ਨਵੀਂ ਦਿੱਲੀ : ਦੇਸ਼ ਅੰਦਰ ਹਰ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ। ਜਿਸ ਦੇ ਚਲਦਿਆਂ ਤਾਜ਼ਾ ਮਾਮਲਾ ਰਾਜਧਾਨੀ ਦਿੱਲੀ ਦੇ ਭਜਨਪੁਰਾ ਖੇਤਰ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਥੇ ਪੁਲਿਸ ਨੇ ਇੱਕ ਘਰ ਵਿੱਚੋਂ 5 ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਨੂੰ ਬੁੱਧਵਾਰ 11.30 ਵਜੇ ਉਕਤ ਘਟਨਾ ਦੀ ਜਾਣਕਾਰੀ ਮਿਲੀ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਘਰ ਦਾ ਮੁੱਖ ਦਰਵਾਜ਼ਾ ਬਾਹਰੋ ਬੰਦ ਸੀ ਤੇ ਘਰ ਵਿਚੋਂ ਬਦਬੂ ਆ ਰਹੀ ਸੀ। ਇਸ ਉਪਰੰਤ ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਘਰ ‘ਚ ਦਾਖਲ ਹੋਈ ਤਾਂ ਪੁਲੀਸ ਨੂੰ ਅੰਦਰੋਂ ਪੰਜ ਲਾਸ਼ਾਂ ਮਿਲੀਆਂ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਕਰੀਬ ਇੱਕ ਹਫਤੇ ਪੁਰਾਣੀਆਂ ਹਨ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਮੁੱਢਲੀ ਜਾਂਚ ‘ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ।
ਦੱਸ ਦਈਏ ਕਿ ਮਰਨ ਵਾਲਿਆਂ ‘ਚ ਪਤੀ-ਪਤਨੀ ਅਤੇ 3 ਬੱਚੇ ਸ਼ਾਮਲ ਹਨ। ਲਾਸ਼ਾਂ ਦੀ ਪਛਾਣ ਸ਼ੰਭੂ (ਪਤੀ), ਸੁਨੀਤਾ (ਪਤਨੀ) ਤੇ ਸ਼ਿਵਮ (17), ਸਚਿਨ (14) ਅਤੇ ਕੋਮਲ (12) ਵਜੋਂ ਹੋਈ ਹੈ। ਪਰਿਵਾਰ ਕੁਝ ਸਮੇਂ ਤੋਂ ਭਜਨਪੁਰਾ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਸਾਲ 2018 ‘ਚ ਦਿੱਲੀ ਦੇ ਬੁੜਾਰੀ ‘ਚ ਇੱਕ ਘਰ ‘ਚੋਂ ਇਕੋ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਜਿਨ੍ਹਾਂ ‘ਚ ਸੱਤ ਔਰਤਾਂ ਤੇ ਚਾਰ ਆਦਮੀ ਸ਼ਾਮਲ ਸਨ।