ਤੇ 12 ਕਿਲੋ ਭਾਰ ਵਾਲਾ ਰੇਫਲਿਸਿਆ ਫੁੱਲ ਮਿਲਿਆ ਸੀ। ਇਹ ਫੁੱਲ ਕੇਸ਼ਰੀ ਆਸਮਾਨੀ ਤੇ ਸਫੇਦ ਰੰਗ ਦਾ ਹੁੰਦਾ ਹੈ। ਇਸ ਫੁੱਲ ਦੇ ਨਰ ਅਤੇ ਮਾਦਾ ਫੁੱਲਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ। ਇਹ ਇੱਕ ਪਰਜੀਵੀ ਪੌਦਾ ਹੈ ਜਿਸ ‘ਚੋਂ ਬਹੁਤ ਬਦਬੂ ਆਉਂਦੀ ਹੈ।
ਇਸ ਫੁੱਲ ਦੀ ਬਣਤਰ ਬਿਲਕੁਲ ਸੂਰਜਮੁੱਖੀ ਦੇ ਫੁੱਲ ਵਾਂਗ ਹੁੰਦੀ ਹੈ। ਇਸ ਫੁੱਲ ਦੀ ਡੂੰਘਾਈ ਬਹੁਤ ਜ਼ਿਆਦਾ ਹੈ ਤੇ ਜਦੋਂ ਕੀੜੇ ਫੁੱਲ ‘ਚ ਮੌਜੂਦ ਗੰਧ ਤੋਂ ਆਕਰਸ਼ਿਤ ਹੋ ਕੇ ਫੁੱਲ ਦੇ ਸੰਪਰਕ ‘ਚ ਆਉਂਦੇ ਹਨ ਤਾਂ ਇਸ ‘ਚ ਡਿੱਗ ਕੇ ਮਰ ਜਾਂਦੇ ਹਨ। ਜਿਸ ਕਾਰਨ ਇੱਥੋਂ ਦੇ ਸਥਾਨਕ ਲੋਕ ਇਸ ਫੁੱਲ ਨੂੰ “ਲਾਸ਼ਾਂ ਦਾ ਫੁੱਲ” ਵੀ ਕਹਿੰਦੇ ਹਨ।
ਇਸ ਫੁੱਲ ਦੇ ਪੌਦੇ ਦੀ ਖਾਸੀਅਤ ਇਹ ਹੈ ਕਿ ਇਸ ਦੀ ਕੋਈ ਜੜ੍ਹ ਤੇ ਕੋਈ ਪੱਤਾ ਨਹੀਂ ਹੁੰਦਾ। ਇਹ ਦੂਜੇ ਪੌਦਿਆਂ ਤੋਂ ਆਪਣੀ ਖੁਰਾਕ ਪ੍ਰਾਪਤ ਕਰਦਾ ਹੈ। ਇਸ ਪੌਦੇ ਦੀ ਉਮਰ ਵੀ ਬਹੁਤਾ ਘੱਟ ਹੁੰਦੀ ਹੈ। ਇਹ ਫੁੱਲ ਅਕਤੂਬਰ ਦੇ ਸ਼ੁਰੂ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਖਿੜਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਇਸ ਪੌਦੇ ਦੀ ਉਮਰ ਮਹਿਜ਼ 65 ਦਿਨ ਹੁੰਦੀ ਹੈ।